ਸਕੇ ਭਰਾਵਾਂ ਦੇ ਕਤਲ ਮਾਮਲੇ 'ਚ ਪੁਲਸ ਵੱਲੋਂ ਕੋਈ ਮੁਲਜ਼ਮ ਨਾ ਗ੍ਰਿਫਤਾਰ ਕਰਨ 'ਤੇ ਪਰਿਵਾਰ 'ਚ ਰੋਸ
Thursday, Jun 04, 2020 - 10:24 PM (IST)
ਤਰਨ ਤਾਰਨ,(ਰਮਨ)- ਤਿੰਨ ਦਿਨ ਪਹਿਲਾਂ ਹੋਏ ਦੋ ਸਕੇ ਭਰਾਵਾਂ ਦੇ ਕਤਲ ਤੋਂ ਬਾਅਦ ਪੁਲਸ ਵੱਲੋ ਇਕ ਵੀ ਮੁੱਲਜਮ ਨੂੰ ਗ੍ਰਿਫਤਾਰ ਨਾ ਕਰਨ 'ਤੇ ਪੀੜਤ ਪਰਿਵਾਰ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਨ੍ਹਾਂ ਮੁੱਖ ਮੰਤਰੀ ਪੰਜਾਬ ਤੇ ਡੀ.ਜੀ.ਪੀ ਪੰਜਾਬ ਪਾਸੋ ਮੁੱਲਜਮਾਂ ਦੀ ਤੁਰੰਤ ਗ੍ਰਿਫਤਾਰੀ ਕਰਨ ਸਬੰਧੀ ਮੰਗ ਰਖੀ ਹੈ।
ਜਾਣਕਾਰੀ ਅਨੁਸਾਰ ਪਿੰਡ ਕੋਟ ਧਰਮ ਚੰਦ ਕਲ਼ਾਂ ਵਿਖੇ ਬੀਤੇ ਮੰਗਲਵਾਰ ਭਰਾ ਵੱਲੋ ਆਪਣੇ ਸਕੇ ਵੱਡੇ ਭਰਾਵਾਂ ਦਿਲਬਾਗ ਸਿੰਘ ਅਤੇ ਲਾਲ ਸਿੰਘ ਪੁਤਰਾਨ ਬਹਾਲ ਸਿੰਘ ਦਾ ਜਮੀਨੀ ਵਿਵਾਦ ਦੇ ਚਲਦਿਆਂ ਗੋਲੀਆਂ ਨਾਲ ਕਤਲ ਕਰ ਦਿੱਤਾ ਸੀ। ਜਿਸ ਤਹਿਤ ਥਾਣਾ ਝਬਾਲ ਦੀ ਪੁਲਸ ਵੱਲੋਂ ਗੁਰਪ੍ਰੀਤ ਸਿੰਘ ਦੇ ਬਿਆਨਾਂ ਹੇਠ ਮ੍ਰਿਤਕਾਂ ਦੇ ਭਰਾ ਮਨਜਿੰਦਰ ਸਿੰਘ ਭਰਜਾਈ ਗੁਰਜੀਤ ਕੌਰ, ਚਾਚਾ ਗੁਰਦਿਆਲ ਸਿੰਘ, ਚਚੇਰੇ ਭਰਾ ਗੱਜਣ ਸਿੰਘ ਤੋਂ ਇਲਾਵਾ 3 ਅਣਪਛਾਤਿਆਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੀਆਂ ਪਤਨੀਆਂ ਬਲਜੀਤ ਕੌਰ ਅਤੇ ਹਰਜੀਤ ਕੌਰ ਤੋਂ ਇਲਾਵਾ ਬੇਟੇ ਗੁਰਪ੍ਰੀਤ ਸਿੰਘ ਨੇ ਪੁਲਸ ਖਿਲਾਫ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਅੱਜ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਇਕ ਵੀ ਮੁੱਲਜਮ ਨੂੰ ਗ੍ਰਿਫਤਾਰ ਨਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਲਜਮ ਮਨਜਿੰਦਰ ਸਿੰਘ ਨੇ ਆਪਣੀ ਪਤਨੀ ਗੁਰਜੀਤ ਕੌਰ, ਚਾਚਾ ਗੁਰਦਿਆਲ ਸਿੰਘ, ਗੱਜਣ ਸਿੰਘ ਅਤੇ 3 ਅਣਪਛਾਤਿਆਂ ਦਾ ਸਾਥ ਲੈਂਦੇ ਹੋਏ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਮੁੱਲਜਮ ਬੇਖੌਫ ਹੋ ਸਿਆਸੀ ਸ਼ਹਿ ਤੇ ਘੁੰਮ ਰਹੇ ਹਨ ਜਿਸ ਤੋਂ ਉਨ੍ਹਾਂ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਪੁਲਸ ਇਨ੍ਹਾਂ ਸ਼ਰੇਆਮ ਘੁੰਮ ਰਹੇ ਮੁੱਲਜਮਾਂ ਨੂੰ ਗ੍ਰਿਫਤਾਰ ਨਹੀ ਕਰ ਰਹੀ ਹੈ। ਪੀੜਤ ਪਰਿਵਾਰ ਨੇ ਇਸ ਸਬੰਧੀ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਹੈ।
ਉਧਰ ਇਸ ਸਬੰਧੀ ਡੀ.ਐਸ.ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਪਾਰਟੀ ਮੁੱਲਜਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀਆਂ ਹਨ ਜਿਸ ਤਹਿਤ ਮੁੱਲਜਮ ਜਲਦ ਪੁਲਸ ਗ੍ਰਿਫਤ 'ਚ ਹੋਣਗੇ। ਉਨ੍ਹਾਂ ਕਿਹਾ ਕਿ ਪੁਲਸ ਆਪਣਾ ਕੰਮ ਪੂਰੀ ਤੇਜੀ ਨਾਲ ਕਰ ਰਹੀ ਹੈ।