ਫਰਜ਼ੀ ਏਜੰਟਾਂ ਦੇ ਦਫਤਰਾਂ ’ਚ ਪੁਲਸ ਦਾ ਛਾਪਾ, ਜਾਅਲੀ ਪਾਸਪੋਰਟ ਬਰਾਮਦ
Thursday, Dec 12, 2019 - 10:22 AM (IST)

ਜਲੰਧਰ (ਸੋਨੂੰ, ਸੁਧੀਰ) - ਫਰਜ਼ੀ ਟ੍ਰੈਵਲ ਏਜੰਟਾਂ ’ਤੇ ਨਕੇਲ ਕੱਸਣ ਲਈ ਸਥਾਨਕ ਬੱਸ ਸਟੈਂਡ ਦੇ ਆਲੇ-ਦੁਆਲੇ ਟ੍ਰੈਵਲ ਕਾਰੋਬਾਰੀਆਂ ਦੇ ਦਫਤਰਾਂ ’ਚ ਕਮਿਸ਼ਨਰ ਪੁਲਸ ਵਲੋਂ ਛਾਪੇਮਾਰੀ ਕੀਤੀ ਗਈ। ਪੁਲਸ ਦੀ ਛਾਪੇਮਾਰੀ ਦੀ ਭਿਣਕ ਲੱਗਦਿਆਂ ਟ੍ਰੈਵਲ ਕਾਰੋਬਾਰੀਆਂ ’ਚ ਭਾਜੜਾਂ ਪੈ ਗਈਆਂ। ਇਸ ਦੌਰਾਨ ਪੁਲਸ ਨੇ ਇਕ ਟ੍ਰੈਵਲ ਕਾਰੋਬਾਰੀ ’ਤੇ ਸ਼ਿਕੰਜਾ ਕੱਸਦੇ ਹੋਏ ਉਸ ਦੇ ਦਫਤਰ ’ਚੋਂ ਕਰੀਬ 159 ਪਾਸਪੋਰਟ, 4 ਮੋਬਾਇਲ, 2 ਲੈਪਟਾਪ, ਇਕ ਅਨ-ਵੈਲਿਡ ਲਾਇਸੈਂਸ ਜ਼ਬਤ ਕੀਤਾ।
ਡੀ. ਸੀ. ਪੀ. ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਫਰਜ਼ੀ ਟ੍ਰੈਵਲ ਕਾਰੋਬਾਰੀਆਂ ’ਤੇ ਸ਼ਿਕੰਜਾ ਕੱਸਣ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ’ਚ ਕਮਿਸ਼ਨਰੇਟ ਪੁਲਸ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ’ਚ ਸਭ ਤੋਂ ਪਹਿਲਾਂ ਪੁਲਸ ਨੇ ਬੱਸ ਸਟੈਂਡ ਦੇ ਆਲੇ-ਦੁਆਲੇ ਕਈ ਕੰਪਲੈਕਸਾਂ ’ਚ ਛਾਪੇਮਾਰੀ ਕਰਕੇ ਟ੍ਰੈਵਲ ਕਾਰੋਬਾਰੀਆਂ ਦੇ ਦਫਤਰਾਂ ’ਚ ਉਨ੍ਹਾਂ ਦੇ ਲਾਇਸੈਂਸ ਅਤੇ ਦਸਤਾਵੇਜ਼ ਚੈੱਕ ਕੀਤੇ। ਇਸ ਤੋਂ ਬਾਅਦ ਪੁਲਸ ਨੇ ਥਾਣਾ ਨੰ. 7 ਦੇ ਇਲਾਕੇ ’ਚ ਟੀ. ਐੱਸ. ਇੰਟਰਪ੍ਰਾਈਜਿਜ਼ ਨਾਮੀ ਟ੍ਰੈਵਲ ਕਾਰੋਬਾਰੀ ਦੇ ਦਫਤਰ ’ਚ ਛਾਪੇਮਾਰੀ ਕਰ ਕਰੀਬ 162 ਪਾਸਪੋਰਟ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਟ੍ਰੈਵਲ ਕਾਰੋਬਾਰੀ ਤਿਰਲੋਚਨ ਸਿੰਘ ਨੇ ਪਿਛਲੇ ਕੁੱਝ ਸਮੇਂ ਤੋਂ ਆਪਣਾ ਲਾਇਸੈਂਸ ਰੀਨਿਊ ਨਹੀਂ ਸੀ ਕਰਵਾਇਆ, ਜਿਸ ਕਾਰਨ ਉਕਤ ਟ੍ਰੈਵਲ ਕਾਰੋਬਾਰੀ ਖਿਲਾਫ ਪੁਲਸ ਵਲੋਂ ਥਾਣਾ ਨੰ. 4 ’ਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।