ਫੇਸਬੁੱਕ ''ਤੇ ਦੋਸਤੀ ਕਰਨ ਤੋਂ ਬਾਅਦ ਬੱਚਿਆਂ ਸਣੇ ਅਗਵਾ ਕੀਤੀ ਜਨਾਨੀ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ
Saturday, Sep 26, 2020 - 06:04 PM (IST)
ਗੁਰਦਾਸਪੁਰ (ਜ. ਬ.) : ਫੇਸਬੁੱਕ 'ਤੇ ਦੋਸਤੀ ਕਰਕੇ ਜਨਾਨੀ ਸਮੇਤ ਉਸਦੇ 2 ਬੱਚਿਆਂ ਨੂੰ ਅਗਵਾ ਕਰਨ ਤੋਂ ਬਾਅਦ ਔਰਤ ਦੇ ਪਤੀ ਤੋਂ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਵਾਲੇ ਮੁਲਜ਼ਮ ਨੂੰ ਪੁਰਾਣਾ ਸ਼ਾਲਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਇਕ ਪਿੰਡ ਦੇ ਵਿਅਕਤੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ 10 ਸਤੰਬਰ ਨੂੰ ਉਹ ਬਿਜਲੀ ਦਾ ਬਿੱਲ ਅਦਾ ਕਰਨ ਲਈ ਪਿੰਡੋਰੀ ਮਹੰਤਾ ਗਿਆ ਸੀ। ਜਦੋਂ ਵਾਪਸ ਘਰ ਆਇਆ ਤਾਂ ਉਸ ਦੀ ਪਤਨੀ, 12 ਸਾਲ ਦੀ ਲੜਕੀ ਅਤੇ 8 ਸਾਲ ਦਾ ਲੜਕਾ ਘਰ 'ਚ ਨਹੀਂ ਸੀ। ਕਾਫੀ ਭਾਲ ਕਰਨ 'ਤੇ ਤਿੰਨਾਂ ਦਾ ਕੁਝ ਪਤਾ ਨਹੀਂ ਲੱਗਾ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਆਧੁਨਿਕ ਢੰਗ ਨਾਲ ਜਾਂਚ ਸ਼ੁਰੂ ਕਰ ਕੇ ਬੀਤੇ ਦਿਨ ਉਕਤ ਔਰਤ ਸਮੇਤ ਦੋਵਾਂ ਬੱਚਿਆਂ ਨੂੰ ਜ਼ੀਰਕਪੁਰ ਤੋਂ ਬਰਾਮਦ ਕਰ ਲਿਆ ਸੀ।
ਇਹ ਵੀ ਪੜ੍ਹੋ : ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਨੂੰ ਲੱਗਾ ਪਹਿਲਾ ਵੱਡਾ ਝਟਕਾ
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਬਲਜਿੰਦਰ ਸਿੰਘ ਅਤੇ ਜੋਤੀ ਸ਼ਰਮਾ 'ਚ ਫੇਸਬੁੱਕ ਰਾਹੀਂ ਸੰਪਰਕ ਹੋਇਆ ਅਤੇ ਲੰਮਾ ਸਮਾਂ ਦੋਵੇਂ ਫੇਸਬੁੱਕ 'ਤੇ ਇਕ ਦੂਜੇ ਦੇ ਸੰਪਰਕ 'ਚ ਰਹੇ। ਇਸੇ ਆੜ 'ਚ ਮੁਲਜ਼ਮ 10 ਸਤੰਬਰ ਨੂੰ ਪਿੰਡ ਬਹਾਦਰ ਆਇਆ ਅਤੇ ਉਕਤ ਔਰਤ ਸਮੇਤ ਉਸਦੇ 2 ਬੱਚਿਆਂ ਨੂੰ ਆਪਣੇ ਨਾਲ ਲੈ ਗਿਆ। ਉਪਰੰਤ ਮੁਲਜ਼ਮ ਨੇ ਉਕਤ ਔਰਤ ਦੇ ਪਤੀ ਨਾਲ ਬੱਚਿਆ ਦੇ ਬਦਲੇ 5 ਲੱਖ ਰੁਪਏ ਦੀ ਮੰਗ ਸ਼ੁਰੂ ਕਰ ਦਿੱਤੀ। ਪੀੜਤ ਨੇ ਪੁਲਸ ਨੂੰ ਉਹ ਮੋਬਾਇਲ ਨੰਬਰ ਦੇ ਦਿੱਤਾ, ਜਿਸ ਤੋਂ ਫਿਰੌਤੀ ਦੀ ਮੰਗ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ : ਗਠਜੋੜ 'ਚ ਸਿਖ਼ਰਾਂ 'ਤੇ ਪਹੁੰਚੀ ਤਲਖੀ, ਸੁਖਬੀਰ ਬਾਦਲ ਨੂੰ ਭਾਜਪਾ ਦਾ ਠੋਕਵਾਂ ਜਵਾਬ
ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਕ ਯੋਜਨਾ ਬਣਾ ਕੇ ਮੁਲਜ਼ਮ ਬਲਜਿੰਦਰ ਸਿੰਘ ਦੇ ਦਿਆਲਪੁਰਾ ਜ਼ੀਰਕਪੁਰ ਦੇ ਨਿਵਾਸ 'ਤੇ ਛਾਪੇਮਾਰੀ ਕਰ ਕੇ ਉਥੋਂ ਔਰਤ ਅਤੇ ਦੋਵਾਂ ਬੱਚਿਆਂ ਨੂੰ ਬਰਾਮਦ ਕਰ ਲਿਆ ਪਰ ਮੁਲਜ਼ਮ ਹੱਥ ਨਹੀਂ ਲੱਗਾ। ਉਕਤ ਔਰਤ ਨੇ ਵੀ ਬਿਆਨ ਦਿੱਤਾ ਹੈ ਕਿ ਮੁਲਜ਼ਮ ਫੇਸਬੁੱਕ ਰਾਹੀਂ ਉਸ ਦੇ ਸੰਪਰਕ ਵਿਚ ਆਇਆ ਸੀ ਅਤੇ ਗੁੰਮਰਾਹ ਕਰ ਕੇ ਆਪਣੇ ਨਾਲ ਸਾਨੂੰ ਲੈ ਗਿਆ ਅਤੇ ਬਾਅਦ 'ਚ ਉਸਨੇ ਉਸ ਦੇ ਪਤੀ ਤੋਂ ਸਾਡੀ ਰਿਹਾਈ ਦੇ ਬਦਲੇ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ। ਬੀਤੀ ਰਾਤ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ ਅਤੇ ਉਸ ਦੇ ਬਾਅਦ ਸਖ਼ਤੀ ਨਾਲ ਪੁੱਛਗਿਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸੁਖਬੀਰ ਦੀ ਮੀਟਿੰਗ 'ਚ ਅਕਾਲੀਆਂ ਦੇ ਤੇਵਰ ਸਖ਼ਤ, ਭਾਜਪਾ ਖ਼ਿਲਾਫ਼ ਸਖ਼ਤ ਸਟੈਂਡ ਲੈਣ ਦੀ ਮੰਗ