ਜ਼ਿਲ੍ਹੇ ਦੇ 25 ਹਜ਼ਾਰ ਦੇ ਕਰੀਬ ਗ਼ਰੀਬ ਪਰਿਵਾਰ ਦੋ ਵਕਤ ਦੀ ਰੋਟੀ ਲਈ ਮੁਹਤਾਜ : ਨੱਕਈ
Wednesday, Jun 17, 2020 - 10:22 AM (IST)
ਮਾਨਸਾ, (ਸੰਦੀਪ ਮਿੱਤਲ)- ਕੋਰੋਨਾ ਲਾਗ ਦੀ ਬਿਮਾਰੀ ਦੌਰਾਨ ਪੰਜਾਬ ਸਰਕਾਰ ਨੇ ਗ਼ਰੀਬ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਤੇ ਦੋ ਡੰਗ ਦਾ ਰਾਸ਼ਨ ਵੰਡਦੇ ਸਿਰਫ਼ ਅੱਖਾਂ ਹੀ ਪੂੰਝੀਆਂ ਹਨ, ਇਸ ਦੇ ਉਲਟ ਜ਼ਿਲ੍ਹਾ ਮਾਨਸਾ ’ਚ ਹੀ 25 ਹਜ਼ਾਰ ਦੇ ਕਰੀਬ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ, ਜਿਸ ਨਾਲ ਹਜ਼ਾਰਾਂ ਪਰਿਵਾਰ ਰਾਸ਼ਨ ਕਾਰਡ ’ਤੇ ਮਿਲਣ ਵਾਲੇ ਰਾਸ਼ਨ ਤੋਂ ਵਾਂਝੇ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨੱਕਈ ਨੇ ਕਿਹਾ ਕਿ ਕੋਰੋਨਾ ਲਾਗ ਦੀ ਬਿਮਾਰੀ ਨੇ ਗ਼ਰੀਬ ਵਿਅਕਤੀ ਨੂੰ ਦੋ ਵੇਲਿਆਂ ਦੀ ਰੋਟੀ ਤੋਂ ਹੀ ਵਾਂਝਾ ਬਣਾ ਦਿੱਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਅਕਾਲੀ-ਭਾਜਪਾ ਸਰਕਾਰ ਵੇਲੇ ਗ਼ਰੀਬ ਪਰਿਵਾਰਾਂ ਦੇ ਬਣਾਏ ਰਾਸ਼ਨ ਕਾਰਡਾਂ ਨੂੰ ਕੈਪਟਨ ਸਰਕਾਰ ਨੇ ਬਿਨਾਂ ਕਿਸੇ ਪੜਤਾਲ ਦੇ ਕੱਟ ਦਿੱਤਾ ਤੇ ਉਨ੍ਹਾਂ ਦੀ ਮੁੜ ਬਹਾਲੀ ਤੱਕ ਨਹੀਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਗ਼ਰੀਬ ਲੋਕ ਅੱਜ ਆਪਣੇ ਰਾਸ਼ਨ ਕਾਰਡ ਬਹਾਲ ਕਰਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਕੋਈ ਰਾਜਾ ਬਾਬੂ ਉਨ੍ਹਾਂ ਨੂੰ ਪੁੱਛਣ ਵਾਲਾ ਨਹੀਂ ਹੈ। ਨੱਕਈ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ’ਚ ਜਿੰਨ੍ਹਾਂ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਰਾਸ਼ਨ ਵੀ ਇਸ ਕਰ ਕੇ ਨਹੀਂ ਮਿਲ ਸਕਿਆ ਕਿ ਉਹ ਸਰਕਾਰ ਦੀ ਰਾਸ਼ਨ ਕਾਰਡ ਸੂਚੀ ’ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਕੋਝਾ ਮਜ਼ਾਕ ਹੋਰ ਕੀ ਹੋ ਸਕਦਾ ਹੈ ਕਿ ਸਰਕਾਰ ਨੇ ਗ਼ਰੀਬ ਲੋਕਾਂ ਨੂੰ ਇਸ ਆਫ਼ਤ ਦੀ ਘੜੀ ’ਚ ਉਨ੍ਹਾਂ ਦੀ ਮਾਲੀ ਮਦਦ ਤਾਂ ਕੀ ਕਰਨੀ ਸੀ, ਬਲਕਿ ਅਕਾਲੀ ਭਾਜਪਾ ਸਰਕਾਰ ਵੇਲੇ ਉਨ੍ਹਾਂ ਨੂੰ ਦਿੱਤੀ ਸਸਤੀ ਤੇ ਮੁਫ਼ਤ ਰਾਸ਼ਨ ਕਾਰਡ ਦੀ ਸਹੂਲਤ ਵੀ ਖੋਹ ਲਈ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਗ਼ਰੀਬ ਲੋਕਾਂ ਨੂੰ ਜੋ ਰਾਸ਼ਨ ਦੀ ਕਿੱਟ ਦਿੱਤੀ ਹੈ, ਉਹ ਨਾ ਮਾਤਰ ਤੇ ਸਿਰਫ 400 ਰੁਪਏ ਦੇ ਕਰੀਬ ਹੈ, ਜਦੋਂ ਕਿ ਗ਼ਰੀਬ ਪਰਿਵਾਰਾਂ ਨੂੰ ਹਜ਼ਾਰਾਂ ਰੁਪਏ ਦਾ ਰਾਸ਼ਨ ਦਿੱਤਾ ਜਾਣਾ ਚਾਹੀਦਾ ਸੀ,ਜੋ ਕਾਰਡ ਕੱਟੇ ਜਾਣ ਕਾਰਨ ਨਹੀਂ ਮਿਲ ਸਕਿਆ। ਇਸ ਮੌਕੇ ਸ਼ਹਿਰੀ ਮਾਨਸਾ ਅਕਾਲੀ ਦਲ ਦੇ ਪ੍ਰਧਾਨ ਤਰਸੇਮ ਮਿੱਢਾ, ਸੁਰਿੰਦਰ ਪਿੰਟਾ, ਕੌਂਸਲਰ ਜੁਗਰਾਜ ਰਾਜੂ ਦਰਾਕਾ, ਗੋਲਡੀ ਗਾਂਧੀ ਆਦਿ ਮੌਜੂਦ ਸਨ।