ਨਵ-ਨਿਰਮਾਣ ਮੰਦਰ ਦਾ ਡਿੱਗਾ ਲੈਂਟਰ, ਅੱਧੀ ਦਰਜਨ ਦੇ ਕਰੀਬ ਮਜ਼ਦੂਰ ਜ਼ਖਮੀ

Sunday, Jan 29, 2023 - 07:47 PM (IST)

ਨਵ-ਨਿਰਮਾਣ ਮੰਦਰ ਦਾ ਡਿੱਗਾ ਲੈਂਟਰ, ਅੱਧੀ ਦਰਜਨ ਦੇ ਕਰੀਬ ਮਜ਼ਦੂਰ ਜ਼ਖਮੀ

ਬਠਿੰਡਾ (ਵਿਜੇ) : ਸ਼ਹਿਰ ਦੀ ਲਾਲ ਸਿੰਘ ਬਸਤੀ ਸਥਿਤ ਸ਼੍ਰੀ ਪੰਚਮੁਖੀ ਬਾਲਾ ਜੀ ਮੰਦਰ ਨੇੜੇ ਐਤਵਾਰ ਦੇਰ ਸ਼ਾਮ ਨਵ-ਨਿਰਮਾਣ ਮੰਦਰ ਸ਼੍ਰੀ ਸਾਲਾਸਰ ਬਾਲਾ ਜੀ ਦਾ ਲੈਂਟਰ ਡਿੱਗ ਗਿਆ, ਜਿਸ ਕਾਰਨ ਮੰਦਰ ਦੇ ਅੰਦਰ ਕੰਮ ਕਰ ਰਹੇ ਅੱਧੀ ਦਰਜਨ ਦੇ ਕਰੀਬ ਪ੍ਰਵਾਸੀ ਮਜ਼ਦੂਰ ਲੈਂਟਰ ਦੇ ਮਲਬੇ ਹੇਠਾਂ ਦੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੀਆਂ ਟੀਮਾਂ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚ ਗਈਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ 'ਚ ਇਕ ਬੱਚਾ ਵੀ ਸ਼ਾਮਲ ਹੈ। ਫਿਲਹਾਲ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੈਨਾਲ ਕਾਲੋਨੀ ਦੀ ਟੀਮ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜ਼ਮੀਨ ਮੁਆਵਜ਼ੇ ਦੇ ਗਬਨ ਸਬੰਧੀ ਕੇਸ 'ਚ ਭਗੌੜੇ ਚੱਲ ਰਹੇ 2 ਹੋਰ ਦੋਸ਼ੀ ਵਿਜੀਲੈਂਸ ਨੇ ਕੀਤੇ ਗ੍ਰਿਫ਼ਤਾਰ

PunjabKesari

ਜਾਣਕਾਰੀ ਅਨੁਸਾਰ ਲਾਲ ਸਿੰਘ ਬਸਤੀ 'ਚ ਸਥਿਤ ਸ਼੍ਰੀ ਪੰਚਮੁਖੀ ਬਾਲਾ ਜੀ ਮੰਦਰ ਨੇੜੇ ਸਮਾਜਿਕ ਸੰਸਥਾਵਾਂ ਵੱਲੋਂ ਸ਼੍ਰੀ ਸਾਲਾਸਰ ਬਾਲਾ ਜੀ ਮਹਾਰਾਜ ਦਾ ਮੰਦਰ ਬਣਾਇਆ ਜਾ ਰਿਹਾ ਹੈ। ਮੰਦਰ ਦੀ ਛੱਤ ਦਾ ਲੈਂਟਰ ਐਤਵਾਰ ਦੁਪਹਿਰ ਨੂੰ ਹੀ ਪਾਇਆ ਗਿਆ ਸੀ। ਸ਼ਾਮ 3 ਵਜੇ ਤੱਕ ਲੈਂਟਰ ਪਾਉਣ ਤੋਂ ਬਾਅਦ ਬਾਕੀ ਮਜ਼ਦੂਰ ਤਾਂ ਚਲੇ ਗਏ ਸਨ ਪਰ ਮੰਦਰ ਵਿੱਚ ਕੰਮ ਕਰਨ ਵਾਲੇ ਅੱਧੀ ਦਰਜਨ ਪ੍ਰਵਾਸੀ ਮਜ਼ਦੂਰ ਮੌਜੂਦ ਸਨ, ਜੋ ਲੈਂਟਰ ਤੋਂ ਬਾਅਦ ਸਾਮਾਨ ਆਦਿ ਇਕੱਠਾ ਕਰ ਰਹੇ ਸਨ। ਸ਼ਾਮ ਕਰੀਬ 6 ਵਜੇ ਅਚਾਨਕ ਮੰਦਰ ਦੇ ਸਾਹਮਣੇ ਵਾਲੇ ਹਿੱਸੇ ਦਾ ਲੈਂਟਰ ਡਿੱਗ ਗਿਆ ਅਤੇ ਲੈਂਟਰ ਹੇਠਾਂ ਕੰਮ ਕਰਨ ਵਾਲੇ ਮਜ਼ਦੂਰ ਇਸ ਦੇ ਮਲਬੇ ਹੇਠ ਦੱਬੇ ਗਏ। ਲੈਂਟਰ ਡਿੱਗਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ ਅਤੇ ਹਾਦਸੇ ਦੀ ਸੂਚਨਾ ਸਹਾਰਾ ਜਨਸੇਵਾ ਟੀਮ ਨੂੰ ਦਿੱਤੀ। ਸਹਾਰਾ ਜਨਸੇਵਾ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਮਲਬੇ ਹੇਠਾਂ ਦੱਬੇ 5 ਵਿਅਕਤੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਗੰਨ ਪੁਆਇੰਟ 'ਤੇ ਲੁੱਟੀ ਕਾਰ ਪਿੰਡ ਕੋਟਲੀ ਨੇੜਿਓਂ ਬਰਾਮਦ, ਲੁਟੇਰੇ ਨਹੀਂ ਆਏ ਹੱਥ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News