ਕੀ ਹੁਣ ਨਕਲੀ ਕੀੜੇਮਾਰ ਦਵਾਈਆਂ ਤੋਂ ਕਿਸਾਨਾਂ ਨੂੰ ਮਿਲੇਗੀ ਰਾਹਤ?

04/26/2019 8:47:30 PM

ਜਲੰਧਰ,(ਜਗਵੰਤ): ਪੰਜਾਬ 'ਚ ਕਣਕ ਦੀ ਵਾਢੀ ਲਗਭਗ ਖ਼ਤਮ ਹੋਣ 'ਤੇ ਹੈ ਤੇ ਤਕਰੀਬਨ ਇਕ ਮਹੀਨੇ ਬਾਅਦ ਪੰਜਾਬ 'ਚ ਝੋਨੇ ਤੇ ਨਰਮੇ ਦੀ ਬਿਜਾਈ ਦਾ ਕੰਮ ਸ਼ੁਰੂ ਵੀ ਹੋ ਜਾਵੇਗਾ। ਜਿਸ ਦੌਰਾਨ ਕੀੜੇਮਾਰ ਦਵਾਈਆਂ ਦੀ ਵਰਤੋਂ ਖੁਲੇ ਤੌਰ 'ਤੇ ਹੋਣਾ ਆਮ ਗੱਲ ਹੋ ਜਾਂਦੀ ਹੈ। ਇਸ ਲਈ ਐਗਰੋ ਕੈਮੀਕਲਸ ਦੀਆਂ ਨਿਰਮਾਤਾ ਕੰਪਨੀਆਂ ਨਕਲੀ ਕੀੜੇਮਾਰ ਦਵਾਈਆਂ ਦੀ ਜਾਂਚ ਕਰਨ ਲਈ ਵੇਚੇ ਗਏ ਹਰੇਕ ਉਤਪਾਦ 'ਤੇ ਬਾਰਕੋਡ ਲਗਾਉਣ ਦੀ ਯੋਜਨਾ ਬਣਾ ਰਹੀਆਂ ਹਨ। ਜਿਸ ਨਾਲ ਉਤਪਾਦ ਦੀ ਪੂਰਨ ਜਾਣਕਾਰੀ ਮਿਲੇਗੀ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਕੀਟਨਾਸ਼ਕ ਦੀ ਵਰਤੋਂ ਆਵਾਜਾਈ ਤੇ ਭੰਡਾਰਨ ਦੀ ਬਿਹਤਰ ਤਰੀਕੇ ਨਾਲ ਨਿਗਰਾਨੀ ਕਰਨ 'ਚ ਵੀ ਮਦਦ ਮਿਲੇਗੀ ਤੇ ਬਾਰਕੋਡ ਨਾਲ ਜੀ. ਐਸ. ਟੀ. ਸਮੇਤ ਈ-ਵੇਅ ਬਿੱਲ ਵੀ ਨਾਲ ਜੋੜਿਆ ਜਾਵੇਗਾ । ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲਣ ਦੀ ਆਸ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। 

ਪੰਜਾਬ 'ਚ ਸਾਲਾਨਾ ਤਕਰੀਬਨ 1500 ਕਰੋੜ ਦੀ ਵਿਕਰੀ ਕੀੜੇਮਾਰ ਦਵਾਈਆਂ ਦੀ ਹੈ ਤੇ ਭਾਰਤੀ ਵਪਾਰ 'ਚ ਐਗਰੋ ਕੈਮੀਕਲ ਕੰਪਨੀਆਂ ਲਈ ਇਹ ਪੰਜ ਪ੍ਰਮੁੱਖ ਬਾਜ਼ਾਰਾਂ 'ਚ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਨਕਲੀ ਕੀੜੇਮਾਰ ਦਵਾਈਆਂ ਦੀ ਵੱਡੀ ਭਰਮਾਰ ਰਹੀ ਹੈ, ਜਿਸ 'ਚ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਵੀ ਵਿਵਾਦਾ 'ਚ ਘਿਰੇ ਰਹੇ ਤੇ ਕਿਸਾਨਾਂ ਨਾਲ ਇਸ ਤਰ੍ਹਾਂ ਦੇ ਧੋਖਾ-ਧੜੀ ਦੇ ਮਾਮਲੇ ਵੀ ਵੱਡੀ ਗਿਣਤੀ 'ਚ ਸਾਹਮਣੇ ਆਏ ਸਨ। ਜਿਸ ਕਾਰਨ ਫ਼ਸਲਾਂ ਦਾ ਨੁਕਸਾਨ ਹੋਣ ਕਾਰਨ ਕਿਸਾਨ ਖੁਦਕੁਸ਼ੀ ਦੇ ਰਾਹ 'ਤੇ ਵੀ ਤੁਰ ਪਏ ਹਨ। ਇਸ ਦੇ ਰੋਸ ਵਜੋਂ ਕਿਸਾਨਾਂ ਨੂੰ ਧਰਨੇ ਲਗਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ।ਇਸ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਧੋਖਾ-ਧੜੀ ਦੇ ਮਾਮਲੇ ਰੋਕਣ ਲਈ ਕੋਈ ਸਖ਼ਤ ਕਾਨੂੰਨ ਬਣਾਵੇ।


Related News