ਫਾਦਰ ਐਂਥਨੀ ਦਾ ਦਾਅਵਾ: ਪੁਲਸ ਨੇ ਘਰੋਂ ਜ਼ਬਤ ਕੀਤੇ 16.65 ਕਰੋੜ 'ਚੋਂ 9.65 ਕਰੋੜ ਹੀ ਕੀਤੇ ਪੇਸ਼ (ਵੀਡੀਓ)

Monday, Apr 01, 2019 - 11:28 AM (IST)

ਜਲੰਧਰ - ਖੰਨਾ ਪੁਲਸ ਵਲੋਂ ਕਰੋੜਾਂ ਦੀ ਰਾਸ਼ੀ ਦੇ ਨਾਲ ਫੜੇ ਗਏ ਪ੍ਰਤਾਪਪੁਰਾ ਰਹਿੰਦੇ ਫਾਦਰ ਐਂਥਨੀ ਨੇ ਐਤਵਾਰ ਨੂੰ ਖੁਦ ਨੂੰ ਬੇਕਸੂਰ ਦੱਸਦੇ ਹੋਏ ਖੰਨਾ ਪੁਲਸ 'ਤੇ ਹੀ ਕਰੋੜਾਂ ਰੁਪਏ ਗਾਇਬ ਕਰਨ ਦੇ ਦੋਸ਼ ਲਾ ਦਿੱਤੇ। ਨੰਨ ਕੇਸ 'ਚ ਫਸੇ ਫਰੈਂਕੋ ਮੁਲੱਕਲ ਦੇ ਕਰੀਬੀ ਫਾਦਰ ਐਂਥਨੀ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਸ ਨੇ ਉਨ੍ਹਾਂ ਦੇ ਘਰੋਂ ਜੋ 16.65 ਕਰੋੜ ਰੁਪਏ ਬਰਾਮਦ ਕੀਤੇ ਸਨ, ਉਹ ਉਨ੍ਹਾਂ ਦੀ ਫਰਮ ਦੇ ਸਨ, ਜਿਨ੍ਹਾਂ 'ਚੋਂ 9.65 ਕਰੋੜ ਹੀ ਪੁਲਸ ਨੇ ਸ਼ੋਅ ਕੀਤੇ।
ਫਾਦਰ ਐਂਥਨੀ ਨੇ ਕਿਹਾ ਕਿ ਉਹ ਪੀਟਰ ਜਾਸ਼, ਪਾਲ ਅਤੇ ਸ਼ਾਈਨ ਦੇ ਨਾਲ ਮਿਲ ਕੇ ਇਕ ਫਰਮ ਚਲਾਉਂਦੇ ਹਨ। ਉਹ 4 ਪਾਰਟਨਰ ਹਨ। ਪੰਜਾਬ ਦੇ ਕੁੱਲ 44 ਸਕੂਲਾਂ 'ਚ ਉਹ ਕਿਤਾਬਾਂ, ਸਟੇਸ਼ਨਰੀ, ਵਰਦੀ ਤੇ ਹੋਰ ਵੀ ਸੁਰੱਖਿਆ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ। ਕਈ ਬੁੱਕ ਡੀਲਰ ਉਨ੍ਹਾਂ ਨੂੰ ਸਕੂਲਾਂ ਤੋਂ ਆਰਡਰ ਦਿਵਾਉਂਦੇ ਹਨ ਅਤੇ ਉਸ 'ਚੋਂ ਵੀ ਉਨ੍ਹਾਂ ਦੀ ਕੰਪਨੀ ਨੂੰ ਪੈਸਾ ਆਉਂਦਾ ਹੈ। ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਬੈਂਕ 'ਚ ਆਪਣੀ ਕੰਪਨੀ ਦੇ 14 ਕਰੋੜ ਰੁਪਏ ਜਮ੍ਹਾ ਕਰਵਾਏ ਸਨ, ਜਦਕਿ ਬਾਕੀ ਰਾਸ਼ੀ 16 ਕਰੋੜ 65 ਲੱਖ ਰੁਪਏ 29 ਮਾਰਚ ਨੂੰ ਜਮ੍ਹਾ ਕਰਵਾਉਣੇ ਸਨ। ਬੈਂਕ ਦੇ ਕਰਮਚਾਰੀ ਜਦੋਂ ਉਨ੍ਹਾਂ ਦੇ ਨਿਵਾਸ 'ਤੇ ਆ ਕੇ ਪੈਸੇ ਗਿਣ ਰਹੇ ਸਨ ਤਾਂ ਖੰਨਾ ਪੁਲਸ ਨੇ ਰੇਡ ਕਰ ਕੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ, ਜਦਕਿ ਬੈਂਕ ਕਰਮਚਾਰੀਆਂ ਵਲੋਂ ਗਿਣੇ ਗਏ 9.65 ਕਰੋੜ ਸਮੇਤ ਸਾਰੀ ਰਕਮ ਕਬਜ਼ੇ 'ਚ ਲੈ ਲਈ ਗਈ।
ਉਨ੍ਹਾਂ ਕਿਹਾ ਕਿ ਖੰਨਾ ਪੁਲਸ ਉਸ ਨੂੰ ਖੰਨਾ ਤੋਂ ਹਿਰਾਸਤ 'ਚ ਲੈਣ ਦੀ ਗੱਲ ਕਰ ਰਹੀ ਹੈ, ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ 16.65 ਕਰੋੜ ਰੁਪਏ 'ਚੋਂ ਸਿਰਫ 9.65 ਕਰੋੜ ਰੁਪਏ ਦੀ ਰਾਸ਼ੀ ਹੀ ਸ਼ੋਅ ਕੀਤੀ, ਜਦਕਿ ਬਾਕੀ ਦੀ ਰਕਮ ਕਿੱਥੇ ਹੈ, ਇਸ ਬਾਰੇ ਕੁਝ ਪਤਾ ਨਹੀਂ। ਫਾਦਰ ਐਂਥਨੀ ਨੇ ਕਿਹਾ ਕਿ ਦੋਬਾਰਾ ਤੋਂ ਖੰਨਾ ਪੁਲਸ ਨੂੰ ਘਰ ਲਿਜਾ ਕੇ ਸ਼ੋਅ ਕੀਤੀ ਗਈ 9.65 ਕਰੋੜ ਰੁਪਏ ਦੀ ਰਕਮ ਦੇ ਦਸਤਾਵੇਜ਼ ਦੇ ਦਿੱਤੇ ਗਏ ਸਨ, ਜਦਕਿ ਬਾਕੀ ਦੀ ਰਕਮ ਦੇ ਵੀ ਸਾਰੇ ਦਸਤਾਵੇਜ਼ ਹਨ। ਉਨ੍ਹਾਂ ਕਿਹਾ ਕਿ ਖੰਨਾ ਪੁਲਸ ਨੇ ਬਾਕੀ ਦੀ ਰਕਮ ਹੜੱਪ ਲਈ ਹੈ, ਜਿਸ ਕਾਰਨ ਉਹ ਖੰਨਾ ਪੁਲਸ ਦੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਮਾਣਯੋਗ ਹਾਈ ਕੋਰਟ ਤੱਕ ਜਾਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਲੱਗੇ ਹਵਾਲਾ ਕਾਰੋਬਾਰੀ ਅਤੇ ਧਰਮ ਪਰਿਵਰਤਨ ਦੇ ਸਾਰੇ ਦੋਸ਼ ਝੂਠੇ ਹਨ। ਫਾਦਰ ਐਂਥਨੀ ਨੇ ਸਾਰੀ ਰਕਮ ਨੂੰ ਵਾਈਟ ਦੱਸਿਆ ਪਰ ਇੰਨੀ ਵੱਡੀ ਰਕਮ ਘਰੋਂ ਮਿਲਣੀ ਅਤੇ ਇਕ ਫਰਮ ਦੀ ਇੰਨੀ ਰਕਮ ਹੋਣੀ ਸ਼ੱਕੀ ਗੱਲ ਹੈ।


author

Khushdeep Jassi

Content Editor

Related News