ਮਾਮਲਾ ਜਾਅਲੀ ਪਾਸਪੋਰਟ ਬਣਾਉਣ ਦਾ : ਫੋਟੋ ਕਿਸੇ ਹੋਰ ਦੀ, ਦਸਤਾਵੇਜ਼ ਕਿਸੇ ਹੋਰ ਦੇ
Monday, Jun 11, 2018 - 01:18 PM (IST)

ਬਠਿੰਡਾ (ਸੁਖਵਿੰਦਰ)-ਇਕ ਔਰਤ ਵੱਲੋਂ ਆਪਣੀ ਹੀ ਮਾਸੀ ਦੀ ਲੜਕੀ 'ਤੇ ਉਸ ਦੇ ਕਾਗਜ਼ਾਂ ਦੀ ਦੁਰਵਰਤੋਂ ਕਰ ਕੇ ਜਾਅਲੀ ਪਾਸਪੋਰਟ ਬਣਾਉਣ ਅਤੇ ਜਾਅਲੀ ਪਾਸਪੋਰਟ 'ਤੇ ਵਿਦੇਸ਼ ਜਾਣ ਦੇ ਦੋਸ਼ ਲਾਏ ਹਨ। ਲੜਕੀ ਪਿਛਲੇ ਲੰਮੇਂ ਸਮੇਂ ਤੋਂ ਵਿਦੇਸ਼ ਵਿਖੇ ਰਹਿ ਰਹੀ ਹੈ। ਪ੍ਰੈੱਸ ਕਲੱਬ ਵਿਖੇ ਜਾਣਕਾਰੀ ਦਿੰਦਿਆਂ ਪੀੜਤਾ ਰਣਵੀਰ ਕੌਰ ਅਤੇ ਉਸਦੇ ਭਰਾ ਜਸਵੀਰ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਸੀ ਦੀ ਲੜਕੀ ਵੱਲੋਂ ਹੀ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਉਸ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ 2012 'ਚ ਰਣਵੀਰ ਕੌਰ ਦੇ ਦਸਤਾਵੇਜ਼ਾਂ ਦੀ ਗਲਤ ਵਰਤੋਂ ਕਰ ਕੇ ਜਾਅਲੀ ਪਾਸਪੋਰਟ ਬਣਾਇਆ ਗਿਆ ਸੀ। ਪਾਸਪੋਰਟ ਬਣਾਉਣ ਲਈ ਦਸਤਾਵੇਜ਼ ਤਾਂ ਰਣਵੀਰ ਕੌਰ ਦੇ ਵਰਤੇ ਗਏ ਹਨ ਜਦਕਿ ਫੋਟੋ ਕਿਸੇ ਹੋਰ ਦੀ ਲੱਗੀ ਹੋਈ ਹੈ। ਮੁਲਜ਼ਮ ਜਾਅਲੀ ਪਾਸਪੋਰਟ 'ਤੇ ਹੀ ਪਿਛਲੇ ਲਗਭਗ 3 ਸਾਲਾਂ ਤੋਂ ਆਸਟਰੇਲੀਆ ਵਿਖੇ ਰਹਿ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਾਅਲੀ ਪਾਸਪੋਰਟ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਜਾਅਲੀ ਪਾਸਪੋਰਟ ਬਣਾਉਣ ਵਾਲੀ ਲੜਕੀ ਦੇ ਪਿੰਡ ਬਾਲਿਆਵਾਲੀ ਵਿਖੇ ਜ਼ਮੀਨ ਸਬੰਧੀ ਝਗੜੇ ਨੂੰ ਲੈ ਕੇ ਗਏ ਹੋਏ ਸਨ। ਇਸ ਦੌਰਾਨ ਆਪਸੀ ਤਕਰਾਰਬਾਜ਼ੀ ਵਿਚ ਮੁਲਜ਼ਮਾਂ ਵੱਲੋਂ ਰਣਵੀਰ ਕੌਰ ਦੇ ਨਾਂ 'ਤੇ ਜਾਅਲੀ ਪਾਸਪੋਰਟ ਬਣਾਉਣ ਦੀ ਗੱਲ ਆਖੀ ਗਈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪਾਸਪੋਰਟ ਦੀ ਜਾਣਕਾਰੀ ਇਕੱਠੀ ਕੀਤੀ ਤਾਂ ਉਕਤ ਮਾਮਲੇ ਦਾ ਸੱਚ ਸਾਹਮਣੇ ਆਇਆ। ਉਨ੍ਹਾਂ ਵੱਲੋਂ ਐੱਸ. ਐੱਸ. ਪੀ. ਨੂੰ ਮੰਗ-ਪੱਤਰ ਸੌਂਪ ਕੇ ਉਕਤ ਲੜਕੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।