ਫਰਜ਼ੀ ਲਾਇਸੈਂਸ ਬਣਾ ਕੇ ਲੋਕਾਂ ਨੂੰ ਚੂਨਾ ਲਾਉਣ ਵਾਲੇ 2 ਕਾਬੂ

Friday, Apr 06, 2018 - 03:32 AM (IST)

ਫਰਜ਼ੀ ਲਾਇਸੈਂਸ ਬਣਾ ਕੇ ਲੋਕਾਂ ਨੂੰ ਚੂਨਾ ਲਾਉਣ ਵਾਲੇ 2 ਕਾਬੂ

ਅੰਮ੍ਰਿਤਸਰ,   (ਅਰੁਣ)-  ਫਰਜ਼ੀ ਲਾਇਸੈਂਸ, ਇੰਸ਼ੋਰੈਂਸ ਤਿਆਰ ਕਰ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ 'ਚੋਂ ਜਾਅਲਸਾਜ਼ੀ ਨਾਲ ਜੁੜੀ ਸਮੱਗਰੀ ਤੋਂ ਇਲਾਵਾ ਪੁਲਸ ਨੇ ਕੁਝ ਜਾਅਲੀ ਲਾਇਸੈਂਸ ਵੀ ਕਬਜ਼ੇ ਵਿਚ ਲਏ ਹਨ।
ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਏ. ਡੀ. ਸੀ. ਪੀ.-1 ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਜਾਅਲਸਾਜ਼ ਗਿਰੋਹ ਦੇ ਕੁਝ ਮੈਂਬਰ ਜੋ ਫਰਜ਼ੀ ਲਾਇਸੈਂਸ ਤਿਆਰ ਕਰਨ ਤੋਂ ਇਲਾਵਾ ਜਾਅਲੀ ਬੀਮੇ ਦੇ ਦਸਤਾਵੇਜ਼ਾਂ ਨਾਲ 2 ਭਾਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਥਾਣਾ ਬੀ-ਡਵੀਜ਼ਨ ਮੁਖੀ ਇੰਸਪੈਕਟਰ ਪ੍ਰਵੇਸ਼ ਚੋਪੜਾ ਦੀ ਅਗਵਾਈ ਵਾਲੀ ਟੀਮ ਨੇ ਛਾਪੇਮਾਰੀ ਕਰਦਿਆਂ ਉਕਤ ਗਿਰੋਹ ਦੇ ਮੈਂਬਰਾਂ ਸਰਬਜੀਤ ਸਿੰਘ ਰਿੰਕੂ ਪੁੱਤਰ ਜਗੀਰ ਸਿੰਘ ਵਾਸੀ ਮੋਹਨ ਨਗਰ ਸੁਲਤਾਨਵਿੰਡ ਰੋਡ ਤੇ ਮਨਜਿੰਦਰ ਸਿੰਘ ਮਿੱਕੀ ਪੁੱਤਰ ਮਹਿੰਦਰ ਸਿੰਘ ਵਾਸੀ ਰਾਮ ਨਗਰ ਸੁਲਤਾਨਵਿੰਡ ਰੋਡ ਨੂੰ ਗ੍ਰਿਫਤਾਰ ਕਰਦਿਆਂ ਉਨ੍ਹਾਂ ਦੇ ਕਬਜ਼ੇ 'ਚੋਂ ਪ੍ਰਿੰਟਰ, ਸਕੈਨਰ, 1 ਮਾਨੀਟਰ, 2 ਸੀ. ਪੀ. ਯੂ. ਅਤੇ ਵੱਖ-ਵੱਖ ਨਾਂ, ਪਤਿਆਂ 'ਤੇ ਤਿਆਰ ਕੀਤੇ ਗਏ 10 ਜਾਅਲੀ ਡਰਾਈਵਿੰਗ ਲਾਇਸੈਂਸ ਕਬਜ਼ੇ ਵਿਚ ਲੈ ਕੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਏ. ਡੀ. ਸੀ. ਪੀ. ਵਾਲੀਆ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।


Related News