ਨੇਪਾਲ ਰਾਹੀਂ ਪਾਕਿ ਤੋਂ ਭਾਰਤ ਆਉਂਦੀ ਹੈ 'ਨਕਲੀ ਜਿਗਨਾ', ਮੂਸੇਵਾਲਾ ਦੇ ਕਤਲ 'ਚ ਵੀ ਹੋਈ ਸੀ ਇਸ ਦੀ ਵਰਤੋਂ
Friday, Aug 04, 2023 - 09:53 AM (IST)
ਨਵੀਂ ਦਿੱਲੀ (ਵਿਸ਼ੇਸ਼)- ਦਿੱਲੀ ਪੁਲਸ ਨੇ ਇਕ ਅਜਿਹੇ ਵੱਡੇ ਮਾਡਊਲ ਦਾ ਪਰਦਾਫਾਸ਼ ਕੀਤਾ ਹੈ, ਜੋ ਪਾਕਿਸਤਾਨ ਤੋਂ ਨਕਲੀ ਜਿਗਨਾ ਪਿਸਤੌਲਾਂ ਲਿਆਕੇ ਵੱਡੇ ਅਪਰਾਧੀ ਗਿਰੋਹਾਂ ਨੂੰ ਕਿਸੇ ਵੱਡੇ ਅਪਰਾਧ ਨੂੰ ਅੰਜ਼ਾਮ ਦੇਣ ਲਈ ਮੁਹੱਈਆ ਕਰਾਉਂਦਾ ਹੈ। ਜਗ ਬਾਣੀ ਨੇ 18 ਅਪ੍ਰੈਲ 2023 ਨੂੰ ਆਪਣੀ ਇਕ ਵਿਸ਼ੇਸ਼ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਸੀ ਕਿ ਪਾਕਿਸਤਾਨ ਵਿਚ ਕਿਸ ਤਰ੍ਹਾਂ ਨਾਲ ਨਕਲੀ ਜਿਗਨਾ ਪਿਸਤੌਲਾਂ ਸਮੇਤ ਵੱਡੇ ਹਥਿਆਰ ਬਣ ਰਹੇ ਹਨ ਅਤੇ ਉਨ੍ਹਾਂ ਦੀ ਸਪਲਾਈ ਹਥਿਆਰ ਸਮੱਗਲਰਾਂ ਰਾਹੀਂ ਭਾਰਤ ਸਮੇਤ ਕਈ ਦੇਸ਼ਾਂ ਦੇ ਅਪਰਾਧੀਆਂ ਨੂੰ ਕੀਤੀ ਜਾਂਦੀ ਹੈ। ਇਸ ਵਿਚ ਇਸਲਾਮਾਬਾਦ ਤੋਂ 200 ਕਿਲੋਮੀਟਰ ਦੂਰ ਪੂਰਬ-ਉੱਤਰ ਵਿਚ ਸਥਿਤ ਕਸਬੇ ਦਾਰਾ ਅਦਮ ਖੇਲ ਬਾਰੇ ਦੱਸਿਆ ਗਿਆ ਸੀ, ਜਿਸ ਵਿਚ ਲਗਭਗ 25 ਹਜ਼ਾਰ ਲੋਕ ਨਾਜਾਇਜ਼ ਹਥਿਆਰ ਬਣਾਉਣ ਦੇ ਕੰਮ ਵਿਚ ਲੱਗੇ ਹਨ। ਇਹ ਦੁਨੀਆ ਦੇ ਖਤਰਨਾਕ ਹਥਿਆਰਾਂ ਦੀ ਨਕਲ ਸਿਰਫ ਕੁਝ ਘੰਟਿਆਂ ਵਿਚ ਤਿਆਰ ਕਰ ਦਿੰਦੇ ਹਨ।
ਇਹ ਵੀ ਪੜ੍ਹੋ: ਮੌਸਮ 'ਤੇ ਭਾਰੀ ਪਈ ਸ਼ਰਧਾ, ਅਮਰਨਾਥ ਯਾਤਰਾ 'ਚ ਸ਼ਰਧਾਲੂਆਂ ਦਾ 10 ਸਾਲ ਦਾ ਰਿਕਾਰਡ ਟੁੱਟਿਆ
ਦਿੱਲੀ ਪੁਲਸ ਮੁਤਾਬਕ, ਉਸਨੇ ਨਕਲੀ ਪਿਸਤੌਲਾਂ ਪਾਕਿਸਤਾਨ ਤੋਂ ਲਿਆਉਣ ਵਾਲੇ ਨੈੱਟਵਰਕ ਦੇ ਕਿੰਗਪਿਨ ਅਦਨਾਨ ਹੁਸੈਨ ਅੰਸਾਰੀ ਅਤੇ ਮੁਹੰਮਦ ਓਵੈਸ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਸਾਰੀ ਦਿੱਲੀ ਦੇ ਹਜ਼ਰਤ ਨਿਜਾਮੁਦੀਨ ਵਿਚ ਇਕ ਰੈਸਟੋਰੈਂਟ ਚਲਦਾ ਹੈ, ਜਦਕਿ ਓਵੈਸ ਬੁਲੰਦਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਇਕ ਡਰਾਈਵਰ ਹੈ। ਉਹ ਸੁਰੱਖਿਅਤ ਸਮੱਗਲਿੰਗ ਰੂਟ ਦਾ ਜਾਣਕਾਰ ਹੈ। ਇਨ੍ਹਾਂ ਦਾ ਤੀਸਰਾ ਸਾਥੀ ਅਫਰੋਜ ਕੁਰੀਅਰ ਦਾ ਕੰਮ ਕਰਦਾ ਹੈ। ਪੁਲਸ ਦਾ ਦਾਅਵਾ ਹੈ ਕਿ ਇਸ ਮਾਡਊਲ ਨੇ ਲਾਰੈਂਸ ਬਿਸਨੋਈ ਗੈਂਗ ਨੂੰ ਨਕਲੀ ਜਿਗਨਾ ਪਿਸਤੌਲ ਮੁਹੱਈਆ ਕਰਵਾਈ ਸੀ।
ਇਹ ਵੀ ਪੜ੍ਹੋ: ASI ਨੇ ਗਿਆਨਵਾਪੀ ਕੈਂਪਸ ਦਾ ਸਰਵੇ ਕੀਤਾ ਸ਼ੁਰੂ, ਥਾਂ-ਥਾਂ 'ਤੇ ਭਾਰੀ ਪੁਲਸ ਫੋਰਸ ਤਾਇਨਾਤ
ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵੀ 'ਜਿਗਨਾ' ਦੀ ਹੋਈ ਸੀ ਵਰਤੋਂ
ਪੁਲਸ ਦਾ ਕਹਿਣਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਇਸਤੇਮਾਲ ਪਿਸਤੌਲ ਵੀ ਲਾਰੈਂਸ ਗੈਂਗ ਨੂੰ ਇਸੇ ਮਾਡਊਲ ਤੋਂ ਮਿਲੀ ਸੀ। ਇਸ ਤੋਂ ਇਲਾਵਾ ਖਤਰਨਾਕ ਮਾਫੀਆ ਅਤੀਕ ਅਹਿਮਦ ਦੀ ਹੱਤਿਆ ਵਿਚ ਵੀ ਪਾਕਿਸਤਾਨ ਵਿਚ ਬਣੀ ਨਕਲੀ ਜਿਗਨਾ ਪਿਸਤੌਲ ਦੇ ਇਸਤੇਮਾਲ ਹੋਣ ਦੀ ਗੱਲ ਸਾਹਮਣੇ ਆਈ ਸੀ।
ਅਤੀਕ ਦਾ ਕਾਲ ਵੀ ਬਣੀ ਸੀ 'ਨਕਲੀ ਜਿਗਨਾ'
15 ਅਪ੍ਰੈਲ ਦੀ ਰਾਤ ਪ੍ਰਯਾਗਰਾਜ ਦੇ ਕੈਲਵਿਨ ਹਸਪਤਾਲ ਦੇ ਮੁੱਖ ਗੇਟ ਨੇੜੇ ਪੁਲਸ ਕਸਟਡੀ ਵਿਚ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਅਹਿਮਦ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਹੱਤਿਆ ਨੂੰ ਬੇਹੱਦ ਸਾਧਾਰਣ ਪਿਛੋਕੜ ਵਾਲੇ ਤਿੰਨ ਗੁਰਗਿਆਂ ਲਵਲੇਸ਼ ਤਿਵਾੜੀ, ਅਰੁਣ ਮੌਰਿਆ ਅਤੇ ਸੰਨੀ ਸਿੰਘ ਨੇ ਅੰਜ਼ਾਮ ਦਿੱਤਾ ਸੀ। ਇਸ ਹੱਤਿਆ ਵਿਚ ਜਿਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ, ਉਨ੍ਹਾਂ ਵਿਚ ਇਕ ਤੁਰਕੀ ਦੀ ਜਿਗਨਾ ਪਿਸਤੌਲ ਦੀ ਨਕਲ ਸੀ, ਜਿਸਦੇ ਪਾਕਿਸਤਾਨ ਤੋਂ ਆਉਣ ਦੀ ਸ਼ੰਕਾ ਪ੍ਰਗਟਾਈ ਗਈ ਸੀ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ 21 ਸਾਲਾ ਅਫ਼ਗਾਨ ਕੁੜੀ ਦੇ ਕਤਲ ਦੇ ਦੋਸ਼ 'ਚ ਭਾਰਤੀ ਨੂੰ ਹੋਈ ਉਮਰ ਕੈਦ
ਯੂ. ਏ. ਈ.-ਪਾਕਿ-ਨੇਪਾਲ ਤੋਂ ਭਾਰਤ ਦਾ ਰੂਟ
ਅਜਿਹੇ ਹਥਿਆਰ ਜੋ ਦੁਨੀਆ ਦੀ ਸਭ ਤੋਂ ਮਜਬੂਤ ਫੌਜਾਂ ਕੋਲ ਹਨ, ਉਨ੍ਹਾਂ ਦੀ ਨਕਲ ਨਾਲ ਬਣੇ ਹਥਿਆਰ ਜਿਸ ਨੈੱਟਵਰਕ ਰਾਹੀਂ ਭਾਰਤ ਆ ਰਹੇ ਹਨ, ਉਸਦੇ ਤਾਰ ਪਾਕਿਸਤਾਨ ਅਤੇ ਨੇਪਾਲ ਹੀ ਨਹੀਂ ਸੰਯੁਕਤ ਅਰਬ ਅਮੀਰਾਤ ਤੱਕ ਫੈਲੇ ਹਨ। ਪੁਲਸ ਮੁਤਾਬਕ ਆਰਡਰ ਦੁਬਈ ਰਾਹੀਂ ਪਾਕਿਸਤਾਨ ਜਾਂਦਾ ਹੈ ਅਤੇ ਹਥਿਆਰਾਂ ਦੀ ਖੇਪ ਪਾਕਿਸਤਾਨ ਤੋਂ ਨੇਪਾਲ ਰਾਹੀਂ ਭਾਰਤ ਪਹੁੰਚਦੀ ਹੈ। ਅੰਸਾਰੀ ਦਾ ਮਾਮਾ ਅਨਵਰ ਕਮਾਲ ਦੁਬਈ ਵਿਚ ਰਹਿੰਦਾ ਹੈ। ਅਨਵਰ ਕਮਾਲ ਦੇ ਰਿਸ਼ਤੇਦਾਰ ਪਾਕਿਸਤਾਨ ਵਿਚ ਨਕਲੀ ਹਥਿਆਰ ਤਿਆਰ ਕਰਨ ਦੇ ਧੰਦੇ ਵਿਚ ਹਨ। ਇਹ ਹਥਿਆਰ ਲੋਹੇ ਦੇ ਬਕਸੇ ਵਿਚ ਏਅਰ ਕਾਰਗੋ ਰਾਹੀਂ ਨੇਪਾਲ ਪਹੁੰਚਾਏ ਜਾਂਦੇ ਹਨ।
ਨੇਪਾਲ ਰੂਟ ਰਾਹੀਂ 4 ਬੱਚਿਆਂ ਸਣੇ ਭਾਰਤ ਆਈ ਸੀਮਾ
ਨੇਪਾਲ ਰਾਹੀਂ ਭਾਰਤ ਵਿਚ ਦਾਖਲ ਹੋਣਾ ਕਿੰਨਾ ਸੌਖਾ ਹੈ, ਇਹ ਸੀਮਾ ਹੈਦਰ ਕਾਂਡ ਤੋਂ ਸਾਬਿਤ ਹੋ ਚੁੱਕਾ ਹੈ। ਉਹ ਆਪਣੇ ਚਾਰ ਬੱਚਿਆਂ ਨਾਲ ਬਹੁਤ ਹੀ ਆਸਾਨੀ ਨਾਲ ਭਾਰਤੀ ਸਰਹੱਦ ਵਿਚ ਦਾਖਲ ਹੋ ਗਈ ਅਤੇ ਲੰਬੇ ਸਮੇਂ ਤੱਕ ਕਿਸੇ ਨੂੰ ਖਬਰ ਤੱਕ ਨਹੀਂ ਲੱਗੀ। ਸੀਮਾ ਵੀ ਏਅਰ ਰੂਟ ਰਾਹੀਂ ਪਾਕਿਸਤਾਨ ਤੋਂ ਦੁਬਈ ਹੁੰਦੇ ਹੋਏ ਨੇਪਾਲ ਪਹੁੰਚੀ ਸੀ। ਇਕ ਨਹੀਂ ਦੋ-ਦੋ ਵਾਰ। ਨੇਪਾਲ ਤੋਂ ਹੀ ਉਹ ਸਚਿਨ ਨਾਲ ਬੱਸ ਰਾਹੀਂ ਭਾਰਤ ਆਈ। ਯੂ. ਪੀ. ਐੱਸ. ਆਈ. ਟੀ. ਨੇ ਜਦੋਂ ਸੀਮਾ ਹੈਦਰ ਨੂੰ ਪੁੱਛਗਿੱਛ ਕੀਤੀ ਸੀ ਤਾਂ ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਸਾਹਮਣੇ ਆਈ ਸੀ।
10 ਮਾਰਚ ਨੂੰ ਵੀ ਕਾਠਮੰਡੂ ਆਈ ਸੀ ਸੀਮਾ ਹੈਦਰ
ਯੂ. ਪੀ. ਪੁਲਸ ਵਲੋਂ ਜਾਰੀ ਬਿਆਨ ਵਿਚ ਮੀਡੀਆ ਨੂੰ ਦੱਸਿਆ ਗਿਆ ਸੀ ਕਿ ਸੀਮਾ ਹੈਦਰ 10 ਮਾਰਚ ਨੂੰ ਵੀ ਆਪਣੇ ਚਾਰ ਬੱਚਿਆਂ ਸਮੇਤ ਪਾਕਿਸਤਾਨ ਤੋਂ ਸ਼ਾਰਜਾਹ ਦੇ ਰਸਤੇ ਨੇਪਾਲ ਆਈ ਸੀ ਅਤੇ ਉਹ ਕਾਠਮੰਡੂ ਵਿਚ ਇਕ ਹਫਤਾ ਸਚਿਨ ਨਾਲ ਹੋਟਲ ਵਿਚ ਰੁਕੀ ਸੀ। ਉਸ ਤੋਂ ਬਾਅਦ ਸੀਮਾ ਵਾਪਸ ਪਾਕਿਸਤਾਨ ਪਰਤ ਗਈ ਸੀ ਅਤੇ ਸਚਿਨ ਭਾਰਤ ਆ ਗਿਆ ਸੀ। ਇਸ ਤੋਂ ਬਾਅਦ ਉਹ ਦੁਬਾਰਾ 11 ਮਈ ਨੂੰ ਆਪਣੇ 4 ਬੱਚਿਆਂ ਨੂੰ ਲੈ ਕੇ ਪਾਕਿਸਤਾਨ ਤੋਂ ਕਾਠਮੰਡੂ ਹੁੰਦੇ ਹੋਏ ਭਾਰਤ ਵਿਚ ਦਾਖਲ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।