ਵੀ. ਆਈ. ਪੀ. ਸੁਰੱਖਿਆ ’ਚ ਤਾਇਨਾਤ ਇੰਸਪੈਕਟਰ ਜੋੜੇ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ

Sunday, Feb 18, 2024 - 06:38 PM (IST)

ਵੀ. ਆਈ. ਪੀ. ਸੁਰੱਖਿਆ ’ਚ ਤਾਇਨਾਤ ਇੰਸਪੈਕਟਰ ਜੋੜੇ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ

ਚੰਡੀਗੜ੍ਹ (ਸੁਸ਼ੀਲ) : ਵੀ. ਆਈ. ਪੀ. ਸੁਰੱਖਿਆ ਵਿਚ ਤਾਇਨਾਤ ਇੰਸਪੈਕਟਰ ਹਰਿੰਦਰ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਦੀ ਜਾਇਦਾਦ ’ਚ ਅਚਾਨਕ 80.30 ਫ਼ੀਸਦੀ ਦਾ ਵਾਧਾ ਹੋਇਆ ਹੈ। ਸੀ. ਬੀ. ਆਈ. ਨੂੰ ਜੋੜੇ ਦੀ ਆਮਦਨ ਨਾਲੋਂ 1 ਕਰੋੜ 47 ਲੱਖ 26 ਹਜ਼ਾਰ 128 ਰੁਪਏ ਵੱਧ ਮਿਲੇ ਹਨ। ਸੀ.ਬੀ.ਆਈ. ਟੀਮ ਇੰਸਪੈਕਟਰ ਜੋੜੇ ਦੀ ਬੇਨਾਮੀ ਜਾਇਦਾਦ ਦਾ ਰਿਕਾਰਡ ਹਾਸਲ ਕਰਨ ’ਚ ਲੱਗੀ ਹੋਈ ਹੈ। ਚੰਡੀਗੜ੍ਹ ਸੀ. ਬੀ. ਆਈ. ਹੁਣ ਇੰਸਪੈਕਟਰ ਜੋੜੇ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਵੇਰਵੇ ਪ੍ਰਾਪਤ ਕਰੇਗੀ। ਜਾਂਚ ਵਿਚ ਸਾਹਮਣੇ ਆਇਆ ਕਿ ਇੰਸਪੈਕਟਰ ਹਰਿੰਦਰ ਸੇਖੋਂ ਦੀ 30 ਲੱਖ ਰੁਪਏ ਦੀ ਆਮਦਨ ’ਚੋਂ 10 ਲੱਖ ਰੁਪਏ ਰਸੋਈ ਦਾ ਖ਼ਰਚਾ ਪਾਇਆ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨ ਅੰਦੋਲਨ ਦੇ ਚੱਲਦੇ ਪੰਜਾਬ ਵਿਚ ਇੰਟਰਨੈੱਟ ਸੇਵਾਵਾਂ ਬੰਦ

ਸੀ. ਬੀ. ਆਈ. ਨੇ ਇੰਸਪੈਕਟਰ ਸੇਖੋਂ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਦੀ 1 ਜਨਵਰੀ 2017 ਤੋਂ 28 ਫਰਵਰੀ 2021 ਤੱਕ ਦੀ ਜਾਇਦਾਦ ਦਾ ਰਿਕਾਰਡ ਹਾਸਲ ਕੀਤਾ ਹੈ। 1 ਜਨਵਰੀ 2017 ਤੱਕ ਚੱਲ ਅਤੇ ਅਚੱਲ ਜਾਇਦਾਦ 13 ਲੱਖ 22 ਹਜ਼ਾਰ 772 ਰੁਪਏ ਸੀ, ਜਿਸ ਵਿਚ ਸੇਖੋਂ ਦਾ ਐੱਚ. ਡੀ. ਐੱਫ. ਸੀ. ਬੈਂਕ ਵਿਚ ਬੈਲੇਂਸ 3 ਲੱਖ 83 ਹਜ਼ਾਰ 80 ਰੁਪਏ, ਜਿਊਲਰੀ ਆਈਟਮ 3 ਲੱਖ 50 ਹਜ਼ਾਰ ਰੁਪਏ ਅਤੇ ਪਤਨੀ ਪਰਮਜੀਤ ਕੌਰ ਦਾ ਬੈਂਕ ਬੈਲੈਂਸ 5 ਲੱਖ 89 ਹਜ਼ਾਰ 692 ਰੁਪਏ ਸੀ। 28 ਫਰਵਰੀ, 2021 ਤੱਕ ਅਚੱਲ ਜਾਇਦਾਦ ਵਿਚ ਇੰਸਪੈਕਟਰ ਹਰਿੰਦਰ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਨੇ 2017 ਵਿਚ ਸੈਕਟਰ-36ਬੀ ਵਿਚ ਮਕਾਨ ਨੰਬਰ 555/2 ਵਿਚ 20 ਫ਼ੀਸਦੀ ਹਿੱਸੇਦਾਰੀ ਲਈ ਸੀ, ਜਿਸ ਦੀ ਕੀਮਤ 1 ਕਰੋੜ 28 ਲੱਖ 62 ਹਜ਼ਾਰ 500 ਰੁਪਏ ਸੀ। 15 ਜੁਲਾਈ 2021 ਨੂੰ ਸੇਖੋਂ ਨੇ ਘਰ ਨੂੰ ਆਪਣੀ ਪਤਨੀ ਦੇ ਨਾਮ ਟਰਾਂਸਫਰ ਕਰਵਾਇਆ ਸੀ। ਇਸ ਤੋਂ ਇਲਾਵਾ ਮੁੱਲਾਂਪੁਰ ਗਰੀਬਦਾਸ ਵਿਚ ਉਸ ਦੀ ਪਤਨੀ ਅਤੇ ਰੋਸ਼ਨੀ ਅਰੋੜਾ ਦੇ ਨਾਂ ’ਤੇ ਸਾਂਝਾ ਪਲਾਟ 40 ਲੱਖ 56 ਹਜ਼ਾਰ ਰੁਪਏ ਵਿਚ ਲਿਆ ਗਿਆ ਸੀ। ਸੇਖੋਂ ਨੇ ਪਲਾਟ ਦੀ ਅੱਧੀ ਕੀਮਤ 20 ਲੱਖ 28 ਹਜ਼ਾਰ ਰੁਪਏ ਦਿੱਤੀ ਸੀ। 28 ਫਰਵਰੀ 2021 ਨੂੰ ਮੂਵੇਬਲ ਜਾਇਦਾਦ ਵਿਚ ਸੇਖੋਂ ਦੇ ਬੈਂਕ ਖਾਤੇ ਵਿਚ 14 ਲੱਖ 10 ਹਜ਼ਾਰ 88 ਰੁਪਏ, ਜਿਊਲਰੀ ਸਾਢੇ 4 ਲੱਖ ਰੁਪਏ, ਹਾਊਸਹੋਲਡ ਆਰਟੀਕਲ 5 ਲੱਖ ਰੁਪਏ, ਪਰਮਜੀਤ ਕੌਰ ਦੇ ਬੈਂਕ ਖਾਤੇ ਵਿਚ 13 ਲੱਖ 17 ਹਜ਼ਾਰ 472 ਮਿਲੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਜਾਰੀ ਹੋਈ ਵੱਡੀ ਚਿਤਾਵਨੀ, ਹਨੇਰੀ-ਤੂਫਾਨ ਨਾਲ ਮੋਹਲੇਧਾਰ ਮੀਂਹ ਦਾ ਅਲਰਟ

ਬੈਂਕ ਖਾਤੇ ਦਾ ਬਿਓਰਾ

ਸੀ.ਬੀ.ਆਈ. ਜਾਂਚ ਵਿਚ ਸਾਹਮਣੇ ਆਇਆ ਕਿ 1 ਜਨਵਰੀ 2017 ਤੋਂ 28 ਫਰਵਰੀ 2021 ਤੱਕ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਨੂੰ ਤਨਖ਼ਾਹ ਅਤੇ ਹੋਰ ਭੱਤੇ 50 ਲੱਖ ਰੁਪਏ ਮਿਲੇ ਹਨ, ਜਿਸ ਵਿਚ ਕਰਜ਼ੇ ਦੀ ਕਿਸ਼ਤ, ਜੀਵਨ ਬੀਮਾ ਅਤੇ ਹੋਰ ਖ਼ਰਚੇ ਕੀਤੇ ਗਏ ਹਨ।

ਇਸ ਤਰ੍ਹਾਂ ਆਏ ਸੀ.ਬੀ.ਆਈ. ਦੀ ਨਜ਼ਰ ’ਚ

ਸੀ. ਬੀ. ਆਈ. ਦੀ ਏ.ਸੀ.ਬੀ. ਬ੍ਰਾਂਚ ਦੇ ਐਡੀਸ਼ਨਲ ਐੱਸ.ਪੀ. ਕਰਨ ਸਿੰਘ ਰਾਣਾ ਦੀ ਸ਼ਿਕਾਇਤ ’ਤੇ ਵੀ. ਆਈ . ਪੀ. ਸੁਰੱਖਿਆ ਵਿਚ ਤਾਇਨਾਤ ਇੰਸਪੈਕਟਰ ਹਰਿੰਦਰ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ। ਆਪਰੇਸ਼ਨ ਸੈੱਲ ’ਚ ਇੰਚਾਰਜ ਹੁੰਦਿਆਂ ਸੇਖੋਂ ਸੀ.ਬੀ.ਆਈ. ਦੀ ਨਜ਼ਰ ’ਚ ਆਇਆ ਸੀ। ਸੀ.ਬੀ.ਆਈ. ਨੂੰ ਸ਼ਿਕਾਇਤ ਮਿਲੀ ਸੀ ਕਿ ਜੋੜੇ ਕੋਲ ਆਮਦਨ ਤੋਂ ਜ਼ਿਆਦਾ ਜਾਇਦਾਦ ਹੈ। ਇਸ ਤੋਂ ਬਾਅਦ ਸੀ.ਬੀ.ਆਈ. ਨੇ ਗੁਪਤ ਤੌਰ ’ਤੇ ਇੰਸਪੈਕਟਰ ਜੋੜੇ ਦੀ ਆਮਦਨ ਦਾ ਰਿਕਾਰਡ ਇਕੱਠਾ ਕੀਤਾ ਸੀ। ਆਮਦਨ ਤੋਂ ਵੱਧ ਜਾਇਦਾਦ ਦਾ ਪਤਾ ਲੱਗਣ ਤੋਂ ਬਾਅਦ ਸੀ.ਬੀ.ਆਈ. ਨੇ ਭ੍ਰਿਸ਼ਟਾਚਾਰ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਅਸੀਂ ਲਾਰੈਂਸ ਬਿਸ਼ਨੋਈ ਗੈਂਗ ਤੋਂ ਬੋਲ ਰਹੇ, 30 ਲੱਖ ਰੁਪਏ ਦੇ ਨਹੀਂ ਤਾਂ ਤੇਰਾ ਪਰਿਵਾਰ ਖ਼ਤਮ ਕਰ ਦੇਵਾਂਗੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News