‘ਸਾਕਾ ਸ੍ਰੀ ਪੰਜਾ ਸਾਹਿਬ ਦੇ 100 ਸਾਲਾ ਮੌਕੇ ਆਗੂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ’

Saturday, Apr 16, 2022 - 11:24 PM (IST)

‘ਸਾਕਾ ਸ੍ਰੀ ਪੰਜਾ ਸਾਹਿਬ ਦੇ 100 ਸਾਲਾ ਮੌਕੇ ਆਗੂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ’

ਅੰਮ੍ਰਿਤਸਰ (ਬਿਊਰੋ) : 30 ਅਕਤੂਬਰ 1922 ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਵਾਪਰੇ ਸ਼ਹੀਦੀ ਸਾਕੇ ਦੇ 100 ਸਾਲਾ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਾਕੇ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਸਬੰਧੀ ਖੋਜ ਕਾਰਜ ਕਰਵਾ ਕੇ ਸੰਗ੍ਰਹਿ ਤਿਆਰ ਕਰਨ ਦੇ ਨਾਲ-ਨਾਲ ਇਸ ਸ਼ਤਾਬਦੀ ਦੇ ਸਮਾਗਮਾਂ ਦੌਰਾਨ ਸਾਕੇ ਦੇ ਆਗੂ ਸ਼ਹੀਦ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਇਥੇ ਹੋਈ ਇਕੱਤਰਤਾ ਦੌਰਾਨ ਲਿਆ ਗਿਆ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ 30 ਅਕਤੂਬਰ 2022 ਨੂੰ ਮਨਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਖੇ ਸਮਾਗਮ ਕੀਤੇ ਜਾਣੇ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਸ਼ਰਧਾਲੂਆਂ ਦਾ ਇਕ ਵੱਡਾ ਜਥਾ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਵੇ, ਜਿਸ ਲਈ ਸਰਕਾਰਾਂ ਨਾਲ ਲਿਖਾ ਪੜ੍ਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਕਾ ਸ੍ਰੀ ਪੰਜਾ ਸਾਹਿਬ ਤੋਂ ਪਹਿਲਾਂ ਗੁਰੂ ਕੇ ਬਾਗ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਵੀ 8 ਅਗਸਤ 2022 ਨੂੰ ਮਨਾਈ ਜਾਵੇਗੀ, ਜਿਸ ਸਬੰਧੀ ਅੰਮ੍ਰਿਤਸਰ ਨੇੜਲੇ ਗੁਰਦੁਆਰਾ ਗੁਰੂ ਕੇ ਬਾਗ ਘੁੱਕੇਵਾਲੀ ਵਿਖੇ ਸਮਾਗਮ ਹੋਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਸ ਸਾਲ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਅਜ਼ਾਦੀ ਦੇ ਘੋਲ ਵਿਚ ਸਿੱਖਾਂ ਦੇ ਯੋਗਦਾਨ ਨੂੰ ਹਰ ਪੱਖ ਤੋਂ ਖੋਜ ਕੇ ਪ੍ਰਮਾਣਿਕ ਰੂਪ ਵਿਚ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਨੂੰ ਪ੍ਰਬਲ ਰੂਪ ਵਿਚ ਸਾਹਮਣੇ ਨਹੀਂ ਲਿਆਂਦਾ ਜਾਂਦਾ। ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਦੇਸ਼ ਦੀ ਆਜ਼ਾਦੀ ਵਿਚ ਸਿੱਖਾਂ ਦੀ ਭੂਮਿਕਾ ਨੂੰ ਮੁਕੰਮਲ ਰੂਪ ਵਿਚ ਸਾਹਮਣੇ ਲਿਆਂਦਾ ਜਾਵੇ, ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਆਪਣੇ ਸ਼ਹੀਦਾਂ ’ਤੇ ਮਾਣ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਵਰਤਮਾਨ ਸਮੇਂ ਤੱਕ ਦੇ ਸਿੱਖ ਇਤਿਹਾਸ ਦੇ ਵਰਕੇ ਸਾਹਮਣੇ ਲਿਆਉਣੇ ਵੀ ਬੇਹੱਦ ਜ਼ਰੂਰੀ ਹਨ, ਜਿਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਕਾਰਜ ਕਰੇਗੀ। 

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅੰਡੇਮਾਨ ਦੀ ਸੈਲੂਲਰ ਜੇਲ੍ਹ, ਜਿਸ ਨੂੰ ਕਾਲੇਪਾਣੀ ਦੀ ਜ਼ੇਲ੍ਹ ਕਿਹਾ ਜਾਂਦਾ ਹੈ, ਵਿਚ ਤਸੀਹੇ ਭੁਗਤਣ ਵਾਲੇ ਸਿੱਖਾਂ ਦਾ ਸੰਗ੍ਰਹਿ ਵੀ ਜਲਦ ਹੀ ਸੰਗਤ ਦੇ ਹੱਥਾਂ ਵਿਚ ਭੇਜਿਆ ਜਾਵੇਗਾ। ਇਸ ਸਬੰਧ ’ਚ ਲਗਭਗ ਕਾਰਜ ਮੁਕੰਮਲ ਹੋ ਚੁੱਕਾ ਹੈ, ਜਿਸ ਨੂੰ ਸਿੱਖ ਇਤਿਹਾਸ ਰਿਸਰਚ ਬੋਰਡ ਨੇ ਪ੍ਰਵਾਨਗੀ ਦੇ ਦਿੱਤੀ ਹੈ ਪਰ ਇਸ ਨੂੰ ਮਾਹਿਰਾਂ ਪਾਸੋਂ ਇਕ ਵਾਰ ਹੋਰ ਘੋਖਣ ਮਗਰੋਂ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਇਸ ਮੌਕੇ ਡਾ. ਬਲਵੰਤ ਸਿੰਘ ਢਿੱਲੋਂ, ਡਾ. ਪ੍ਰਭਜੋਤ ਕੌਰ, ਸ. ਹਰਵਿੰਦਰ ਸਿੰਘ ਖ਼ਾਲਸਾ, ਅੰਤ੍ਰਿੰਗ ਕਮੇਟੀ ਮੈਂਬਰ ਸ. ਜੋਧ ਸਿੰਘ ਸਮਰਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਬਾਵਾ ਸਿੰਘ ਗੁਮਾਨਪੁਰਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਡਾ. ਜੋਗੇਸ਼ਵਰ ਸਿੰਘ, ਸ. ਬਗੀਚਾ ਸਿੰਘ, ਡਾ. ਰਾਜਵਿੰਦਰ ਸਿੰਘ ਜੋਗਾ, ਸ. ਅਰਮਨਜੀਤ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਸ. ਹਰਭਜਨ ਸਿੰਘ ਵਕਤਾ ਆਦਿ ਮੌਜੂਦ ਸਨ।

400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸੰਪੂਰਨਤਾ ਸਮਾਗਮ ਹੋਣਗੇ ਯਾਦਗਾਰੀ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸੰਪੂਰਨਤਾ ਸਮਾਗਮ ਖ਼ਾਲਸਈ ਜਾਹੋ ਜਲਾਲ ਨਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਵੱਖ-ਵੱਖ ਸਬ-ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ ਅਤੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 21 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁੱਖ ਸਮਾਗਮ ਕੀਤਾ ਜਾਵੇਗਾ, ਜਿਸ ਵਿਚ ਸਿੰਘ ਸਾਹਿਬਾਨ ਅਤੇ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਮੂਲੀਅਤ ਕਰਨਗੀਆਂ। ਇਸ ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਵਿਦਵਾਨ ਕਥਾਵਾਚਕ ਸੰਗਤ ਨਾਲ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਕੇ ਮਹਿਲ ਵਿਖੇ ਕੀਰਤਨ ਦਰਬਾਰ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਨ੍ਹਾਂ ਇਤਿਹਾਸਕ ਸਮਾਗਮਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।
 


author

Manoj

Content Editor

Related News