ਐਕਸਾਈਜ਼ ਵਿਭਾਗ ਅਤੇ ਪੁਲਸ ਦੀ ਵੱਡੀ ਕਾਰਵਾਈ, ਸ਼ਰਾਬ ਦਾ ਗੋਦਾਮ ਸੀਲ
Monday, Apr 17, 2023 - 04:37 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫਤਰ ਨੇੜੇ ਬਣੇ ਇਕ ਗੋਦਾਮ ਨੂੰ ਅੱਜ ਐਕਸਾਈਜ਼ ਵਿਭਾਗ ਅਤੇ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਸਾਂਝੀ ਕਾਰਵਾਈ ਕਰਦਿਆ ਸੀਲ ਕਰ ਦਿੱਤਾ। ਇਸ ਗੋਦਾਮ ਵਿਚ ਦੇਸੀ ਸ਼ਰਾਬ ਦੀਆਂ 17945 ਪੇਟੀਆਂ ਸਨ ਜਿਨ੍ਹਾਂ ਸਬੰਧੀ ਵਿਭਾਗ ਅਤੇ ਪੁਲਸ ਸਾਹਮਣੇ ਸਬੰਧਤ ਵਿਅਕਤੀ ਕੋਈ ਰਿਕਾਰਡ ਸਮੇਂ ’ਤੇ ਨਹੀਂ ਦੇ ਸਕੇ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਮਨੀਸ਼ ਕਥੂਰੀਆ ਨੇ ਕਿਹਾ ਕਿ ਸਾਰੀ ਸ਼ਰਾਬ ਪੰਜਾਬ ਦੀ ਹੈ, ਸਾਰੀ ਸ਼ਰਾਬ ਡਿਊਟੀ ਪੇਡ ਹੈ ਪਰ ਇਹ ਸ਼ਰਾਬ ਆਈ ਕਿੱਥੋਂ ਇਸ ਸਬੰਧੀ ਲਾਇਸੈਂਸ ਅਤੇ ਜਿਥੇ ਇਹ ਸ਼ਰਾਬ ਰੱਖੀ ਗਈ ਉਸ ਜਗ੍ਹਾ ਦਾ ਮਨਜੂਰਸ਼ੁਦਾ ਨਕਸ਼ਾ ਪੇਸ਼ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਗੋਦਾਮ ਸੀਲ ਕੀਤਾ ਗਿਆ।
ਵਿਭਾਗ ਵੱਲੋਂ ਇਸ ਸਬੰਧੀ ਰਿਕਾਰਡ ਮੰਗਿਆ ਗਿਆ ਹੈ। ਡੀ. ਐੱਸ. ਪੀ ਰਾਜੇਸ਼ ਸਨੇਹੀ ਨੇ ਕਿਹਾ ਕਿ ਐਕਸਾਈਜ਼ ਵਿਭਾਗ ਨਾਲ ਸਾਂਝੀ ਕਾਰਵਾਈ ਕਰਦਿਆਂ ਇਹ ਗੋਦਾਮ ਸੀਲ ਕੀਤਾ ਗਿਆ ਹੈ। ਇਸ ਸਬੰਧੀ ਰਿਪੋਰਟ ਦਾਖਿਲ ਕੀਤੀ ਗਈ ਹੈ ਅਤੇ ਐਕਸਾਈਜ਼ ਵਿਭਾਗ ਦੀ ਪੜਤਾਲ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੋਦਾਮ ਪੰਜਾਬ ਦੇ ਇਕ ਪ੍ਰਸਿੱਧ ਸ਼ਰਾਬ ਠੇਕੇਦਾਰ ਦਾ ਹੈ ਅਤੇ ਬੀਤੀ ਰਾਤ ਤੋਂ ਹੀ ਐਕਸਾਈਜ਼ ਵਿਭਾਗ ਅਤੇ ਪੁਲਸ ਇਸ ਸਬੰਧੀ ਕਾਰਵਾਈ ਲਈ ਹਰਕਤ ’ਚ ਸੀ। ਇਸ ਸਬੰਧੀ ਸਬੰਧਤ ਵਿਅਕਤੀਆਂ ਤੋਂ ਜ਼ਰੂਰੀ ਕਾਗਜ਼ਾਤ, ਇਸ ਸ਼ਰਾਬ ਦਾ ਲਾਇਸੰਸ ਅਤੇ ਜਗ੍ਹਾ ਦਾ ਨਕਸ਼ਾ ਮੰਗਿਆ ਗਿਆ ਪਰ ਸਵੇਰੇ ਕਰੀਬ 12 ਵਜੇ ਤੱਕ ਕੁਝ ਵੀ ਪੇਸ਼ ਨਹੀਂ ਕੀਤਾ ਗਿਆ। ਜਿਸ ’ਤੇ ਕਾਰਵਾਈ ਸ਼ੁਰੂ ਕਰਦਿਆਂ ਜਦ ਗੋਦਾਮ ਖੋਲ੍ਹਿਆ ਗਿਆ ਤਾਂ ਉਸ ’ਚੋਂ ਦੇਸੀ ਸ਼ਰਾਬ ਦੀਆਂ 17945 ਪੇਟੀਆਂ ਸਨ। ਜੋ ਟੈਕਸ ਪੇਡ ਸਨ ਪਰ ਇਸ ਸਬੰਧੀ ਲਾਇਸੈਂਸ ਅਤੇ ਹੋਰ ਰਿਕਾਰਡ ਨਹੀਂ ਸੀ। ਪੁਲਸ ਅਤੇ ਐਕਸਾਈਜ਼ ਵਿਭਾਗ ਨੇ ਗੋਦਾਮ ਸੀਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।