ਵਿਦੇਸ਼ ਭੇਜਣ ਦੇ ਨਾਂ ''ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਕਾਬੂ, ਅਦਾਲਤ ਨੇ ਐਲਾਨਿਆ ਸੀ ਭਗੌੜਾ
Saturday, Jul 01, 2023 - 12:58 AM (IST)
ਮਾਛੀਵਾੜਾ ਸਾਹਿਬ (ਬਿਪਨ) : ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਜਾਅਲੀ ਵੀਜ਼ੇ ਲਗਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਾ ਟ੍ਰੈਵਲ ਏਜੰਟ ਅਤੇ ਪੁਲਸ ਅਧਿਕਾਰੀ ਦਾ ਪੁੱਤਰ ਹਰਪ੍ਰੀਤ ਸਿੰਘ ਚੋਪੜਾ ਵਾਸੀ ਲੁਧਿਆਣਾ ਨੂੰ ਮਾਛੀਵਾੜਾ ਪੁਲਸ ਨੇ ਆਖਿਰ 4 ਸਾਲ ਬਾਅਦ ਬੜੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ।
ਸ਼ੁੱਕਰਵਾਰ ਪ੍ਰੈੱਸ ਕਾਨਫਰੰਸ ਦੌਰਾਨ ਮਾਛੀਵਾੜਾ ਥਾਣਾ ਦੀ ਮੁਖੀ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਸਾਲ 2019 'ਚ ਮਾਛੀਵਾੜਾ ਦੀ ਰਹਿਣ ਵਾਲੀ ਰੀਨਾ ਵਰਮਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਵਿਦਿਆਰਥੀਆਂ ਨੂੰ ਆਈਲੈੱਟਸ ਦੇ ਇੰਗਲਿਸ਼ ਸਪੋਕਨ ਦਾ ਕੋਰਸ ਕਰਵਾਉਂਦੀ ਹੈ। ਉਨ੍ਹਾਂ ਦੇ ਇੰਸਟੀਚਿਊਟ 'ਚ ਹਰਪ੍ਰੀਤ ਸਿੰਘ ਚੋਪੜਾ ਅਤੇ ਇਕ ਹੋਰ ਵਿਅਕਤੀ ਆਇਆ, ਜਿਨ੍ਹਾਂ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਵਿਦੇਸ਼ 'ਚ ਸਟੱਡੀ, ਵਰਕ ਪਰਮਿਟ ਅਤੇ ਟੂਰਿਸਟ ਵੀਜ਼ੇ ’ਤੇ ਬਾਹਰ ਭੇਜਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਘਰ ਪਹੁੰਚੀ ਬਾਰਾਤ, ਭੈਣ ਦੇ ਵਿਆਹ ਵਾਲੇ ਦਿਨ ਭਰਾ ਦੀ ਮੌਤ, ਪੈ ਗਿਆ ਚੀਕ-ਚਿਹਾੜਾ
ਟ੍ਰੈਵਲ ਏਜੰਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਦਫ਼ਤਰ ਲੁਧਿਆਣਾ ਵਿਖੇ ਹੈ ਅਤੇ ਉਹ ਵਿਦਿਆਰਥੀਆਂ ਦਾ ਸ਼ਰਤੀਆ ਵੀਜ਼ਾ ਲਗਵਾ ਦੇਣਗੇ। ਮੇਰੇ ਇੰਸਟੀਚਿਊਟ 'ਚ ਪੜ੍ਹਦੇ ਕਰੀਬ 8 ਵਿਦਿਆਰਥੀਆਂ ਨੇ ਟ੍ਰੈਵਲ ਏਜੰਟ ਹਰਪ੍ਰੀਤ ਸਿੰਘ ਚੋਪੜਾ ਨਾਲ ਗੱਲਬਾਤ ਕਰਕੇ 35 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਦਿੱਤੀ ਅਤੇ ਪਾਸਪੋਰਟ ਲੈ ਕੇ ਵਾਅਦਾ ਕੀਤਾ ਕਿ 6 ਮਹੀਨਿਆਂ ’ਚ ਉਨ੍ਹਾਂ ਦਾ ਵੀਜ਼ਾ ਲੱਗ ਜਾਵੇਗਾ। ਟ੍ਰੈਵਲ ਏਜੰਟ ਵੱਲੋਂ ਜਦੋਂ ਵਿਦਿਆਰਥੀਆਂ ਦੇ ਵੀਜ਼ੇ ਤੇ ਟਿਕਟਾਂ ਭੇਜੀਆਂ ਗਈਆਂ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਸਭ ਜਾਅਲੀ ਹਨ। ਵਿਦਿਆਰਥੀਆਂ ਦੇ ਮਾਪਿਆਂ ਅਤੇ ਮੇਰੇ ਵੱਲੋਂ ਧੋਖਾਧੜੀ ਹੋਣ ’ਤੇ ਜਦੋਂ ਟ੍ਰੈਵਲ ਏਜੰਟ ਦੇ ਦਫ਼ਤਰ ਜਾ ਕੇ ਦੇਖਿਆ ਤਾਂ ਉਹ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਫਰਾਂਸ 'ਚ ਲੱਗੇਗੀ ਐਮਰਜੈਂਸੀ! ਤੀਜੇ ਦਿਨ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਤੇ ਦੁਕਾਨਾਂ ਨੂੰ ਲਾਈ ਅੱਗ, 875 ਗ੍ਰਿਫ਼ਤਾਰ
ਸਾਡੇ ਵੱਲੋਂ ਟ੍ਰੈਵਲ ਏਜੰਟ ਹਰਪ੍ਰੀਤ ਸਿੰਘ ਦੇ ਘਰ ਜਾ ਕੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਵੀਜ਼ੇ ਲਗਵਾਉਣ ਤੋਂ ਅਸਮਰੱਥ ਹੈ, ਜਿਸ ਲਈ ਉਹ ਪੈਸੇ ਵਾਪਸ ਕਰ ਦੇਵੇਗਾ, ਜਿਸ ’ਤੇ ਉਸ ਨੇ 2 ਚੈੱਕ ਦਿੱਤੇ, ਜੋ ਬਾਊਂਸ ਹੋ ਗਏ। ਸ਼ਿਕਾਇਤਕਰਤਾ ਰੀਨਾ ਵਰਮਾ ਅਨੁਸਾਰ ਹਰਪ੍ਰੀਤ ਸਿੰਘ ਦਾ ਪਿਤਾ ਇਕ ਸਾਬਕਾ ਪੁਲਸ ਅਧਿਕਾਰੀ ਹੈ, ਜਿਸ ਨੇ ਸਾਨੂੰ ਧਮਕੀਆਂ ਦਿੱਤੀਆਂ ਕਿ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ। ਪੁਲਸ ਨੇ 2019 'ਚ ਹਰਪ੍ਰੀਤ ਸਿੰਘ ਚੋਪੜਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਸੀ, ਜੋ ਕਿ ਫਰਾਰ ਚੱਲਿਆ ਆ ਰਿਹਾ ਸੀ।
ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ, ਹਰਮੀਤ ਕਾਲਕਾ ਤੇ ਜਗਦੀਪ ਕਾਹਲੋਂ ਖ਼ਿਲਾਫ਼ ਅਦਾਲਤ ਵੱਲੋਂ ਸੰਮਨ ਜਾਰੀ, ਜਾਣੋ ਪੂਰਾ ਮਾਮਲਾ
ਇੱਥੋਂ ਤੱਕ ਮਾਣਯੋਗ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ 4 ਸਾਲ ਬਾਅਦ ਉਨ੍ਹਾਂ ਖੁਦ ਪੁਲਸ ਟੀਮ ਨੂੰ ਨਾਲ ਲੈ ਕੇ ਫਰਾਰ ਚੱਲੇ ਆ ਰਹੇ ਹਰਪ੍ਰੀਤ ਸਿੰਘ ਚੋਪੜਾ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। 4 ਸਾਲ ਬਾਅਦ ਕਥਿਤ ਦੋਸ਼ੀ ਟ੍ਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਹੁਣ ਇਨਸਾਫ਼ ਦੀ ਆਸ ਬੱਝੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।