ਨੌਜਵਾਨਾਂ ਦੀਆਂ ਭਰਤੀਆਂ ''ਤੇ ਲੱਗੇ ਜਾਅਲੀ ਦਸਤਾਵੇਜ਼ਾਂ ਦੇ ਕਲੰਕ

01/21/2019 5:40:55 PM

ਜਲੰਧਰ (ਮਹੇਸ਼) : ਫੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਜਾਅਲੀ ਦਸਤਾਵੇਜ਼ ਬਣਾਉਣ ਦਾ ਗੈਰ-ਕਾਨੂੰਨੀ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ਦੀ ਮਿਸਾਲ ਪਹਿਲਾਂ ਪੰਜਾਬ ਦੇ ਜਲੰਧਰ ਜ਼ਿਲੇ 'ਚ ਅਤੇ ਹੁਣ ਰੋਪੜ ਜ਼ਿਲੇ 'ਚ ਦੇਖਣ ਨੂੰ ਮਿਲੀ ਹੈ। ਹਾਲਾਂਕਿ ਜਲੰਧਰ 'ਚ ਹਰਿਆਣਾ ਤੋਂ ਜਾਅਲੀ ਦਸਤਾਵੇਜ਼ਾਂ ਦੇ ਦਮ 'ਤੇ ਭਰਤੀ ਹੋਣ ਆਏ 27 ਨੌਜਵਾਨ ਤਾਂ ਜੇਲ ਜਾ ਕੇ ਖ਼ੁਦ 'ਤੇ ਅਪਰਾਧੀ ਹੋਣ ਦਾ ਕਲੰਕ ਲਗਵਾ ਚੁੱਕੇ ਹਨ ਪਰ ਉਨ੍ਹਾਂ ਤੋਂ ਲੱਖਾਂ ਰੁਪਏ ਲੈ ਕੇ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਅਜੇ ਪੁਲਸ ਦੀ ਪਹੁੰਚ ਤੋਂ ਬਾਹਰ ਹਨ।
ਆਮ ਤੌਰ 'ਤੇ ਦੇਖਣ 'ਚ ਆਇਆ ਹੈ ਕਿ 18 ਤੋਂ 25 ਸਾਲ ਦੇ ਨੌਜਵਾਨਾਂ ਨੂੰ ਠੱਗ ਲੋਕ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਫੌਜ 'ਚ ਭਰਤੀ ਕਰਵਾਉਣ ਲਈ ਉਨ੍ਹਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਦਿੰਦੇ ਹਨ। ਜਾਂਚ ਕੀਤੇ ਜਾਣ 'ਤੇ ਜਦੋਂ ਭਰਤੀ ਹੋਣ ਲਈ ਆਏ ਨੌਜਵਾਨ ਫੜੇ ਜਾਂਦੇ ਹਨ ਤਾਂ ਉਹ ਆਪਣੀ ਪੂਰੀ ਕਹਾਣੀ ਪੁਲਸ ਦੇ ਸਾਹਮਣੇ ਬੋਲ ਦਿੰਦੇ ਹਨ। ਅਜਿਹੀ ਸਥਿਤੀ 'ਚ ਇਹ ਗੱਲ ਬਿਲਕੁਲ ਸਾਫ ਹੈ ਕਿ ਜਾਅਲੀ ਦਸਤਾਵੇਜ਼ ਬਣਾਉਣ ਅਤੇ ਬਣਵਾਉਣ ਵਾਲੇ ਦੋਵੇਂ ਹੀ ਅਪਰਾਧੀ ਹਨ, ਜਿਸ ਕਰ ਕੇ ਉਨ੍ਹਾਂ ਦੇ ਫੜੇ ਜਾਣ 'ਤੇ ਉਨ੍ਹਾਂ 'ਤੇ ਐੱਫ. ਆਈ. ਆਰ. ਤਾਂ ਹੋਵੇਗੀ ਹੀ, ਨਾਲ ਹੀ ਸਜ਼ਾ ਹੋਣ 'ਤੇ ਉਨ੍ਹਾਂ ਨੂੰ ਜੇਲ ਵੀ ਜਾਣਾ ਪੈ ਸਕਦਾ ਹੈ। 

ਕੁਝ ਸਾਬਕਾ ਫੌਜੀਆਂ ਦਾ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕਰਨਾ ਸ਼ਰਮਨਾਕ
ਠੱਗੀ ਕਰਨ ਵਾਲੇ ਵੀ ਕੋਈ ਹੋਰ ਨਹੀਂ, ਫੌਜ 'ਚੋਂ ਹੀ ਰਿਟਾਇਰ ਹੋਏ ਵਿਅਕਤੀ ਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਹੀ ਪੂਰੀ ਜਾਣਕਾਰੀ ਹੁੰਦੀ ਹੈ ਕਿ ਉਹ ਫੌਜ 'ਚ ਭਰਤੀ ਹੋਣ ਦੇ ਸ਼ੌਕੀਨ ਨੌਜਵਾਨਾਂ ਨੂੰ ਕਿਵੇਂ ਆਪਣਾ ਸ਼ਿਕਾਰ ਬਣਾ ਸਕਦੇ ਹਨ। ਸਰਕਾਰ ਤੋਂ ਪੈਨਸ਼ਨ ਅਤੇ ਕਈ ਸਹੂਲਤਾਂ ਲੈ ਰਹੇ ਸਾਬਕਾ ਫੌਜੀਆਂ ਵਲੋਂ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕਰਨਾ ਇਕ ਸ਼ਰਮਨਾਕ ਰੁਝਾਨ ਹੈ।

ਹਿਸਾਰ ਅਤੇ ਜੀਂਦ ਜ਼ਿਲਿਆਂ ਦੇ ਸਨ ਫੜੇ ਗਏ 27 ਨੌਜਵਾਨ
ਥਾਣਾ ਕੈਂਟ ਦੀ ਪੁਲਸ ਨੇ 4-5 ਦਸੰਬਰ ਨੂੰ ਜਲੰਧਰ ਕੈਂਟ ਸਥਿਤ ਮੁੱਖ ਭਰਤੀ ਦਫਤਰ 'ਚ ਫਰਜ਼ੀ ਦਸਤਾਵੇਜ਼ ਲੈ ਕੇ ਫੌਜ 'ਚ ਭਰਤੀ ਹੋਣ ਲਈ ਆਏ ਲਗਭਗ 27 ਨੌਜਵਾਨਾਂ ਨੂੰ ਕਾਬੂ ਕੀਤਾ ਸੀ, ਜੋ ਕਿ ਸਾਰੇ ਹਰਿਆਣਾ ਦੇ ਹਿਸਾਰ ਅਤੇ ਜੀਂਦ ਜ਼ਿਲਿਆਂ ਦੇ ਰਹਿਣ ਵਾਲੇ ਸਨ। ਉਨ੍ਹਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਉਨ੍ਹਾਂ ਸਾਰਿਆਂ ਨੂੰ ਜੇਲ ਭੇਜ ਦਿੱਤਾ ਅਤੇ ਹੁਣ ਉਨ੍ਹਾਂ ਦੀ ਜ਼ਮਾਨਤ ਹੋ ਚੁੱਕੀ ਹੈ ਪਰ ਜੇਲ ਜਾਣ ਦਾ ਧੱਬਾ ਉਨ੍ਹਾਂ 'ਤੇ ਪੂਰੀ ਜ਼ਿੰਦਗੀ ਲਈ ਲੱਗ ਗਿਆ, ਜਿਸ ਕਰ ਕੇ ਉਹ ਹੁਣ ਫੌਜ 'ਚ ਕਦੇ ਭਰਤੀ ਨਹੀਂ ਹੋ ਸਕਣਗੇ। 

ਸਾਰੇ ਮਾਮਲਿਆਂ 'ਚ ਹੁਸ਼ਿਆਰਪੁਰ ਕੁਨੈਕਸ਼ਨ ਜਾਂਚ ਦਾ ਵਿਸ਼ਾ
ਫੌਜ ਦੇ ਅਧਿਕਾਰੀਆਂ ਦੀ ਜਾਂਚ ਦੌਰਾਨ ਜਾਅਲੀ ਦਸਤਾਵੇਜ਼ਾਂ ਸਮੇਤ ਬੇਨਕਾਬ ਕੀਤੇ ਗਏ ਨੌਜਵਾਨ ਬੇਸ਼ੱਕ ਹਰਿਆਣਾ ਦੇ ਰਹਿਣ ਵਾਲੇ ਸਨ ਪਰ ਉਨ੍ਹਾਂ ਨੇ ਪੰਜਾਬ 'ਚ ਚੱਲ ਰਹੀ ਫੌਜ ਦੀ ਭਰਤੀ 'ਚ ਨੌਕਰੀ ਹਾਸਲ ਕਰਨ ਲਈ ਬਣਾਏ ਦਸਤਾਵੇਜ਼ਾਂ 'ਤੇ ਹੁਸ਼ਿਆਰਪੁਰ ਜ਼ਿਲੇ ਦਾ ਪਤਾ ਲਿਖਵਾਇਆ ਸੀ। ਫੌਜੀ ਅਧਿਕਾਰੀਆਂ ਨੇ ਪੂਰੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਾਰੇ ਨੌਜਵਾਨ ਹਰਿਆਣਾ ਨਾਲ ਸਬੰਧਿਤ ਹਨ ਅਤੇ ਸਿਰਫ ਫੌਜ ਦੀ ਨੌਕਰੀ ਹਾਸਲ ਕਰਨ ਲਈ ਹੀ ਉਨ੍ਹਾਂ ਨੇ ਆਪਣਾ ਨਾਂ ਅਤੇ ਪਤਾ ਬਦਲ ਲਿਆ ਸੀ, ਕਿਉਂਕਿ ਪੰਜਾਬ ਦੀ ਭਰਤੀ ਹੋਣ ਕਾਰਨ ਉਸ 'ਚ ਸਿਰਫ ਪੰਜਾਬ ਨਾਲ ਸਬੰਧਿਤ ਨੌਜਵਾਨ ਹੀ ਹਿੱਸਾ ਲੈ ਸਕਦੇ ਸਨ। ਸਾਰੇ 27 ਨੌਜਵਾਨਾਂ ਦਾ ਹੁਸ਼ਿਆਰਪੁਰ ਜ਼ਿਲੇ ਦਾ ਹੀ ਜਾਅਲੀ ਪਤਾ ਲਿਖਵਾਏ ਜਾਣ ਦੇ ਪਿੱਛੇ ਇਸ ਜ਼ਿਲੇ ਦਾ ਕੁਨੈਕਸ਼ਨ ਜਾਂਚ ਦਾ ਵਿਸ਼ਾ ਹੈ?

ਬਿਨਾਂ ਪਤਾ-ਟਿਕਾਣਾ ਜਾਣੇ ਕਿਵੇਂ ਦੇ ਦਿੱਤੇ ਲੱਖਾਂ ਰੁਪਏ
ਹਿਸਾਰ 'ਚ ਜਿਸ ਵਿਅਕਤੀ ਨੇ ਫੌਜ 'ਚ ਭਰਤੀ ਹੋਣ ਦੇ ਇੱਛੁਕ ਨੌਜਵਾਨਾਂ ਨੂੰ ਆਪਣੇ ਝਾਂਸੇ 'ਚ ਲੈ ਕੇ ਉਨ੍ਹਾਂ ਦੇ ਦਸਤਾਵੇਜ਼ ਤਿਆਰ ਕੀਤੇ ਸਨ, ਦਾ ਅਜੇ ਤੱਕ ਪੁਲਸ ਪਤਾ ਨਹੀਂ ਲਗਾ ਸਕੀ ਹੈ। ਐੱਸ. ਐੱਚ. ਓ. ਕੈਂਟ ਸੁਖਦੇਵ ਸਿੰਘ ਔਲਖ ਨੇ ਕਿਹਾ ਹੈ ਕਿ ਪੁਲਸ ਨੇ ਹਰਿਆਣਾ ਜਾ ਕੇ ਫੜੇ ਗਏ ਨੌਜਵਾਨਾਂ ਵਲੋਂ ਦੱਸੇ ਗਏ ਸਥਾਨ ਹਿਸਾਰ ਸਟੇਡੀਅਮ ਅਤੇ ਆਸ-ਪਾਸ ਦੇ ਖੇਤਰਾਂ 'ਚ ਪੁੱਛਗਿੱਛ ਕੀਤੀ ਹੈ ਪਰ ਕੁਝ ਵੀ ਪਤਾ ਨਹੀਂ ਲੱਗਾ। ਨੌਜਵਾਨਾਂ ਨੇ ਪੁੱਛਗਿੱਛ 'ਚ ਦੋਸ਼ੀ ਦਾ ਨਾਂ ਸਿਰਫ ਰਮੇਸ਼ ਦੱਸਿਆ ਸੀ। ਇਸ ਤੋਂ ਵੱਧ ਉਨ੍ਹਾਂ ਨੇ ਉਸ ਦੇ ਬਾਰੇ ਕੁਝ ਨਹੀਂ ਦੱਸਿਆ ਅਤੇ ਕਿਹਾ ਸੀ ਕਿ ਉਹ ਉਸ ਦਾ ਪਤਾ ਵਗੈਰਾ ਨਹੀਂ ਜਾਣਦੇ ਹਨ। ਜ਼ਿਕਰਯੋਗ ਹੈ ਕਿ ਦੋਸ਼ੀ ਵਲੋਂ ਪ੍ਰਤੀ ਵਿਅਕਤੀ 50 ਹਜ਼ਾਰ ਤੋਂ 1 ਲੱਖ ਰੁਪਏ ਲਏ ਗਏ ਸਨ ਅਤੇ ਬਿਨਾਂ ਪਤਾ-ਟਿਕਾਣਾ ਜਾਣੇ ਕਿਸੇ ਨੂੰ ਲੱਖਾਂ ਰੁਪਏ ਦੇ ਦੇਣਾ ਵੀ ਸਵਾਲ ਖੜ੍ਹੇ ਕਰਦਾ ਹੈ।


Anuradha

Content Editor

Related News