ਜਲੰਧਰ ਵਿਖੇ PPR ਮਾਲ 'ਚ ਬਬਲੂ ਚਿਕਨ ਕਾਰਨਰ ’ਤੇ ਐਕਸਾਈਜ਼ ਮਹਿਕਮੇ ਦੀ ਛਾਪੇਮਾਰੀ, ਮਾਲਕ ਗ੍ਰਿਫ਼ਤਾਰ

Friday, Sep 02, 2022 - 12:50 PM (IST)

ਜਲੰਧਰ (ਪੁਨੀਤ, ਸੋਨੂੰ)– ਮਾਡਲ ਟਾਊਨ ਨਾਲ ਲੱਗਦੇ ਪੀ. ਪੀ. ਆਰ. ਮਾਲ ਵਿਚ ਬਬਲੂ ਚਿਕਨ ਕਾਰਨਰ ’ਤੇ ਐਕਸਾਈਜ਼ ਮਹਿਕਮੇ ਨੇ ਛਾਪੇਮਾਰੀ ਕਰਕੇ ਬਿਨਾਂ ਲਾਇਸੈਂਸ ਸ਼ਰਾਬ ਪਿਆਉਣ ਦੇ ਦੋਸ਼ ’ਚ ਕਾਰਵਾਈ ਨੂੰ ਅੰਜਾਮ ਦਿੱਤਾ। ਪੁਖ਼ਤਾ ਸੂਚਨਾ ਦੇ ਆਧਾਰ ’ਤੇ ਮਹਿਕਮੇ ਨੇ ਰਾਤ 8 ਵਜੇ ਦੇ ਲਗਭਗ ਛਾਪੇਮਾਰੀ ਕਰਕੇ ਮੌਕੇ ਤੋਂ ਵਰਤੀ ਜਾ ਰਹੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਐਕਸਾਈਜ਼ ਅਧਿਕਾਰੀਆਂ ਨੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਮਾਲਕ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਪੂਰੀ ਪਲਾਨਿੰਗ ਨਾਲ ਕੀਤੀ ਗਈ।

ਛਾਪੇਮਾਰੀ ਹੁੰਦੇ ਹੀ ਇਲਾਕੇ ਵਿਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਬਬਲੂ ਚਿਕਨ ਕਾਰਨਰ ਦੇ ਨਾਲ-ਨਾਲ ਆਲੇ-ਦੁਆਲੇ ਦੇ ਕਈ ਦੁਕਾਨਦਾਰਾਂ ਵੱਲੋਂ ਗਲਤ ਢੰਗ ਨਾਲ ਸ਼ਰਾਬ ਪਿਆਈ ਜਾ ਰਹੀ ਹੈ। ਇਸ ਦੌਰਾਨ ਕਾਰ ਵਿਚ ਸ਼ਰਾਬ ਪੀ ਰਹੇ ਲੋਕ ਪੁਲਸ ਨੂੰ ਦੇਖਦੇ ਹੀ ਮੌਕੇ ਤੋਂ ਫ਼ਰਾਰ ਹੋ ਗਏ, ਜਦੋਂ ਕਿ ਕਈਆਂ ਨੂੰ ਪੁਲਸ ਨੇ ਚਿਤਾਵਨੀ ਦਿਤੀ ਹੈ। ਸ਼ਰਾਬ ਪੀ ਰਹੇ ਲੋਕਾਂ ਦੀਆਂ ਕਾਰਾਂ ਦੇ ਨੰਬਰ ਪੁਲਸ ਵੱਲੋਂ ਨੋਟ ਕਰ ਲਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧ ਵਿਚ ਪਿਛਲੇ ਲੰਮੇ ਅਰਸੇ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਪਰ ਕਾਰਵਾਈ ਨਹੀਂ ਹੋ ਰਹੀ ਸੀ। ਐਕਸਾਈਜ਼ ਅਫ਼ਸਰ ਹਰਜੋਤ ਸਿੰਘ ਬੇਦੀ ਅਤੇ ਜਸਪ੍ਰੀਤ ਸਿੰਘ ਨੇ ਐਕਸਾਈਜ਼ ਇੰਸ. ਰਮਨ ਭਗਤ ਅਤੇ ਰਾਮ ਮੂਰਤੀ ਦੀ ਟੀਮ ਦੇ ਨਾਲ ਪੀ. ਪੀ. ਆਰ. ਮਾਲ ਵਿਚ ਛਾਪੇਮਾਰੀ ਕੀਤੀ। ਸੂਚਨਾ ਦੇ ਆਧਾਰ ’ਤੇ ਹੋਈ ਇਸ ਕਾਰਵਾਈ ਵਿਚ ਟੀਮ ਸਿੱਧਾ ਬਬਲੂ ਚਿਕਨ ਕਾਰਨਰ ’ਤੇ ਪਹੁੰਚੀ ਅਤੇ ਰੈਸਟੋਰੈਂਟ ਦੇ ਅੰਦਰੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਣ ’ਤੇ ਲਿਖ਼ਤੀ ਕਾਰਵਾਈ ਸ਼ੁਰੂ ਕਰਵਾਈ। ਐਕਸਾਈਜ਼ ਅਧਿਕਾਰੀਆਂ ਦੀ ਸੂਚਨਾ ਮਿਲਣ ’ਤੇ ਏ. ਡੀ. ਸੀ. ਪੀ. ਆਦਿੱਤਿਆ ਅਤੇ ਵੈਸਟ ਤੋਂ ਏ. ਸੀ. ਪੀ. ਸਰਫ਼ਰਾਜ਼ ਆਲਮ ਮੌਕੇ ’ਤੇ ਪਹੁੰਚੇ ਅਤੇ ਥਾਣਾ ਨੰਬਰ 7 ਦੀ ਪੁਲਸ ਪਾਰਟੀ ਨੂੰ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ।

ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਬਟਾਲਾ ਤੋਂ ਮਠਿਆਈਆਂ ਲੈ ਕੇ ਸੁਲਤਾਨਪੁਰ ਲੋਧੀ ਪੁੱਜੀਆਂ ਸੰਗਤਾਂ

PunjabKesari

ਪੁਲਸ ਨੇ ਬਬਲੂ ਚਿਕਨ ਕਾਰਨਰ ਦੇ ਵਰਿੰਦਰ ਸਿੰਘ ਠਾਕੁਰ ਪੁੱਤਰ ਰੂਪ ਲਾਲ ਠਾਕੁਰ ਨਿਵਾਸੀ ਅਰਬਨ ਅਸਟੇਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਥਾਣੇ ਲੈ ਗਈ। ਐਕਸਾਈਜ਼ ਅਧਿਕਾਰੀਆਂ ਵੱਲੋਂ ਬਣਾਈ ਰਿਪੋਰਟ ਮੁਤਾਬਕ ਨਾਜਾਇਜ਼ ਢੰਗ ਨਾਲ ਸ਼ਰਾਬ ਪਿਆਉਣ ਦੇ ਦੋਸ਼ ਵਿਚ 68-1-14 ਅਤੇ ਹੋਰ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਥਾਣੇ ਵਿਚ ਜ਼ਮਾਨਤ ਦੇ ਦਿੱਤੀ ਗਈ।

ਸ਼ਰਾਬ ਵੇਚਣ ਦੀਆਂ ਗੱਲਾਂ ਆਈਆਂ ਸਾਹਮਣੇ
ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਜਿਸ ਵਿਅਕਤੀ ਦੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ, ਉਸ ਨੇ ਬਬਲੂ ਚਿਕਨ ਕਾਰਨਰ ਤੋਂ ਸ਼ਰਾਬ ਵੀ ਖਰੀਦੀ ਸੀ। ਇਸ ਦੀ ਵੀਡੀਓ ਦੀਆਂ ਗੱਲਾਂ ਵੀ ਕਹੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ ਸ਼ਰਾਬ ਵੇਚਣ ਦਾ ਮਾਮਲਾ ਵੀ ਦਰਜ ਕਰਵਾਉਣ ਦੀ ਗੱਲ ਸਾਹਮਣੇ ਆ ਰਹੀ ਸੀ ਪਰ ਖਬਰ ਲਿਖੇ ਜਾਣ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਜੈਕਾਰਿਆਂ ਦੀ ਗੂੰਜ ਨਾਲ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਇਆ ਨਗਰ ਕੀਰਤਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News