ਜਾਅਲੀ ਬੀਜ ਘਪਲੇ ਦੇ ਸਾਰੇ ਦੋਸ਼ੀਆਂ ਨੂੰ ਕੀਤਾ ਜਾਵੇ ਗ੍ਰਿਫਤਾਰ : ਮਜੀਠੀਆ
Friday, May 29, 2020 - 01:19 AM (IST)
ਅੰਮ੍ਰਿਤਸਰ,(ਛੀਨਾ) : ਪੰਜਾਬ ਦੇ ਅੰਨਦਾਤਾ ਨੂੰ ਜਾਅਲੀ ਬੀਜ ਵੇਚ ਕੇ ਜੋ ਧੋਖਾਦੇਹੀ ਕੀਤੀ ਗਈ ਹੈ, ਉਸ ਦੀ ਮਾਣਯੋਗ ਹਾਈਕੋਰਟ ਦੇ ਮੌਜੂਦਾ ਜੱਜ ਸਾਹਿਬਾਨ ਜਾਂ ਫਿਰ ਕੇਂਦਰੀ ਜਾਂਚ ਏਜੰਸੀ ਕੋਲੋਂ ਡੁੰਘਾਈ ਨਾਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਨੂੰ ਵਿਜੀਲੈਂਸ ਦੀ ਜਾਂਚ 'ਤੇ ਕੋਈ ਭਰੋਸਾ ਨਹੀ ਹੈ। ਇਹ ਵਿਚਾਰ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬੀਜ ਘਪਲੇ ਦੇ ਮਾਮਲੇ 'ਚ ਏ. ਡੀ. ਸੀ. ਹਿੰਮਾਸ਼ੂ ਅਗਰਵਾਲ ਨੂੰ ਮੰਗ ਪੱਤਰ ਸੌਂਪਣ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਦੋਸ਼ ਲਾਇਆ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੀ ਮਿਲੀਭੁਗਤ ਨਾਲ ਜਾਅਲੀ ਬੀਜ ਤਿਆਰ ਕਰਕੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਮਹਿੰਗੇ ਭਾਅ ਵੇਚਿਆ ਗਿਆ ਹੈ, ਜਿਸ ਨਾਲ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੀ ਕਿਸਾਨੀ ਨੂੰ ਆਰਥਿਕ ਪੱਖੋਂ ਵੱਡੀ ਢਾਹ ਲੱਗੇਗੀ। ਮਜੀਠੀਆ ਨੇ ਕਿਹਾ ਕਿ ਰੱਬ ਨਾ ਕਰੇ ਕੋਈ ਦੁਖੀ ਹੋਇਆ ਕਿਸਾਨ ਆਤਮਹੱਤਿਆ ਕਰ ਲਵੇ। ਇਸ ਤੋਂ ਪਹਿਲਾਂ ਹੀ ਪੰਜਾਬ ਦੀ ਕਾਂਗਰਸ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗੇ ਅਤੇ ਸੂਬੇ ਦੇ ਜਿਨ੍ਹਾਂ ਵੀ ਕਿਸਾਨਾਂ ਤੱਕ ਇਹ ਜਾਅਲੀ ਬੀਜ ਪਹੁੰਚਿਆ ਹੈ, ਉਨ੍ਹਾਂ ਕੋਲ ਅਸਲੀ ਬੀਜ ਭੇਜੇ ਅਤੇ ਉਨ੍ਹਾਂ ਦੇ ਹੋਏ ਆਰਥਿਕ ਨੁਕਸਾਨ ਲਈ ਮਦਦ ਵੀ ਕੀਤੀ ਜਾਵੇ।
ਸਾਬਕਾ ਮੰਤਰੀ ਨੇ ਕਿਹਾ ਕਿ ਜਾਅਲੀ ਬੀਜ ਮਾਮਲੇ ਦੇ ਦੋਸ਼ੀ ਲੱਕੀ ਢਿੱਲੋਂ ਵਲੋਂ ਸੁੱਖੀ ਰੰਧਾਵਾ ਨੂੰ ਬਚਾਉਣ ਲਈ ਇਹ ਝੂਠ ਬੋਲਿਆ ਜਾ ਰਿਹਾ ਹੈ ਕਿ ਉਹ ਕਾਂਗਰਸ ਨਹੀਂ ਅਕਾਲੀ ਦਲ ਨਾਲ ਸਬੰਧਤ ਹਨ ਜੋ ਕਿ ਸਰਾਸਰ ਝੂਠ ਹੈ ਜੱਦਕਿ ਸੱਚਾਈ ਤਾਂ ਇਹ ਹੈ ਕਿ ਜਾਅਲੀ ਬੀਜ ਤਿਆਰ ਕਰਨ ਵਾਲੀ ਕਰਨਾਲ ਐਗਰੀ ਸੀਡ ਲੱਕੀ ਢਿੱਲੋਂ ਦੀ ਨਹੀ ਸਗੋਂ ਸੁੱਖੀ ਰੰਧਾਵਾ ਦੀ ਬੇਨਾਮੀ ਫੈਕਟਰੀ ਹੈ ਜਿਸ ਵਿਚ ਲੱਕੀ ਸਿਰਫ ਮੁਨੀਮ ਵਜੋਂ ਹੀ ਕੰਮ ਕਰਦਾ ਹੈ ਅਤੇ ਇਸ ਘਪਲੇ 'ਚ ਉਸ ਨੇ ਵੀ ਅਹਿਮ ਰੋਲ ਨਿਭਾਇਆ ਹੈ।
ਮਜੀਠੀਆ ਨੇ ਲੱਕੀ ਢਿੱਲੋਂ ਦੀਆਂ ਸੁੱਖੀ ਰੰਧਾਵਾ ਨਾਲ ਨੇੜਤਾ ਦੀਆਂ ਕੁਝ ਫੋਟੋਆਂ ਵੀ ਪ੍ਰੈਸ ਕਾਨਫਰੰਸ ਦੌਰਾਨ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਨਾਲ ਚੱਟਾਨ ਦੀ ਤਰ੍ਹਾਂ ਖੜਾ ਹੈ ਤੇ ਉਨ੍ਹਾਂ ਨੂੰ ਹੋਰ ਡੁੱਬਣ ਨਹੀ ਦੇਵੇਗਾ। ਉਨ੍ਹਾਂ ਕਿਹਾ ਕਿ ਜਾਅਲੀ ਬੀਜ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਸਮੇਂ ਜ਼ਿਲਾ ਅਕਾਲੀ ਜੱਥਾ ਦਿਹਾਤੀ ਦੇ ਪ੍ਰਧਾਨ ਵੀਰ ਸਿੰਘ ਲੋਪੋਕੇ, ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਸਾਬਕਾ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ, ਸਾਬਕਾ ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ, ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਵਰਨ ਸਿੰਘ ਹਰੀਪੁਰਾ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।