ਮੁਰਗੀਆਂ ਨੂੰ ਖਿਲਾਉਣ ਵਾਲੇ ਪਾਊਡਰ ਨਾਲ ਤਿਆਰ ਹੁੰਦਾ ਸੀ 'ਨਕਲੀ ਦੁੱਧ', ਫੈਕਟਰੀ ਮਾਲਕ ਗ੍ਰਿਫ਼ਤਾਰ
Monday, Jan 04, 2021 - 10:45 AM (IST)
ਸਮਾਣਾ (ਦਰਦ) : ਥਾਣਾ ਸਦਰ ਪੁਲਸ ਸਮਾਣਾ ਵੱਲੋਂ ਪਿੰਡ ਕੁਲਾਰਾਂ ’ਚ ਚੱਲ ਰਹੀ ਨਕਲੀ ਦੁੱਧ ਬਣਾਉਣ ਵਾਲੀ ਇਕ ਫੈਕਟਰੀ ’ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਤਿਆਰ ਕੀਤਾ ਗਿਆ 200 ਲੀਟਰ ਨਕਲੀ ਦੁੱਧ, ਨਕਲੀ ਦੁੱਧ ਬਣਾਉਣ ਵਾਲਾ 175 ਕਿਲੋ ਚਿੱਟਾ ਪਾਊਡਰ ਅਤੇ ਹੋਰ ਸਮਾਨ ਸਣੇ ਫੈਕਟਰੀ ਮਾਲਕ ਚਚੇਰੇ ਭਰਾਵਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਥਾਣਾ ਸਦਰ ’ਚ ਆਯੋਜਿਤ ਪ੍ਰੈੱਸ ਕਾਨਫੰਰਸ ਦੌਰਾਨ ਡੀ. ਐੱਸ. ਪੀ. ਜਸਵੰਤ ਸਿੰਘ ਮਾਂਗਟ ਅਤੇ ਥਾਣਾ ਮੁਖੀ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਚੌਂਕੀ ਇੰਚਾਰਜ ਸਬ-ਇੰਸਪੈਕਟਰ ਸਾਹਿਬ ਸਿੰਘ, ਰਾਮਨਗਰ ਪੁਲਸ ਚੌਂਕੀ ਇੰਚਾਰਜ ਕਰਨੈਲ ਸਿੰਘ ਦੀਆਂ ਟੀਮਾਂ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਕੁਲਾਰਾਂ ’ਚ ਚੱਲ ਰਹੀ ਨਕਲੀ ਦੁੱਧ ਬਣਾਉਣ ਵਾਲੀ ਇਕ ਫੈਕਟਰੀ ’ਚ ਛਾਪਾ ਮਾਰਿਆ ਗਿਆ।
ਉੱਥੇ ਤਿਆਰ ਕੀਤਾ ਗਿਆ 200 ਲੀਟਰ ਨਕਲੀ ਦੁੱਧ, ਨਕਲੀ ਦੁੱਧ ਬਣਾਉਣ ਲਈ ਇਸਤੇਮਾਲ ਹੋਣ ਵਾਲਾ 7 ਥੈਲਿਆਂ ’ਚ ਭਰਿਆ ਮੁਰਗੀਆਂ ਨੂੰ ਖਿਲਾਉਣ ਵਾਲੇ 175 ਕਿੱਲੋ ਚਿੱਟੇ ਪਾਊਡਰ ਸਣੇ ਕੁੱਝ ਹੋਰ ਸਮਾਨ ਬਰਾਮਦ ਕੀਤਾ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਦਿੱਤੇ ਜਾਣ ’ਤੇ ਡੀ. ਐੱਚ. ਓ. ਪਟਿਆਲਾ ਡਾ. ਜੇਤਲੀ ਸ਼ੈਲੀ, ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਡਾ. ਗਗਨਦੀਪ ਕੌਰ, ਡਾ. ਕੰਵਰਦੀਪ ਸਮੇਤ ਸਿਹਤ ਮਹਿਕਮੇ ਦੀ ਟੀਮ ਨੇ ਨਕਲੀ ਦੁੱਧ, ਪਾਊਡਰ ਅਤੇ ਹੋਰ ਸਮਾਨ ਦੇ ਨਮੂਨੇ ਲਏ, ਜਿਨ੍ਹਾਂ ਨੂੰ ਜਾਂਚ ਲਈ ਲੈਬ ’ਚ ਭੇਜਿਆ ਜਾਵੇਗਾ।
ਫੈਕਟਰੀ ’ਚ ਫੈਟ ਕੱਢਣ ਵਾਲੀ ਮਸ਼ੀਨ, ਦੁੱਧ ਨੂੰ ਮਿਕਸ ਕਰਨ ਵਾਲੀ ਮਸ਼ੀਨ, ਪਲਾਸਟਿਕ ਦੀਆਂ ਬਾਲਟੀਆਂ, ਸਟੀਲ ਕੈਨ, ਦੁੱਧ ਮਾਪਣ ਵਾਲੇ ਡੱਬੇ ਅਤੇ ਦੁੱਧ ਸਟੋਰ ਕਰਨ ਵਾਲਾ 2400 ਲੀਟਰ ਦਾ ਇਕ ਚਿੱਲਰ ਵੀ ਬਰਾਮਦ ਕੀਤਾ। ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਫੈਕਟਰੀ ਮਾਲਕ ਚਚੇਰੇ ਭਰਾਵਾਂ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਕੁਲਾਰਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਲੋਕ ਨਕਲੀ ਦੁੱਧ ਨੂੰ ਅਸਲੀ ਦੁੱਧ ’ਚ ਮਿਲਾ ਕੇ ਪਾਊਡਰ ਰਾਹੀਂ ਫੈਟ ਵਧਾ ਕੇ ਲੁਧਿਆਣਾ ਦੀ ਇਕ ਡੇਅਰੀ ਨੂੰ ਵੇਚਦੇ ਸਨ। ਪੁਲਸ ਨੇ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਲਈ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਲਿਆ।
ਨੋਟ : ਨਕਲੀ ਦੁੱਧ ਵੇਚ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੀਆਂ ਫੈਕਟਰੀਆਂ ਬਾਰੇ ਦਿਓ ਰਾਏ