ਜੰਮੂ-ਕਸ਼ਮੀਰ ’ਚ ਲਿਥੀਅਮ ਦੇ ਭੰਡਾਰ ਵਿਕਾਸ ਦੀ ਉਮੀਦ, ਲੋਕਾਂ ਨੂੰ ਵਾਤਾਵਰਣ ਖ਼ਤਰੇ ਦੀ ਵੀ ਚਿੰਤਾ

Thursday, Mar 02, 2023 - 04:19 PM (IST)

ਜੰਮੂ-ਕਸ਼ਮੀਰ ’ਚ ਲਿਥੀਅਮ ਦੇ ਭੰਡਾਰ ਵਿਕਾਸ ਦੀ ਉਮੀਦ, ਲੋਕਾਂ ਨੂੰ ਵਾਤਾਵਰਣ ਖ਼ਤਰੇ ਦੀ ਵੀ ਚਿੰਤਾ

ਜਲੰਧਰ (ਇੰਟ.) : ਜੰਮੂ-ਕਸ਼ਮੀਰ ’ਚ ਲਿਥੀਅਮ ਦੇ 59 ਲੱਖ ਟਨ ਦੀ ਸਮਰੱਥਾ ਵਾਲੇ ਭੰਡਾਰ ਮਿਲਣ ਨਾਲ ਜਿੱਥੇ ਸੂਬੇ ਦੇ ਲੋਕਾਂ ਨੂੰ ਸੂਬੇ ’ਚ ਵੱਡੇ ਪੱਧਰ ’ਤੇ ਵਿਕਾਸ ਹੋਣ ਦੀ ਉਮੀਦ ਹੈ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਵਾਤਾਵਰਣ ਸਬੰਧੀ ਖਤਰੇ ਦੀ ਵੀ ਚਿੰਤਾ ਸਤਾਉਣ ਲੱਗੀ ਹੈ। ਲੋਕਾਂ ਨੂੰ ਆਸ ਹੈ ਕਿ ਇਨ੍ਹਾਂ ਲਿਥੀਅਮ ਦੇ ਭੰਡਾਰਾਂ ਦੀ ਖੋਜ ਜੰਮੂ-ਕਸ਼ਮੀਰ ਖੇਤਰ ਦੇ ਵਿਕਾਸ ਲਈ ਰਾਹ ਪੱਧਰਾ ਕਰੇਗੀ ਅਤੇ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਆਮ ਲੋਕਾਂ ਦੀ ਭਲਾਈ ਦਾ ਸਾਧਨ ਬਣੇਗੀ। ਇਸ ਤੋਂ ਇਲਾਵਾ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਭੰਡਾਰਾਂ ਤੋਂ ਇਕੱਠੇ ਕੀਤੇ ਮਾਲੀਏ ਦਾ ਵੱਡਾ ਹਿੱਸਾ ਸਿੱਖਿਆ, ਸਿਹਤ, ਸੜਕ ਅਤੇ ਇਮਾਰਤ ਨਿਰਮਾਣ ਆਦਿ ਵਰਗੇ ਖੇਤਰਾਂ ਨੂੰ ਮਜ਼ਬੂਤ ​​ਕਰਨ ਲਈ ਵਰਤਿਆ ਜਾਵੇਗਾ। ਇਸ ਨੂੰ ਖੇਤਰ ਦੇ ਸਰਵਪੱਖੀ ਵਿਕਾਸ ਲਈ ਅਹਿਮ ਮੋੜ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਬੰਦ ਹੋਵੇਗੀ ਇਹ ਫਲਾਈਟ

1 ਟਨ ਲਿਥੀਅਮ ਕੱਢਣ ਲਈ ਚਾਹੀਦਾ ਹੈ 22 ਲੱਖ ਲਿਟਰ ਪਾਣੀ
ਮਾਹਿਰਾਂ ਦੀ ਮੰਨੀਏ ਤਾਂ ਲਿਥੀਅਮ ਦੀ ਮਾਈਨਿੰਗ ਨਾਲ ਸਥਾਨਕ ਹਾਲਾਤ ਤੇ ਵਾਤਾਵਰਣ ’ ਤੇ ਕਈ ਮਾੜੇ ਪ੍ਰਭਾਵ ਪੈਂਦੇ ਹਨ ਅਤੇ ਇਸ ਦੇ ਨਤੀਜੇ ਵਜੋਂ ਵਾਤਾਵਰਣ ਸਬੰਧੀ ਬਹੁਤ ਸਾਰੇ ਖ਼ਤਰੇ ਪੈਦਾ ਹੋ ਸਕਦੇ ਹਨ। ਅੰਦਾਜ਼ਾ ਲਗਾਇਆ ਗਿਆ ਹੈ ਕਿ 1 ਟਨ ਲਿਥੀਅਮ ਕੱਢਣ ਲਈ ਲਗਭਗ 22 ਲੱਖ ਲਿਟਰ ਪਾਣੀ ਦੀ ਲੋੜ ਹੁੰਦੀ ਹੈ। ਇਸ ਨਾਲ ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਣ ਵੀ ਹੁੰਦਾ ਹੈ। ਰਿਆਸੀ ਇਕ ਪਹਾੜੀ ਜ਼ਿਲਾ ਹੋਣ ਕਰ ਕੇ ਨਾਜ਼ੁਕ ਹਾਲਾਤ ’ਚ ਹੈ ਅਤੇ ਇਸ ਲਈ ਇਹ ਆਫ਼ਤਾਂ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ। ਮਾਈਨਿੰਗ ਕਾਰਨ ਜਲਵਾਯੂ ’ਚ ਕੋਈ ਵੀ ਤਬਦੀਲੀ ਪੀਣ ਵਾਲੇ ਪਾਣੀ ਤਕ ਪਹੁੰਚ ਨੂੰ ਘੱਟ ਕਰ ਸਕਦੀ ਹੈ। ਇਸ ਨਾਲ ਗਰੀਬਾਂ ਦੀ ਸਿਹਤ ’ਤੇ ਅਸਰ ਪੈ ਸਕਦਾ ਹੈ ਅਤੇ ਇਸ ਖੇਤਰ ’ਚ ਖੁਰਾਕ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਮਨੁੱਖੀ ਉਜਾੜਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ 21 ਹੋਰ ਨਵੀਆਂ ਜਨਤਕ ਰੇਤ ਖੱਡਾਂ ਲੋਕਾਂ ਨੂੰ ਹੋਣਗੀਆਂ ਸਮਰਪਿਤ : ਮੀਤ ਹੇਅਰ

ਅਧਿਕਾਰੀਆਂ ਨੂੰ ਡੂੰਘੇ ਵਿਸ਼ਲੇਸ਼ਣ ਦੀ ਲੋੜ
ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਹਿਮਾਲਿਆਈ ਸੂਬਿਆਂ ’ਚ ਸਾਡੇ ਸਾਹਮਣੇ ਉੱਤਰਾਖੰਡ ਹੈ ਜਿੱਥੇ ਬੇਕਾਬੂ ਆਰਥਿਕ ਸਰਗਰਮੀਆਂ ਦੇ ਪ੍ਰਭਾਵ ਨੇ ਸੂਬੇ ’ਚ ਵਾਤਾਵਰਣ ਨੂੰ ਤਬਾਹ ਕਰ ਦਿੱਤਾ ਹੈ ਅਤੇ ਕਈ ਮੌਤਾਂ ਵੀ ਹੋਈਆਂ ਹਨ। ਜੋਸ਼ੀਮੱਠ ਦੀ ਤਬਾਹੀ ਅਤੇ ਉੱਤਰਾਖੰਡ ਸੂਬੇ ’ਚ 2021 ਦੀ ਚਮੋਲੀ ਆਫਤ ਕੁਦਰਤੀ ਵਾਤਾਵਰਣ ਨਾਲ ਖਿਲਵਾੜ ਦਾ ਨਤੀਜਾ ਹੈ। ਇਸ ਲਈ ਇਸ ਖੇਤਰ ’ਚੋਂ ਲਿਥੀਅਮ ਦੀ ਨਿਕਾਸੀ ਤੋਂ ਪਹਿਲਾਂ ਸਬੰਧਤ ਅਧਿਕਾਰੀਆਂ ਨੂੰ ਜੰਮੂ ਅਤੇ ਕਸ਼ਮੀਰ ਖੇਤਰ ਦੀ ਉੱਚ ਵਾਤਾਵਰਣ-ਸੰਵੇਦਨਸ਼ੀਲਤਾ ਦਾ ਸੰਤੁਲਿਤ ਮੁਲਾਂਕਣ ਅਤੇ ਡੂੰਘਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਇਹ ਇਲਾਕਾ ਉੱਚ ਆਫ਼ਤ ਵਾਲੇ ਖੇਤਰ ’ਚ ਸਥਿਤ ਹੈ ਅਤੇ ਉਨ੍ਹਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਖੇਤਰ ਦੀ ਹਾਲਾਤ ਸਥਿਰਤਾ ਅਤੇ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ ਕਿਉਂਕਿ ਇਹ ਭੰਡਾਰ ਉੱਚੇ ਰੁੱਖਾਂ ਤੇ ਉੱਚੇ ਪਹਾੜਾਂ ਦੇ ਵਿਚਕਾਰ ਚਿਨਾਬ ਨਦੀ ਦੇ ਆਲੇ-ਦੁਆਲੇ ਸਥਿਤ ਹਨ। ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜੇਕਰ ਆਉਣ ਵਾਲੇ ਸਮੇਂ ’ਚ ਰਿਆਸੀ ਜ਼ਿਲੇ ’ਚ ਲਿਥੀਅਮ ਦੀ ਮਾਈਨਿੰਗ ਕੀਤੀ ਜਾਂਦੀ ਹੈ ਤਾਂ ਇਸ ਨੂੰ ਸਥਾਈ ਤੌਰ ’ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਵਾਤਾਵਰਣ ਦੇ ਪਹਿਲੂਆਂ ਵੱਲ ਪੂਰਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਫੈਸਲਾ ਸੰਵਿਧਾਨ ਅਤੇ 3 ਕਰੋੜ ਪੰਜਾਬੀਆਂ ਦੀ ਜਿੱਤ : ‘ਆਪ’    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News