ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਆਕਸੀਜਨ ਲਈ ਨਹੀਂ ਪਵੇਗਾ ਭਟਕਣਾ

Friday, Apr 23, 2021 - 05:29 PM (IST)

ਲੁਧਿਆਣਾ (ਰਿਸ਼ੀ) : ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਆਕਸੀਜਨ ਨਾ ਮਿਲਣ ’ਤੇ ਇਧਰ- ਉਧਰ ਭਟਕਣਾ ਨਹੀਂ ਪਵੇਗਾ, ਸਗੋਂ ਪੁਲਸ ਮਹਿਕਮੇ ਵੱਲੋਂ ਲਾਂਚ ਕੀਤੇ ਆਕਸੀਜਨ ਹੈਲਪਲਾਈਨ ਨੰਬਰ 78370-18500 ਅਤੇ 0161-2421091 ’ਤੇ ਫੋਨ ਕਰਦੇ ਹੀ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ। ਹੈਲਪਲਾਈਨ ਨੰਬਰ 24 ਘੰਟੇ ਚੱਲਣਗੇ। ਉਪਰੋਕਤ ਜਾਣਕਾਰੀ ਡੀ. ਸੀ. ਵਰਿੰਦਰ ਕੁਮਾਰ ਅਤੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਆਕਸੀਜਨ ਕੰਟਰੋਲ ਰੂਮ ਬਣਾਇਆ ਗਿਆ ਹੈ। ਪੀ. ਸੀ. ਐੱਸ. ਅਮਿਤ ਬੰਬੀ ਅਤੇ ਜੁਆਇੰਟ ਸੀ. ਪੀ. ਜੇ. ਐਲਨਚੇਲੀਅਨ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਸ਼ਹਿਰ ਦੇ ਸਾਰੇ ਪ੍ਰਮੁੱਖ ਹਸਪਤਾਲਾਂ ਨਾਲ ਆਕਸੀਜਨ ਦੀ ਉਪਲੱਬਧਤਾ ਅਤੇ ਸਪਲਾਈ ਕਰਨ ਸਬੰਧੀ ਬੈਠਕ ਵੀ ਕੀਤੀ ਜਾ ਚੁੱਕੀ ਹੈ ਅਤੇ ਸ਼ਹਿਰ ਵਿਚ ਆਕਸੀਜਨ ਦੀ ਕੋਈ ਮੁਸ਼ਕਲ ਨਹੀਂ ਹੈ। ਜੇਕਰ ਕਿਸੇ ਵੀ ਕੋਵਿਡ-19 ਦੇ ਮਰੀਜ਼ ਨੂੰ ਆਕਸੀਜਨ ਨਹੀਂ ਮਿਲਦੀ ਤਾਂ ਤੁਰੰਤ ਉਕਤ ਨੰਬਰ ’ਤੇ ਫੋਨ ਕਰਨ। ਉਨ੍ਹਾਂ ਦੱਸਿਆ ਕਿ ਆਕਸੀਜਨ ਸਪਲਾਈ ਕਰਨ ਵਾਲਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇੰਡਸਟਰੀ ਦੇ ਮੁਕਾਬਲੇ ਲੋਕਾਂ ਨੂੰ ਆਕਸੀਜਨ ਪਹੁੰਚਾਉਣ ਵੱਲ ਧਿਆਨ ਦਿੱਤਾ ਜਾਵੇ। ਨਾਲ ਹੀ ਐਮਰਜੈਂਸੀ ਵਿਚ ਆਕਸੀਜਨ ਲੈ ਕੇ ਜਾਣ ਵਾਲੇ ਵਾਹਨ ਅੱਗੇ ਪੁਲਸ ਵੱਲੋਂ ਆਪਣੀ ਗੱਡੀ ਲਗਾ ਕੇ ਰਸਤਾ ਸਾਫ ਕਰਵਾਇਆ ਜਾਵੇਗਾ ਤਾਂ ਕਿ ਰਸਤੇ ਵਿਚ ਦੇਰ ਨਾ ਹੋਵੇ।

ਇਹ ਵੀ ਪੜ੍ਹੋ :  ਡੀ. ਸੀ. ਦੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਭਾਵੁਕ ਅਪੀਲ, ਹਰ ਜਾਨ ਕੀਮਤੀ, ਦੁੱਗਣੀ ਕਰੋ ਬੈੱਡਾਂ ਦੀ ਗਿਣਤੀ

ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ ਪ੍ਰਮੁੱਖ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਹ ਲੋਕ ਹਿੱਤ ਲਈ ਆਪਣੇ ਹਸਪਤਾਲਾਂ ’ਚ ਬੈੱਡਾਂ ਦੀ ਗਿਣਤੀ ਦੁੱਗਣੀ ਕਰਨ ਤਾਂ ਕਿ ਕੋਈ ਵੀ ਮਰੀਜ਼ ਕੁਆਲਿਟੀ ਇਲਾਜ ਤੋਂ ਵਾਂਝਾ ਨਾ ਰਹੇ। ਡੀ. ਸੀ. ਵੀਡੀਓ ਕਾਨਫਰੰਸਿੰਗ ਜ਼ਰੀਏ ਪ੍ਰਮੁੱਖ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਜਾਨ ਕੀਮਤੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਇਸ ਲਈ ਲਾਜ਼ਮੀ ਹੈ ਕਿ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਹਸਪਤਾਲਾਂ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਆਕਸੀਜਨ ਦੀ ਸਪਲਾਈ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਲਈ ਸਮੁੱਚੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਹੈਲਪ ਨੰਬਰ ਵੀ ਜਾਰੀ ਕਰ ਦਿੱਤੇ ਗਏ ਹਨ। 

ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, 16 ਸਾਲਾ ਮੁੰਡੇ ਨੇ ਪ੍ਰੇਮਿਕਾ ਦੇ ਪਰਿਵਾਰ ਤੋਂ ਤੰਗ ਆ ਕੇ ਨਿਗਲਿਆ ਜ਼ਹਿਰ

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News