ਅਹਿਮ ਖ਼ਬਰ: ਐਕਸਾਈਜ਼ ਵਿਭਾਗ ਵੱਲੋਂ ਹੋਟਲ, ਬਾਰ ਤੇ ਪੱਬ ਮਾਲਕਾਂ ਨੂੰ ਸਖ਼ਤ ਹਦਾਇਤਾਂ ਜਾਰੀ

Monday, Sep 02, 2024 - 11:52 AM (IST)

ਅਹਿਮ ਖ਼ਬਰ: ਐਕਸਾਈਜ਼ ਵਿਭਾਗ ਵੱਲੋਂ ਹੋਟਲ, ਬਾਰ ਤੇ ਪੱਬ ਮਾਲਕਾਂ ਨੂੰ ਸਖ਼ਤ ਹਦਾਇਤਾਂ ਜਾਰੀ

ਜਲੰਧਰ (ਪੁਨੀਤ)-ਐਕਸਾਈਜ਼ ਵਿਭਾਗ ਵੱਲੋਂ ਹੋਟਲ, ਬਾਰ ਅਤੇ ਪੱਬ ਮਾਲਕਾਂ ਨੂੰ ਵਿਭਾਗੀ ਹਦਾਇਤਾਂ ਦੀ ਪਾਲਣਾ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਅਤੇ ਨਾਬਾਲਗਾਂ ਨੂੰ ਸ਼ਰਾਬ ਅਤੇ ਬੀਅਰ ਨਾ ਪਰੋਸਣ ਸਬੰਧੀ ਸਖ਼ਤੀ ਵਰਤਣ ਲਈ ਕਿਹਾ ਹੈ। ਇਸ ਸਬੰਧੀ ਐਕਸਾਈਜ਼ ਵਿਭਾਗ ਵੱਲੋਂ ਮੀਟਿੰਗ ਬੁਲਾਈ ਗਈ, ਜਿਸ ਵਿਚ ਬਾਰ, ਹੋਟਲ ਅਤੇ ਪੱਬ ਸੰਚਾਲਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬੀਅਰ ਦੀ ਐਕਸਪਾਇਰੀ ਪ੍ਰਤੀ ਧਿਆਨ ਦਿੱਤਾ ਜਾਵੇ ਅਤੇ ਐਕਸਪਾਇਰ ਹੋਣ ’ਤੇ ਬੀਅਰ ਨਾ ਪਰੋਸੀ ਜਾਵੇ। ਮੀਟਿੰਗ ਵਿਚ ਦੋ-ਟੁੱਕ ਕਿਹਾ ਗਿਆ ਕਿ ਜੇਕਰ ਕੋਈ ਵੀ ਸੰਚਾਲਕ ਐਕਸਪਾਇਰੀ ਬੀਅਰ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਨਾਬਾਲਗਾਂ ਨੂੰ ਸ਼ਰਾਬ ਅਤੇ ਬੀਅਰ ਵੇਚਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਲਈ ਕਿਹਾ ਗਿਆ ਹੈ। ਅਜਿਹਾ ਹੋਣ ਦੀ ਸੂਰਤ ਵਿਚ ਸਖ਼ਤ ਕਦਮ ਚੁੱਕਣ ਸਬੰਧੀ ਦੱਸਿਆ ਗਿਆ ਹੈ।

ਗਾਹਕਾਂ ਦੀ ਸਹੂਲਤ ਲਈ ਬਾਰ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਰਾਬ ਦੀ ਮਾਤਰਾ ਦੀ ਜਾਂਚ ਕਰਨ ਲਈ ਐਲਕੋਮੀਟਰ ਰੱਖਣ ਅਤੇ ਗਾਹਕਾਂ ਦੀ ਮੰਗ ’ਤੇ ਐਲਕੋਮੀਟਰ ਮੁਹੱਈਆ ਕਰਵਾਉਣ। ਸਾਰੇ ਗਾਹਕਾਂ ਨੂੰ ਸ਼ਰਾਬ ਦੀ ਜਾਂਚ ਕਰਨ ਦਾ ਅਧਿਕਾਰ ਹੈ ਅਤੇ ਉਹ ਐਲਕੋਮੀਟਰ ਮੰਗ ਕੇ ਸ਼ਰਾਬ ਦੀ ਮਾਤਰਾ ਦੀ ਜਾਂਚ ਕਰ ਸਕਦੇ ਹਨ।

ਇਹ ਵੀ ਪੜ੍ਹੋ-  ਪੰਜਾਬ 'ਚ ਗੁਰਦੁਆਰਾ ਸਾਹਿਬ 'ਚ ਲੱਗੀ ਭਿਆਨਕ ਅੱਗ, ਦੋ ਪਾਵਨ ਸਰੂਪ ਹੋਏ ਅਗਨ ਭੇਟ

ਇਸ ਦੇ ਨਾਲ ਹੀ ਬਾਹਰਲੇ ਰਾਜਾਂ ਦੀ ਸ਼ਰਾਬ ਨਾ ਵੇਚਣ ਸਬੰਧੀ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਲੋਕਾਂ ਨੂੰ ਬਾਰ ਆਦਿ ਵਿਚ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਅਤੇ ਸ਼ਰਾਬ ਦੇ ਮਾੜੇ ਪ੍ਰਭਾਵਾਂ ਬਾਰੇ ਸਲੋਗਨ ਲਾਉਣ ਲਈ ਕਿਹਾ ਗਿਆ ਹੈ। ਸਹਾਇਕ ਕਮਿਸ਼ਨਰ (ਏ. ਸੀ.) ਨਵਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਵਿਭਾਗੀ ਅਧਿਕਾਰੀ ਜਸਪਾਲ ਸਿੰਘ ਸੰਧੂ, ਹਰਪ੍ਰੀਤ ਸਿੰਘ ਕੰਗ, ਸੁਨੀਲ ਗੁਪਤਾ ਆਦਿ ਹਾਜ਼ਰ ਸਨ।

ਰੁਟੀਨ ’ਚ ਕੀਤੀ ਜਾ ਰਹੀ ਚੈਕਿੰਗ : ਨਵਜੀਤ ਸਿੰਘ
ਸਹਾਇਕ ਕਮਿਸ਼ਨਰ (ਏ. ਸੀ.) ਨਵਜੀਤ ਸਿੰਘ ਨੇ ਕਿਹਾ ਕਿ ਐਕਸਾਈਜ਼ ਵਿਭਾਗ ਵੱਲੋਂ ਨਿਯਮਾਂ ਦੀ ਪਾਲਣਾ ’ਤੇ ਫੋਕਸ ਕੀਤਾ ਜਾ ਰਿਹਾ ਹੈ। ਰੁਟੀਨ ਵਿਚ ਚੈਕਿੰਗ ਕਰਵਾਈ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਕਿ ਨਾਬਾਲਗਾਂ ਨੂੰ ਸ਼ਰਾਬ ਅਤੇ ਬੀਅਰ ਨਾ ਵੇਚੇ ਜਾਣ। ਇਸੇ ਲੜੀ ਤਹਿਤ ਆਉਣ ਵਾਲੇ ਦਿਨਾਂ ਵਿਚ ਵੀ ਚੈਕਿੰਗ ਮੁਹਿੰਮ ਜਾਰੀ ਰਹੇਗੀ।

ਇਹ ਵੀ ਪੜ੍ਹੋ-  ਪੰਜਾਬ 'ਚ ਟਲਿਆ ਵੱਡਾ ਹਾਦਸਾ, ਖੜ੍ਹੀ ਟਰਾਲੀ ਨਾਲ ਟਕਰਾਈ ਟਰੇਨ, ਮਚਿਆ ਚੀਕ-ਚਿਹਾੜਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News