ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੇ ਨਾਮ 'ਤੇ ਬਣਿਆ ਫਰਜ਼ੀ ਅਕਾਊਂਟ, ਜਾਣੋ ਕੀ ਹੈ ਪੂਰਾ ਮਾਮਲਾ
Monday, Jul 18, 2022 - 05:25 PM (IST)
ਅੰਮ੍ਰਿਤਸਰ : ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਅਤੇ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਂ 'ਤੇ ਵਟਸਐੱਪ ਅਕਾਊਂਟ ਬਣਾ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਠੱਗੀ ਕੀਤੀ ਜਾ ਰਹੀ ਹੈ। ਵਿਧਾਇਕ ਦੇ ਤਸਵੀਰ ਲਗਾ ਕੇ ਬਣਾਏ ਗਏ ਜਾਅਲੀ ਅਕਾਊਂਟ ਤੋਂ ਲੋਕਾਂ ਨੂੰ ਮੈਸੇਜ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂ ਇਸ ਮਾਮਲੇ ਬਾਰੇ ਵਿਧਾਇਕ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਦਫ਼ਤਰ ਵੱਲੋਂ ਸਿਵਲ ਲਾਈਨ ਥਾਣੇ 'ਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਨਸ਼ਿਆਂ ਖ਼ਿਲਾਫ਼ ਵੱਡੀ ਜੰਗ, ਇੱਕ ਹਫ਼ਤੇ ਅੰਦਰ 155 ਕਿੱਲੋ ਹੈਰੋਇਨ ਕੀਤੀ ਬਰਾਮਦ
ਵਿਧਾਇਕ ਸਿੰਘ ਦੇ ਦਫ਼ਤਰ 'ਚ ਕੰਮ ਕਰਨ ਵਾਲੇ ਆਯੂਸ਼ਮਾਨ ਖੰਨਾ ਨੇ ਸ਼ਿਕਾਇਤ 'ਚ ਦੱਸਿਆ ਕਿ 77718-42749 ਤੋਂ ਇਕ ਵਟਸਐੱਪ ਅਕਾਊਂਟ ਬਣਾਇਆ ਗਿਆ ਹੈ, ਜਿਸ 'ਤੇ ਕੁੰਵਰ ਵਿਜੇ ਪ੍ਰਤਾਪ ਦੀ ਤਸਵੀਰ ਲੱਗੀ ਹੋਈ ਹੈ। ਇਸ ਫ਼ਰਜ਼ੀ ਅਕਾਊਂਟ ਚਲਾਉਣ ਵਾਲਾ ਵਿਅਕਤੀ ਆਪਣੇ ਆਪ ਨੂੰ ਕੁੰਵਰ ਵਿਜੇ ਪ੍ਰਤਾਪ ਹੀ ਦੱਸ ਰਿਹਾ ਹੈ। ਜਾਣਕਾਰੀ ਮੁਤਾਬਕ ਦੋਸ਼ੀ ਨੇ ਇਕ ਵਿਅਕਤੀ ਨੂੰ ਮੈਸੇਜ ਕੀਤਾ ਅਤੇ ਉਸ ਨੂੰ 20 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ। ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਸਿੱਧਾ ਵਿਧਾਇਕ ਸਿੰਘ ਨਾਲ ਸੰਪਰਕ ਕੀਤਾ ਅਤੇ ਪੂਰੀ ਘਟਨਾ ਬਾਰੇ ਦੱਸਿਆ।
ਇਹ ਵੀ ਪੜ੍ਹੋ- ਸਿਮਰਨਜੀਤ ਸਿੰਘ ਮਾਨ, ਹਰਭਜਨ ਸਿੰਘ ਸਣੇ ਇਨ੍ਹਾਂ ਸਾਂਸਦਾਂ ਨੇ ਚੁੱਕੀ ਅਹੁਦੇ ਦੀ ਸਹੁੰ
ਜਦੋਂ ਇਸ ਨੰਬਰ ਦੀ ਟਰੂ-ਕਾਲਰ 'ਤੇ ਸਰਚ ਕੀਤਾ ਗਿਆ ਤਾਂ ਇਹ ਨੰਬਰ ਸੁਰੇਸ਼ ਪੰਸਾਰੀ ਦੇ ਨਾਮ 'ਤੇ ਰਜਿਸਟਰ ਸੀ । ਇਸ ਬਾਰੇ ਪਤਾ ਲੱਗਣ 'ਤੇ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਸ਼ਿਕਾਇਤ ਦੀ ਜਾਣਕਾਰੀ ਦੋਸ਼ੀ ਨੂੰ ਵੀ ਮਿਲ ਗਈ ਤਾਂ ਉਸ ਨੇ ਵਟਸਐੱਪ ਨੰਬਰ ਤੋਂ ਕੁੰਵਰ ਵਿਜੇ ਪ੍ਰਤਾਪ ਦੀ ਤਸਵੀਰ ਹਟਾ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਵੀਰੇਸ਼ ਕੁਮਾਰ ਭਾਵਰਾ ਦੇ ਨਾਮ 'ਤੇ ਫ਼ਰਜ਼ੀ ਅਕਾਉਂਟ ਬਣਾ ਕੇ ਵੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਦੇ ਨਾਮ ਤੋਂ ਵੀ ਵਟਸਐੱਪ ਅਕਾਊਂਟ ਹੀ ਬਣਾਇਆ ਗਿਆ ਸੀ। ਜਿਸ ਦੀ ਵਰਤੋਂ ਕਰ ਕੇ ਦੋਸ਼ੀ ਨੇ ਵੱਖ-ਵੱਖ ਸ਼ਹਿਰਾਂ ਦੇ ਡਿਪਟੀ ਕਮਿਸ਼ਨਰ ਅਤੇ ਉੱਚ-ਅਧਿਕਾਰੀਆਂ ਨੂੰ ਮੈਸੇਜ ਭੇਜ ਕੇ ਪੈਸੇ ਮੰਗੇ ਗਏ ਸਨ। ਜਿਸ 'ਤੇ ਕਾਰਵਾਈ ਕਰਦਿਆਂ ਪੰਜਾਬ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਦਿੱਲੀ ਤੋਂ ਬੈਠੇ 2 ਨਾਈਜੀਰੀਅਨ ਨੂੰ ਗ੍ਰਿਫ਼ਤਾਰ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।