ਆਬਕਾਰੀ ਨੀਤੀ: ਗਰੁੱਪ ਫ਼ੀਸ ’ਚ 1.50 ਕਰੋੜ ਦੀ ਬੱਚਤ, ਘੱਟ ਬਿਨੈਕਾਰਾਂ ਕਾਰਨ ‘ਮੁਕਾਬਲਾ’ ਖ਼ਤਮ

06/27/2022 2:48:25 PM

ਜਲੰਧਰ (ਪੁਨੀਤ)- ਸ਼ਰਾਬ ਦੇ ਠੇਕਿਆਂ ਲਈ ਮੰਗੇ ਗਏ ਟੈਂਡਰਾਂ ਵਿਚ ਬਿਨੈਕਾਰਾਂ ਦੀ ਗਿਣਤੀ ਘੱਟ ਹੋਣ ਕਾਰਨ ਵਿਭਾਗ ਨੇ ਲਾਇਸੈਂਸ ਫ਼ੀਸ ਵਿਚ 5 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਜਲੰਧਰ ਜ਼ੋਨ ਦੇ ਹਰ ਗਰੁੱਪ ਨੂੰ ਕਰੀਬ 1.50 ਕਰੋੜ ਰੁਪਏ ਦੀ ਬੱਚਤ ਹੋਵੇਗੀ, ਜਦਕਿ ਇਸ ਵਾਰ ਮੁਕਾਬਲਾ ਖਤਮ ਹੋਣ ਕਾਰਨ ਬਿਨੈਕਾਰ ਟੈਂਡਰ ਦੀ ਰਾਖਵੀਂ ਕੀਮਤ ’ਚ ਮਾਮੂਲੀ ਵਾਧਾ ਕਰਕੇ ਗਰੁੱਪ ਨੂੰ ਪ੍ਰਾਪਤ ਕਰ ਸਕਦੇ ਹਨ। ਵਿਭਾਗ ਵੱਲੋਂ ਨਿਯਮਾਂ ਵਿਚ ਕੀਤੀਆਂ ਤਬਦੀਲੀਆਂ ਪੁਰਾਣੇ ਟੈਂਡਰਾਂ ’ਤੇ ਲਾਗੂ ਨਹੀਂ ਹੋਣਗੀਆਂ। ਇਸ ਕਾਰਨ ਬਿਨੈਕਾਰ ਜੋਤੀ ਚੌਕ ਤੇ ਰੇਲਵੇ ਸਟੇਸ਼ਨ ਦੇ ਗਰੁੱਪਾਂ ਲਈ ਟੈਂਡਰ ਨਹੀਂ ਭਰ ਸਕਣਗੇ ਕਿਉਂਕਿ ਉਕਤ ਗਰੁੱਪਾਂ ਦੇ ਟੈਂਡਰ ਪਹਿਲਾਂ ਹੀ ਆ ਚੁੱਕੇ ਹਨ ਅਤੇ ਭਰੇ ਗਏ ਟੈਂਡਰਾਂ ’ਚ ਕੋਈ ਤਰੁੱਟੀ ਨਹੀਂ ਹੈ। ਵਿਭਾਗ ਵੱਲੋਂ ਗਰੁੱਪ ਫੀਸ 27 ਤੋਂ 30 ਕਰੋੜ ਰੁਪਏ ਰੱਖੀ ਗਈ ਸੀ, ਜਿਸ ਕਾਰਨ ਟੈਂਡਰਾਂ ਦੀਆਂ ਕੀਮਤਾਂ ਉਚਾਈਆਂ ਨੂੰ ਛੂਹਣ ਦੀ ਸੰਭਾਵਨਾ ਸੀ ਪਰ ਵਿਭਾਗ ਨੂੰ ਉਮੀਦ ਮੁਤਾਬਕ ਹੁੰਗਾਰਾ ਨਹੀਂ ਮਿਲਿਆ।

ਵਿਭਾਗ ਵੱਲੋਂ ਟੈਂਡਰ ਭਰਨ ਦੀ ਫੀਸ 2 ਲੱਖ ਰੁਪਏ ਰੱਖੀ ਗਈ ਹੈ ਜੋ ਕਿ ਨਾ-ਵਾਪਸੀਯੋਗ ਹੈ। ਇਸ ਕਾਰਨ ਟੈਂਡਰ ਦੇਣ ਵਾਲਿਆਂ ਵਿਚ ਕਿਤੇ ਨਾ ਕਿਤੇ ਡਰ ਵੀ ਦੇਖਿਆ ਜਾ ਰਿਹਾ ਸੀ ਕਿਉਂਕਿ ਜੇਕਰ ਕਿਸੇ ਦਾ ਟੈਂਡਰ ਉਨ੍ਹਾਂ ਦੇ ਟੈਂਡਰ ਤੋਂ ਵੱਧ ਕੀਮਤ ’ਤੇ ਆਉਂਦਾ ਸੀ ਤਾਂ ਉਸ ਦੀ 2 ਲੱਖ ਰੁਪਏ ਦੀ ਫੀਸ ਬਰਬਾਦ ਹੋ ਜਾਣੀ ਸੀ। ਪੁਰਾਣੀ ਨੀਤੀ ਅਨੁਸਾਰ ਵਿਭਾਗ ਵੱਲੋਂ ਪਰਚੀ ਪ੍ਰਣਾਲੀ ਰਾਹੀਂ ਡਰਾਅ ਕੱਢੇ ਜਾਂਦੇ ਸਨ, ਜਿਨ੍ਹਾਂ ਦੀ ਫੀਸ ਹਜ਼ਾਰਾਂ ਵਿਚ ਹੁੰਦੀ ਸੀ, ਜਿਸ ਕਾਰਨ ਇਕ ਵਿਅਕਤੀ ਵੱਲੋਂ ਕਈ ਪਰਚੀਆਂ ਪਾ ਦਿੱਤੀਆਂ ਜਾਂਦੀਆਂ ਸਨ। ਇਸ ਵਾਰ ਠੇਕੇਦਾਰਾਂ ਵੱਲੋਂ ਰੱਖੀ ਗਈ 2 ਲੱਖ ਦੀ ਫੀਸ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ। ਲਾਇਸੈਂਸ ਫੀਸ ਜ਼ਿਆਦਾ ਹੋਣ ਕਾਰਨ ਤੇ ਟੈਂਡਰ ਭਰਨ ਲਈ 2 ਲੱਖ ਰੁਪਏ ਦਾ ਡਰਾਫਟ ਜਮ੍ਹਾ ਕਰਵਾਉਣ ਦੀ ਸ਼ਰਤ ਕਾਰਨ ਇਸ ਵਾਰ ਟੈਂਡਰਾਂ ’ਚ ਕਮੀ ਆਈ। ਵਿਭਾਗ ਦਾ ਕਹਿਣਾ ਹੈ ਕਿ 2 ਲੱਖ ਰੁਪਏ ਦੀ ਫ਼ੀਸ ਦੀ ਬਰਬਾਦੀ ਦੀ ਸੰਭਾਵਨਾ ਘੱਟ ਹੋਣ ਕਾਰਨ ਹੁੰਗਾਰਾ ਵਧੇਗਾ। ਨਿਯਮਾਂ ਵਿਚ ਬਦਲਾਅ ਕਾਰਨ 28 ਜੂਨ ਨੂੰ ਬਾਅਦ ਦੁਪਹਿਰ 3 ਵਜੇ ਤੱਕ ਟੈਂਡਰ ਭਰੇ ਜਾ ਸਕਣਗੇ। ਲਾਇਸੈਂਸ ਫੀਸ ਵਿਚ 1.50 ਕਰੋੜ ਰੁਪਏ ਜਮ੍ਹਾ ਹੋਣ ਵਾਲੀ ਸੁਰੱਖਿਆ ਰਾਸ਼ੀ ਵਿਚ ਵੀ 17 ਫ਼ੀਸਦੀ ਦੀ ਕਟੌਤੀ ਕੀਤੀ ਜਾਵੇਗੀ, ਜਿਸ ਕਾਰਨ ਟੈਂਡਰਕਾਰਾਂ ’ਤੇ ਤੁਰੰਤ ਪ੍ਰਭਾਵ ਨਾਲ ਜਮ੍ਹਾ ਕੀਤੀ ਜਾਣ ਵਾਲੀ ਰਕਮ ਦਾ ਵਾਧੂ ਭਾਰ ਨਹੀਂ ਪਵੇਗਾ।

ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ ’ਚ ਤੀਜੇ ਸਥਾਨ ’ਤੇ ਰਹੀ ਕਾਂਗਰਸ ਨੂੰ ਨਿਗਮ ਚੋਣਾਂ ’ਚ ਕਰਨੀ ਪਵੇਗੀ ਸਖ਼ਤ ਮੁਸ਼ੱਕਤ

ਜਲੰਧਰ ਜ਼ੋਨ ਵਿਚ ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਫਗਵਾੜਾ, ਤਰਨਤਾਰਨ, ਐੱਸ. ਬੀ. ਐੱਸ. ਨਗਰ (ਨਵਾਂਸ਼ਹਿਰ), ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲੇ ਆਉਂਦੇ ਹਨ। ਇਨ੍ਹਾਂ ਜ਼ਿਲਿਆਂ ’ਚ 70 ਗਰੁੱਪ ਬਣਾਏ ਗਏ ਸਨ, ਜਿਨ੍ਹਾਂ ਤਹਿਤ ਕੁੱਲ 2220 ਸ਼ਰਾਬ ਦੇ ਠੇਕੇ ਖੋਲ੍ਹਣ ਦੀ ਵਿਵਸਥਾ ਹੈ। ਇਨ੍ਹਾਂ ਲਈ ਰਾਖਵੀਂ ਕੀਮਤ 1984 ਕਰੋੜ ਰੱਖੀ ਗਈ ਸੀ, ਜੋ ਹੁਣ 5 ਫ਼ੀਸਦੀ ਘਟ ਕੇ 1884.80 ਕਰੋੜ ਰਹਿ ਗਈ ਹੈ।

ਇਸ ਲੜੀ ਵਿਚ ਜਲੰਧਰ ਜ਼ਿਲੇ ’ਚ 20 ਗਰੁੱਪ ਬਣਾਏ ਗਏ ਸਨ ਅਤੇ ਉਕਤ ਗਰੁੱਪਾਂ ਦੇ 640 ਠੇਕਿਆਂ ਦੀ ਰਾਖਵੀਂ ਕੀਮਤ 565 ਕਰੋੜ ਰੁਪਏ ਰੱਖੀ ਗਈ ਸੀ, ਜੋ ਹੁਣ ਘਟ ਕੇ 536.75 ਕਰੋੜ ਰੁਪਏ ਰਹਿ ਗਈ ਹੈ। ਗਰੁੱਪ ਮੁਤਾਬਕ ਰਾਖਵੀਂ ਕੀਮਤ 27 ਤੋਂ 30 ਕਰੋੜ ਦੇ ਘੇਰੇ ’ਚ ਰੱਖੀ ਗਈ ਸੀ, ਜੋ ਕਿ ਘਟ ਕੇ 25.65 ਕਰੋੜ ਤੋਂ 28.5 ਕਰੋੜ ਤਕ ਰਹਿ ਗਈ ਹੈ। ਜਲੰਧਰ ਜ਼ਿਲੇ ’ਚ ਸਿਰਫ਼ 2 ਗਰੁੱਪਾਂ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਦਕਿ ਜ਼ੋਨ ’ਚ 18 ਗਰੁੱਪਾਂ ਦੇ ਟੈਂਡਰ ਪ੍ਰਾਪਤ ਹੋਏ ਹਨ। ਇਨ੍ਹਾਂ ’ਚੋਂ ਹੁਸ਼ਿਆਰਪੁਰ ਦੇ 12 ’ਚੋਂ 1 ਗਰੁੱਪ, ਕਪੂਰਥਲਾ ਦੇ 7 ’ਚੋਂ 2, ਅੰਮ੍ਰਿਤਸਰ ਦੇ 12 ’ਚੋਂ 5, ਗੁਰਦਾਸਪੁਰ ਦੇ 7 ’ਚੋਂ 2, ਤਰਨਤਾਰਨ ਅਤੇ ਨਵਾਂਸ਼ਹਿਰ ਲਈ ਕੋਈ ਅਰਜ਼ੀ ਨਹੀਂ ਆਈ ਸੀ, ਜਦਕਿ ਪਠਾਨਕੋਟ ਦੇ ਸਾਰੇ 5 ਗਰੁੱਪਾਂ ਲਈ ਟੈਂਡਰ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ: ਨਹਾਉਂਦੇ ਸਮੇਂ 3 ਸਾਲ ਦਾ ਬੱਚਾ ਪਾਣੀ ਦੀ ਪਾਈਪ ਲਾਈਨ 'ਚ ਫਸਿਆ

ਸ਼ਹਿਰ ਦੇ ਮਾਡਲ ਟਾਊਨ ਤੇ ਬੱਸ ਸਟੈਂਡ ਦੇ ਗਰੁੱਪਾਂ ’ਤੇ ਰਹਿਣਗੀਆਂ ਨਜ਼ਰਾਂ
ਜਲੰਧਰ ਨਗਰ ਨਿਗਮ ਦੀ ਹੱਦ ਅੰਦਰ 13 ਗਰੁੱਪ ਕੰਮ ਕਰਨਗੇ, ਜਿਸ ਵਿਚੋਂ ਸਭ ਦੀਆਂ ਨਜ਼ਰਾਂ ਮਾਡਲ ਟਾਊਨ ਅਤੇ ਬੱਸ ਸਟੈਂਡ ਦੇ ਗਰੁੱਪਾਂ ’ਤੇ ਹੋਣਗੀਆਂ। ਮਾਡਲ ਟਾਊਨ ਗਰੁੱਪ ਦੀ ਰਾਖਵੀਂ ਕੀਮਤ 30.18 ਕਰੋੜ ਸੀ, ਜੋ ਕਿ ਹੁਣ ਘਟ ਕੇ 28.67 ਕਰੋੜ ਦੇ ਨੇੜੇ ਆ ਗਈ ਹੈ। ਇਸੇ ਤਰ੍ਹਾਂ ਸਾਰੇ ਗਰੁੱਪਾਂ ’ਚ 5 ਫ਼ੀਸਦੀ ਦੀ ਕਟੌਤੀ ਕਰਨ ਨਾਲ ਹਰੇਕ ਗਰੁੱਪ ਲਈ 1.50 ਕਰੋੜ ਰੁਪਏ ਤੱਕ ਦੀ ਬੱਚਤ ਹੋਵੇਗੀ। ਜਿਨ੍ਹਾਂ ਗਰੁੱਪਾਂ ਦਾ ਗਠਨ ਕੀਤਾ ਗਿਆ ਹੈ, ਉਨ੍ਹਾਂ ’ਚ ਲੰਮਾ ਪਿੰਡ, ਪਰਾਗਪੁਰ, ਰਾਮਾ ਮੰਡੀ, ਸੋਢਲ ਚੌਕ, ਬੱਸ ਸਟੈਂਡ, ਮਾਡਲ ਹਾਊਸ, ਅਵਤਾਰ ਨਗਰ, ਲੈਦਰ ਕੰਪਲੈਕਸ, ਮਕਸੂਦਾਂ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਦਿਹਾਤੀ ਇਲਾਕੇ ਵਿਚ 358 ਠੇਕਿਆਂ ’ਚ 7 ਗਰੁੱਪਾਂ ਦੀ ਰਾਖਵੀਂ ਕੀਮਤ 194.60 ਕਰੋੜ ਰੁਪਏ ਤੋਂ ਘਟ ਕੇ 184.87 ਕਰੋੜ ਰੁਪਏ ਰਹਿ ਗਈ ਹੈ। ਇਨ੍ਹਾਂ ਵਿਚ ਜਲੰਧਰ ਪੂਰਬੀ ਦਾ ਗੁਰਾਇਆ, ਫਿਲੌਰ, ਜਲੰਧਰ ਪੱਛਮੀ-2 ਦਾ ਨਕੋਦਰ, ਸ਼ਾਹਕੋਟ, ਨੂਰਮਹਿਲ, ਆਦਮਪੁਰ ਅਤੇ ਭੋਗਪੁਰ ਗਰੁੱਪ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗਰੁੱਪ ਲੈਣ ਵਾਲੇ ਬਿਨੈਕਾਰਾਂ ਲਈ ਇਕ ਸੁਵਿਧਾ ਕੇਂਦਰ ਸਥਾਪਤ ਕੀਤਾ ਗਿਆ ਹੈ, ਜਿੱਥੋਂ ਉਹ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ ਗ਼ਰੀਬਾਂ ਦੇ ਸੜੇ ਆਸ਼ੀਆਨੇ, 38 ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਹੋਈਆਂ ਸੁਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News