ਪੰਜਾਬ ਵੱਲੋਂ ਆਬਕਾਰੀ ਤੋਂ ਮਾਲੀਏ 'ਚ 2587 ਕਰੋੜ ਦਾ ਮਿਸਾਲੀ ਵਾਧਾ, ਮੰਤਰੀ ਚੀਮਾ ਨੇ ਦਿੱਤੀ ਅਹਿਮ ਜਾਣਕਾਰੀ
Thursday, Apr 06, 2023 - 08:41 PM (IST)
ਚੰਡੀਗੜ੍ਹ : ਪੰਜਾਬ ਦੇ ਆਬਕਾਰੀ ਵਿਭਾਗ ਨੇ ਵਿੱਤੀ ਸਾਲ 2021-2022 ਦੇ ਮੁਕਾਬਲੇ ਵਿੱਤੀ ਸਾਲ 2022-23 ਦੌਰਾਨ ਮਾਲੀਏ ਵਿੱਚ ਇਤਿਹਾਸਕ 2587 ਕਰੋੜ ਰੁਪਏ (41.41 ਫੀਸਦ) ਵਾਧਾ ਦਰਜ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਨੇ ਵਿੱਤੀ ਸਾਲ 2021-22 ਦੌਰਾਨ 6254.74 ਕਰੋੜ ਰੁਪਏ ਦੇ ਨਿਸਬਤ ਸਾਲ 2022-2023 ਦੌਰਾਨ ਸ਼ਰਾਬ ਦੀ ਵਿਕਰੀ ਤੋਂ 8841.4 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ।
ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 41.41 ਫੀਸਦੀ ਦੀ ਰਿਕਾਰਡ ਵਿਕਾਸ ਦਰ ਨਵੀਂ ਆਬਕਾਰੀ ਨੀਤੀ ਨੂੰ ਸਮਰਪਿਤ ਕੀਤੀ । ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੂਬੇ ਵਿੱਚ ਆਬਕਾਰੀ ਉਗਰਾਹੀ ਵਿੱਚ ਮਾਲੀਏ ਦਾ ਬਹੁਤ ਘੱਟ ਵਾਧਾ ਦਰਜ ਕੀਤਾ ਗਿਆ ਸੀ ਅਤੇ ਕਈ ਵਾਰ ਸੂਬੇ ਵਿੱਚ ਆਬਕਾਰੀ ਉਗਰਾਹੀ ਵਿੱਚ ਨਾਂਹ-ਪੱਖੀ ਘਾਟਾ ਵੀ ਦੇਖਿਆ ਗਿਆ । ਅੰਕੜੇ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਵਿੱਤੀ ਸਾਲ 2022-23 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 6254.74 ਕਰੋੜ ਰੁਪਏ ਦੀ ਉਗਰਾਹੀ ਦੇ ਨਾਲ -1.2 ਫੀਸਦੀ ਦੀ ਨਕਾਰਾਤਮਕ ਵਾਧਾ ਦਰ ਰਿਕਾਰਡ ਕੀਤੀ ਗਈ ਸੀ।
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਕਤਲਕਾਂਡ ’ਚ ਲੋੜੀਂਦਾ ਗੈਂਗਸਟਰ ਹਥਿਆਰਾਂ ਸਣੇ ਚੜ੍ਹਿਆ ਪੁਲਸ ਦੇ ਅੜਿੱਕੇ
ਸਾਲ 2020-21 ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ 6335 ਕਰੋੜ ਦੇ ਅੰਕੜੇ ਦੇ ਨਾਲ 23.7% ਦਾ ਵਾਧਾ ਹੋਇਆ ਹੈ। ਪਰ 2019-20 ਵਿੱਚ 5117 ਕਰੋੜ ਰੁਪਏ ਦੀ ਵਸੂਲੀ ਨਾਲ -0.7 ਫੀਸਦ ਦਾ ਨਕਾਰਾਤਮਕ ਵਾਧਾ ਦਰਜ ਕੀਤਾ ਗਿਆ ਸੀ, 2018-19 ਵਿੱਚ 5155.86 ਕਰੋੜ ਦੀ ਇਕੱਤਰਤਾ ਨਾਲ .33 ਪ੍ਰਤੀਸਤ ਵਾਧਾ ਹੋਇਆ ਸੀ । ਇਸੇ ਤਰਾਂ 2017-18 ਵਿੱਚ 5139 ਕਰੋੜ ਦੀ ਵਸੂਲੀ ਦੇ ਨਾਲ 16.6 ਪ੍ਰਤੀਸਤ ਵਾਧਾ ਅਤੇ 2016-17 ਵਿੱਚ ਪਿਛਲੇ ਸਾਲਾਂ ਦੇ ਸਬੰਧ ਵਿੱਚ 4406 ਕਰੋੜ ਦੀ ਉਗਰਾਹੀ ਨਾਲ ਫੇਰ ਨਕਾਰਾਤਮਕ -8.15 ਪ੍ਰਤੀਸ਼ਤ ਵਾਧਾ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੇ ਨਾਂ ਜੁੜੀ ਇਕ ਹੋਰ ਵੱਡੀ ਪ੍ਰਾਪਤੀ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਡਵੋਕੇਟ ਚੀਮਾ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਸਾਲ 2023-24 ਲਈ ਰਿਟੇਲ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਵੀ ਸਫ਼ਲਤਾਪੂਰਵਕ ਮੁਕੰਮਲ ਕਰ ਲਈ ਹੈ। ਵਿੱਤ ਮੰਤਰੀ ਨੇ ਕਿਹਾ ਕਿ 171 ਆਬਕਾਰੀ ਸਮੂਹਾਂ ਦੀ ਅਲਾਟਮੈਂਟ ਸਬੰਧੀ ਪ੍ਰਕਿਰਿਆ 11 ਮਾਰਚ, 2023 ਨੂੰ ਆਰੰਭੀ ਗਈ ਸੀ ਜੋ ਕਿ 31 ਮਾਰਚ 2023 ਨੂੰ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ 7989 ਕਰੋੜ ਰੁਪਏ ਦੀ ਡਿਸਕਵਰਡ ਲਾਇਸੈਂਸ ਫੀਸ ਦੇ ਨਿਰਧਾਰਤ ਟੀਚੇ ਨੂੰ ਪਾਰ ਕਰ ਲਿਆ ਹੈ ਅਤੇ ਵਿੱਤੀ ਸਾਲ 2023-24 ਲਈ 8007.45 ਕਰੋੜ ਰੁਪਏ ਦੀ ਡਿਸਕਵਰਡ ਲਾਇਸੈਂਸ ਫੀਸ ਦੀ ਰਕਮ ਪ੍ਰਾਪਤ ਕਰ ਲਈ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਨੇ ਸਾਲ 2023-24 ਲਈ ਕੁੱਲ 9754 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ ਪਰ ਉਨਾਂ ਨੂੰ ਭਰੋਸਾ ਹੈ ਕਿ ਵਿਭਾਗ 2023-24 ਲਈ ਕੁੱਲ 10,000 ਕਰੋੜ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਲਵੇਗਾ।
ਇਹ ਖ਼ਬਰ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦਰਮਿਆਨ CM ਮਾਨ ਦਾ ਅਹਿਮ ਬਿਆਨ, ਕਹੀਆਂ ਇਹ ਗੱਲਾਂ
ਇਨਫੋਰਸਮੈਂਟ ਗਤੀਵਿਧੀਆਂ ਸਬੰਧੀ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਤਕਨਾਲੋਜੀ ਦੀ ਵਰਤੋਂ ਅਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਸੁਚੱਜੇ ਤਾਲਮੇਲ ਨਾਲ ਇੱਕ ਪ੍ਰਭਾਵਸ਼ਾਲੀ ਇਨਫੋਰਸਮੈਂਟ ਮੁਹਿੰਮ ਲਗਾਤਾਰ ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ 2022 ਤੋਂ 8 ਫਰਵਰੀ 2023 ਤੱਕ ਵਿਭਾਗ ਵੱਲੋਂ ਕੁੱਲ 6317 ਐਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਹਨ, 6114 ਗਿ੍ਰਫ਼ਤਾਰੀਆਂ ਕੀਤੀਆਂ ਗਈਆਂ ਹਨ, 1,48,693 ਲੀਟਰ ਨਾਜਾਇਜ ਸ਼ਰਾਬ ਜ਼ਬਤ ਕੀਤੀ ਗਈ, 5,06,607 ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤਾ ਗਿਆ, 1,74,468 ਲੀਟਰ .ਐੱਮ.ਐੱਲ./ਆਈ.ਐੱਮ.ਐੱਫ.ਐੱਲ./ਬੀਅਰ/ਸਪਿਰਿਟ ਜ਼ਬਤ ਕੀਤਾ ਗਿਆ, 71476 ਲੀਟਰ ਈ.ਐੱਨ.ਏ. ਬਰਾਮਦ ਕੀਤਾ ਗਿਆ, 308 ਵਰਕਿੰਗ ਸਟਿੱਲਸ (ਭੱਠੀਆਂ) ਨੂੰ ਪਤਾ ਲਗਾ ਕੇ ਨਸ਼ਟ ਕੀਤਾ ਗਿਆ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ 592 ਵਾਹਨ ਜ਼ਬਤ ਕੀਤੇ ਗਏ। ਉਨਾਂ ਕਿਹਾ ਕਿ ਦੂਰ-ਦਰਾਡੇ ਦੇ ਨਾ-ਪਹੁੰਚਯੋਗ ਇਲਾਕਿਆਂ, ਜਿੱਥੇ ਨਜਾਇਜ਼ ਸ਼ਰਾਬ ਕੱਢੀ ਜਾਂਦੀ ਹੈ , ਦੀ ਪੁਖਤਾ ਨਿਸ਼ਾਦੇਹੀ ਲਈ ਡਰੋਨ ਤਕਨਾਲੋਜੀ ਵੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਬਤ ਕੀਤੀ ਸ਼ਰਾਬ ਦੀ ਡਿਗਰੀ ਮਾਪਣ ਹਿਤ ਹੈਂਡ-ਹੈਲਥ ਮਾਨੀਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ
ਉਨ੍ਹਾਂ ਅੱਗੇ ਕਿਹਾ ਕਿ ਨਿਰਮਾਤਾ ਤੋਂ ਥੋਕ ਅਤੇ ਪ੍ਰਚੂਨ ਵਿਕਰੇਤਾ ਤੱਕ ਸ਼ਰਾਬ ਦੀ ਆਵਾਜਾਈ ਨੂੰ ਟਰੈਕ ਅਤੇ ਟਰੇਸ ਕਰਨ ਲਈ ਇੱਕ ਟ੍ਰੈਕ ਐਂਡ ਟਰੇਸ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ। ਇਸ ਨਾਲ ਵਿਭਾਗ ਦੇ ਅਧਿਕਾਰੀ ਪ੍ਰਚੂਨ ਪੱਧਰ ਤੱਕ ਲਾਇਸੰਸਧਾਰਕਾਂ ਦੀਆਂ ਸ਼ਰਾਬ ਅਤੇ ਸਟਾਕ ਵਸਤੂਆਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਦੇ ਯੋਗ ਹੋ ਗਏ ਹਨ। ਉਨ੍ਹਾਂ ਕਿਹਾ ਕਿ ਟਰੈਕ ਐਂਡ ਟਰੇਸ ਪ੍ਰੋਜੈਕਟ ਦੇ ਤਹਿਤ, ਪੰਜਾਬ ਰਾਜ ਵਿੱਚ ਆਬਕਾਰੀ ਕਿਊ.ਆਰ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ ਵੀ ਲਾਂਚ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਰਾਜ ਵਿੱਚ ਕੋਈ ਵੀ ਨਕਲੀ/ਨੋਨ-ਡਿਊਟੀ ਭੁਗਤਾਨ ਵਾਲੀ ਸ਼ਰਾਬ ਦੀ ਵਿਕਰੀ ਨਾ ਹੋ ਸਕੇ। ਇਹ ਮੋਬਾਈਲ ਐਪ ਸਾਰੇ ਐਂਡਰੌਇਡ ਫੋਨਾਂ ਦੇ ਨਾਲ-ਨਾਲ ਆਈਓਐਸ ਦੁਆਰਾ ਸੰਚਾਲਿਤ ਮੋਬਾਈਲ ਫੋਨਾਂ ਵਿੱਚ ਕੰਮ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਨਵਜੋਤ ਸਿੱਧੂ ਨੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ
ਡਿਸਟਿਲਰੀਆਂ ਦੀ ਚੈਕਿੰਗ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਚੀਮਾ ਨੇ ਕਿਹਾ ਕਿ ਯੂਨਿਟਾਂ ਵਿੱਚ ਸ਼ਰਾਬ ਦੇ ਉਤਪਾਦਨ ‘ਤੇ ਨਜਰ ਰੱਖਣ ਲਈ ਮਾਸ ਫਲੋ ਮੀਟਰ ਲਗਾਏ ਗਏ ਹਨ। ਡਿਸਟਿਲਰੀਆਂ ਤੋਂ ਸ਼ਰਾਬ ਦੇ ਉਤਪਾਦਨ ਅਤੇ ਪ੍ਰਵਾਹ 'ਤੇ ਨਜ਼ਰ ਰੱਖਣ ਲਈ ਆਬਕਾਰੀ ਭਵਨ ਵਿਖੇ ਸੂਚਨਾ ਤਕਨਾਲੋਜੀ ਦਾ ਮਜ਼ਬੂਤ ਬੁਨਿਆਦੀ ਢਾਂਚਾ ਅਤੇ ਔਨਲਾਈਨ ਰਿਮੋਟ ਨਿਗਰਾਨੀ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਵਿਆਪਕ ਨਿਗਰਾਨੀ ਅਤੇ ਨਵੇਂ ਤਕਨੀਕੀ ਉਪਾਵਾਂ ਦੀ ਮਦਦ ਨਾਲ ਗੁਆਂਢੀ ਰਾਜਾਂ ਤੋਂ ਸ਼ਰਾਬ ਦੀ ਤਸਕਰੀ 'ਤੇ ਸਖ਼ਤ ਰੋਕ ਲਗਾਉਣ ‘ਤੇ ਵੀ ਕੇਂਦ੍ਰਿਤ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਰਾਬ ਮਾਫੀਆ ਨੂੰ ਜੜ੍ਹੋਂ ਪੁੱਟਣ ਦੇ ਨਾਲ-ਨਾਲ ਸੂਬੇ ਦੇ ਆਬਕਾਰੀ ਮਾਲੀਏ ਵਿੱਚ ਵਾਧਾ ਕਰਨ ਲਈ ਕਈ ਉਪਰਾਲੇ ਕੀਤੇ ਹਨ ਤਾਂ ਜੋ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਵੀ ਹਾਜ਼ਰ ਸਨ।