ਨਾਭਾ ਜੇਲ ਕਾਂਡ ਤੇ ਗੁਰਦਾਸਪੁਰ ਗੈਂਗਵਾਰ ''ਚ ਵਰਤੀਆਂ ਕਾਰਾਂ ਬਰਾਮਦ
Thursday, Jun 15, 2017 - 02:58 AM (IST)
ਗੁਰਦਾਸਪੁਰ, (ਦੀਪਕ)– ਅੱਜ ਗੁਰਦਾਸਪੁਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਹੈੱਡ ਕੁਆਰਟਰ ਜਤਿੰਦਰ ਸਿੰਘ ਮੰਡ ਨੇ ਦੱਸਿਆ ਕਿ ਅਸੀਂ ਨਾਭਾ ਜੇਲ ਕਾਂਡ ਤੇ ਗੁਰਦਾਸਪੁਰ ਗੈਂਗਵਾਰ 'ਚ ਵਰਤੀਆਂ ਚਾਰ ਕਾਰਾਂ ਨੂੰ ਫੜੇ ਗਏ ਗੈਂਗਸਟਰਾਂ ਦੀ ਨਿਸ਼ਾਨਦੇਹੀ 'ਤੇ ਬਰਾਮਦ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਅਲੱਗ-ਅਲੱਗ ਥਾਵਾਂ ਤੋਂ ਕਾਰਾਂ ਦੀ ਇਹ ਲੁੱਟ-ਖੋਹ ਵਿੱਕੀ ਗੌਂਡਰ ਗੈਂਗ ਦੇ ਸਾਥੀ ਅਕਾਲੀ ਸਰਪੰਚ ਜਗਰੂਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਤਲਵੰਡੀ ਬੁੱਥਣਗੜ੍ਹ ਤੇ ਉਸ ਦਾ ਰਿਸ਼ਤੇਦਾਰ ਗਗਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਕੈਲੇ ਕਲਾਂ ਕਰਦੇ ਸਨ।
ਜਾਣਕਾਰੀ ਦਿੰਦਿਆਂ ਐੱਸ. ਪੀ. ਜਤਿੰਦਰ ਸਿੰਘ ਮੰਡ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਫੜੇ ਗਏ ਗੈਂਗਸਟਰ ਗਿਆਨ ਖਰਲਾਂਵਾਲਾ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਅਕਾਲੀ ਸਰਪੰਚ ਜਗਰੂਪ ਸਿੰਘ ਤੇ ਉਸ ਦਾ ਰਿਸ਼ਤੇਦਾਰ ਗਗਨਦੀਪ ਸਿੰਘ ਉਨ੍ਹਾਂ ਨੂੰ ਲੁੱਟਾਂ-ਖੋਹਾਂ ਕਰ ਕੇ ਕਾਰਾਂ ਵਿੱਕੀ ਗੌਂਡਰ ਗੈਂਗ ਨੂੰ ਸਪਲਾਈ ਕਰਦੇ ਸਨ, ਜਿਸ ਤਹਿਤ ਨਾਭਾ ਜੇਲ ਕਾਂਡ 'ਚ ਤਰਨਤਾਰਨ ਤੋਂ ਖੋਹੀ ਹਾਂਡਾ ਸਿਟੀ ਕਾਰ ਦਾ ਇਸਤੇਮਾਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਾਭਾ ਜੇਲ ਕਾਂਡ 'ਚ ਜਿਨ੍ਹਾਂ ਪੰਜ ਗੈਂਗਸਟਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ, ਉਨ੍ਹਾਂ 'ਚ ਗੈਂਗਸਟਰ ਗਿਆਨ ਖਰਲਾਂਵਾਲਾ ਕੈਦੀ ਦੇ ਰੂਪ 'ਚ ਜਦਕਿ ਹੈਰੀ ਚੱਠਾ ਨੇ ਏ. ਐੱਸ. ਆਈ. ਦੀ ਵਰਦੀ, ਲਾਡਾ, ਸੁੱਖ ਤੇ ਇਕ ਹੋਰ ਗੈਂਗਸਟਰ ਨੇ ਪੁਲਸ ਮੁਲਾਜ਼ਮਾਂ ਦੀ ਵਰਦੀ ਪਾਈ ਹੋਈ ਸੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਪਲਾਨਿੰਗ ਸਰਪੰਚ ਜਗਰੂਪ ਸਿੰਘ ਤੇ ਗਗਨਦੀਪ ਸਿੰਘ ਹੀ ਕਰਦੇ ਸਨ ਤੇ ਇਹ ਹੀ ਗੈਂਗਸਟਰਾਂ ਨੂੰ ਰਹਿਣ ਲਈ ਜਗ੍ਹਾ ਦਿੰਦੇ ਸਨ। ਜਾਣਕਾਰੀ ਦਿੰਦਿਆਂ ਡੀ. ਐੱਸ. ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਨੇ ਤਰਨਤਾਰਨ ਤੋਂ ਹਾਂਡਾ ਸਿਟੀ ਗੱਡੀ ਖੋਹੀ ਸੀ, ਜੋ ਨਾਭਾ ਜੇਲ ਕਾਂਡ 'ਚ ਵਰਤੀ ਸੀ। ਟਾਂਡਾ ਤੋਂ ਕਰੇਟਾ ਗੱਡੀ ਖੋਹੀ, ਕੱਥੂਨੰਗਲ ਤੋਂ ਇਨੋਵਾ ਗੱਡੀ ਖੋਹੀ ਸੀ, ਦਸੂਹਾ ਤੋਂ ਡਿਜ਼ਾਇਰ ਗੱਡੀ ਖੋਹੀ ਸੀ, ਜੋ ਬਠਿੰਡਾ ਸ਼ਹਿਰ ਦੀ ਗੱਡੀ ਸੀ। ਇਹ ਸਾਰੀਆਂ ਖੋਹੀਆਂ ਹੋਈਆਂ ਗੱਡੀਆਂ ਨੂੰ ਵਾਰਦਾਤਾਂ 'ਚ ਇਸਤੇਮਾਲ ਕਰਦੇ ਸਨ। ਪੁੱਛਗਿੱਛ ਦੌਰਾਨ ਫੜੇ ਗਏ ਗੈਂਗਸਟਰਾਂ ਨੇ ਇਕ ਡਸਟਰ ਗੱਡੀ ਦਾ ਵੀ ਖੁਲਾਸਾ ਕੀਤਾ ਹੈ, ਜੋ ਕਿ ਯੂ. ਪੀ. ਦੇ ਨੰਬਰ 'ਤੇ ਸੀ। ਡੀ. ਐੱਸ. ਡਿਟੈਕਟਿਵ ਦੇਵ ਦੱਤ ਸ਼ਰਮਾ ਨੇ ਗੁਰਦਾਸਪੁਰ ਗੈਂਗਵਾਰ ਦੀ ਵਾਰਦਾਤ ਬਾਰੇ ਦੱਸਿਆ ਕਿ ਗਿਆਨ ਖਰਲਾਂਵਾਲਾ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਗੁਰਦਾਸਪੁਰ ਘਟਨਾ ਦੀ ਰੇਕੀ ਸੁੱਖ ਨੇ ਕੀਤੀ ਸੀ, ਜੋ ਪਿੰਡ ਪੁਰਾਣਾ ਸ਼ਾਲਾ ਦੇ ਨੇੜੇ ਧਾਰੀਵਾਲ ਖਿੱਚੀਆਂ ਦਾ ਰਹਿਣ ਵਾਲਾ ਹੈ, ਜਿਸ ਨੇ 20 ਅਪ੍ਰੈਲ ਨੂੰ ਸੂਬੇਦਾਰ ਦੀ ਸਾਰੀ ਰੇਕੀ ਕਰ ਕੇ ਗੈਂਗਸਟਰਾਂ ਤੱਕ ਪਹੁੰਚਾਈ ਸੀ। ਇਸ ਨੂੰ ਅਸੀਂ 6 ਦਿਨ ਦੇ ਰਿਮਾਂਡ 'ਤੇ ਲੈ ਲਿਆ ਹੈ ਤੇ ਹੋਰ ਕਈ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਵਿੱਕੀ ਗੌਂਡਰ ਗੁਰਦਾਸਪੁਰ ਵਾਰਦਾਤ 'ਚ ਮੌਜੂਦ ਸੀ, ਜੋ ਇਸ ਵੇਲੇ ਪੰਜਾਬ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਫੜੀਆਂ ਗਈਆਂ ਚਾਰੇ ਕਾਰਾਂ ਪੁਲਸ ਦੀ ਹਿਰਾਸਤ ਵਿਚ ਹਨ ਤੇ ਫੜੇ ਗਏ ਗੈਂਗਸਟਰਾਂ ਤੋਂ ਪੁੱਛਗਿੱਛ ਜਾਰੀ ਹੈ।
