ਅਜ਼ੀਜ਼ ਖਾਨ ਦੀ ਮੌਤ ਮਗਰੋਂ ਸਾਹਮਣੇ ਆਇਆ ਪਰਿਵਾਰ, ਦੱਸੀ ਹਾਦਸੇ ਦੀ ਵਜ੍ਹਾ, ਖੜ੍ਹੇ ਕੀਤੇ ਵੱਡੇ ਸਵਾਲ
Tuesday, Jan 03, 2023 - 06:12 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੀ ਰਾਤ ਕਾਲਾਝਾੜ ਟੋਲ ਪਲਾਜ਼ਾ ਕ੍ਰਾਸ ਕਰਦੇ ਸਮੇਂ ਡਿਵਾਇਡਰ ਨਾਲ ਟਕਰਾ ਜਾਣ ਕਾਰਨ ਸਕਾਰਪਿਓ ਸਵਾਰ 35 ਸਾਲਾ ਨੌਜਵਾਨ ਅਜ਼ੀਜ਼ ਖਾਨ ਪੁੱਤਰ ਵਜੀਰ ਖਾਨ ਵਾਸੀ ਤਲਵੰਡੀ ਸਾਬੋ ਮੌਤ ਦੇ ਮੂੰਹ 'ਚ ਚਲਾ ਗਿਆ। ਖਾਨ ਦੀ ਬੇਵਕਤੀ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਟੋਲ ਪਲਾਜ਼ਾ 'ਤੇ ਪ੍ਰਬੰਧਾਂ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਮੰਗਲਵਾਰ ਨੂੰ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਅਜ਼ੀਜ਼ ਖਾਨ ਦੇ ਤਾਇਆ ਮਲਕੀਤ ਖਾਨ ਵਾਸੀ ਤਲਵੰਡੀ ਸਾਬੋ ਨੇ ਆਖਿਆ ਕਿ ਟੋਲ 'ਤੇ ਲਾਇਟਾਂ ਨਾ ਚੱਲਣ ਸਮੇਤ ਹੋਰ ਮਾੜੇ ਪ੍ਰਬੰਧਾਂ ਅਤੇ ਊਣਤਾਈਆਂ ਕਾਰਨ ਉਨ੍ਹਾਂ ਦਾ ਨੌਜਵਾਨ ਪੁੱਤ ਅੱਜ ਉਨ੍ਹਾਂ ਵਿੱਚ ਨਹੀਂ ਰਿਹਾ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਲਿਖੇ ਮਿਲੇ ਖਾਲਿਸਤਾਨੀ ਪੱਖੀ ਤੇ ਦੇਸ਼ ਵਿਰੋਧੀ ਨਾਅਰੇ, ਗੁਰਪਤਵੰਤ ਪੰਨੂੰ ਨੇ ਲਈ ਜ਼ਿੰਮੇਵਾਰੀ
ਮਲਕੀਤ ਖਾਨ ਨੇ ਭਰੇ ਮਨ ਨਾਲ ਕਿਹਾ ਕਿ ਉਸ ਦਾ ਭਤੀਜਾ ਅਜ਼ੀਜ਼ ਖਾਨ ਤਲਵੰਡੀ ਸਾਬੋ ਇਲਾਕੇ ਸਮੇਤ ਪੰਜਾਬ ਦਾ ਨਾਮੀ ਬੰਦਾ ਸੀ ਤੇ ਕੱਲ੍ਹ ਉਹ ਆਪਣੇ ਕਿਸੇ ਘਰੇਲੂ ਕੰਮਕਾਜ ਦੇ ਸਬੰਧ ਵਿੱਚ ਚੰਡੀਗੜ੍ਹ ਗਿਆ ਸੀ ਤਾਂ ਰਾਹ ਵਿੱਚ ਕਾਲਾਝਾੜ ਟੋਲ ਪਲਾਜ਼ਾ ਨੇੜੇ ਹਾਈਵੇ 'ਤੇ ਲਾਈਟਾਂ ਨਾ ਚੱਲਣ ਕਾਰਨ, ਡਿਵਾਇਡਰ 'ਤੇ ਕਿਸੇ ਕਿਸਮ ਦੀ ਕੋਈ ਚਮਕਦਾਰ ਪੱਟੀ ਜਾਂ ਬਲਿੰਕ ਲਾਇਟਾਂ ਨਾ ਹੋਣ ਕਾਰਨ ਅਜੀਜ਼ ਖਾਨ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਹ ਵੀ ਪੜ੍ਹੋ- ਸਾਬਕਾ ਮੰਤਰੀ ਬਲਬੀਰ ਸਿੱਧੂ ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਨੇ ਕੱਸਿਆ ਸ਼ਿਕੰਜਾ
ਮਲਕੀਤ ਖਾਨ ਨੇ ਕਿਹਾ ਕਿ ਪ੍ਰਬੰਧਕਾਂ ਦੀ ਛੋਟੀ ਜਿਹੀ ਲਾਪਰਵਾਹੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਉਮਰ ਭਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੇ ਦਿੱਤਾ। ਇਸ ਤੋਂ ਇਲਾਵਾ ਸਥਾਨਕ ਇਲਾਕੇ ਦੇ ਸਵਰਨਜੀਤ ਸਿੰਘ ਵਾਸੀ ਕਾਲਾਝਾੜ ਨੇ ਕਿਹਾ ਕਿ ਟੋਲ ਪ੍ਰਬੰਧਕਾਂ ਦੀ ਨਲਾਇਕੀ ਕਾਰਨ ਇੱਥੇ ਹਾਈਵੇ 'ਤੇ ਪਿਛਲੇ ਕਰੀਬ 2 ਸਾਲ ਤੋਂ ਲਾਇਟਾਂ ਬੰਦ ਪਈਆਂ ਹਨ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੋਈ ਸੁਣਵਾਈ ਕਰਨ ਦੀ ਬਜਾਏ ਟੋਲ ਪ੍ਰਬੰਧਕ ਲੋਕਾਂ ਨਾਲ ਧੱਕੇਸ਼ਾਹੀ ਕਰਨ 'ਤੇ ਉਤਰ ਆਉਂਦੇ ਹਨ। ਓਧਰ ਕਾਲਾਝਾੜ ਟੋਲ ਦੇ ਪ੍ਰਬੰਧਕ ਇਸ ਸਭ ਦਾ ਜਵਾਬ ਦੇਣ ਤੋਂ ਪੂਰਾ ਦਿਨ ਮੀਡੀਆ ਤੋਂ ਬਚਦੇ ਰਹੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।