ਆਬਕਾਰੀ ਵਿਭਾਗ ਵੱਲੋਂ ਟਰੱਕ ''ਚੋਂ ਉਤਾਰੀ ਜਾ ਰਹੀ ਲੱਖਾਂ ਦੀ ਸ਼ਰਾਬ ਬਰਾਮਦ
Wednesday, Sep 11, 2019 - 11:37 AM (IST)
ਕਪੂਰਥਲਾ (ਵਿਪਨ ਮਹਾਜਨ, ਭੂਸ਼ਣ)— ਆਬਕਾਰੀ ਵਿਭਾਗ ਅਤੇ ਕੋਤਵਾਲੀ ਪੁਲਸ ਨੇ ਮੰਗਲਵਾਰ ਦੀ ਰਾਤ ਇਕ ਸਾਂਝੇ ਆਪ੍ਰੇਸ਼ਨ ਤਹਿਤ ਨਜ਼ਦੀਕੀ ਪਿੰਡ ਬੂਟਾਂ 'ਚ ਛਾਪੇਮਾਰੀ ਦੌਰਾਨ ਲੱਖਾਂ ਰੁਪਏ ਮੁੱਲ ਦੀ ਦੂਜੇ ਸੂਬਿਆਂ ਨਾਲ ਸਬੰਧਤ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਟਰੱਕ ਅਤੇ ਘਰ ਦੀਆਂ ਬੇਸਮੈਟਾਂ 'ਚੋਂ 1000 ਤੋਂ ਲੈ ਕੇ 1500 ਤੱਕ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋ ਸਕਦੀਆਂ ਹਨ। ਆਖਰੀ ਸਮਾਚਾਰ ਮਿਲਣ ਤੱਕ ਆਬਕਾਰੀ ਅਤੇ ਪੁਲਸ ਟੀਮਾਂ ਵੱਲੋਂ ਬਰਾਮਦ ਸ਼ਰਾਬ ਦੀਆਂ ਪੇਟੀਆਂ ਗਿਣਨ ਦਾ ਕੰਮ ਜਾਰੀ ਸੀ।
ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਨਜ਼ਦੀਕੀ ਪਿੰਡ ਬੂਟਾਂ 'ਚ ਇਕ ਟਰੱਕ 'ਚੋਂ ਇਕ ਘਰ ਦੇ ਅੱਗੇ ਵੱਡੀ ਮਾਤਰਾ 'ਚ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਉਤਾਰੀਆਂ ਜਾ ਰਹੀਆਂ ਹਨ ਅਤੇ ਸਾਰੀ ਸ਼ਰਾਬ ਦੂਜੇ ਸੂਬਿਆਂ ਨਾਲ ਸਬੰਧਤ ਹੈ, ਜਿਸ ਦੌਰਾਨ ਮੌਕੇ 'ਤੇ ਪੁੱਜੀ ਐਕਸਾਈਜ਼ ਟੀਮ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਨਾਲ ਲੈ ਕੇ ਜਦੋਂ ਮੌਕੇ 'ਤੇ ਛਾਪਾਮਾਰੀ ਕੀਤੀ ਤਾਂ ਕਾਫੀ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ। ਦੱਸਿਆ ਜਾਂਦਾ ਹੈ ਕਿ ਜਦੋਂ ਪੁਲਸ ਅਤੇ ਆਬਕਾਰੀ ਵਿਭਾਗ ਨੇ ਛਾਪਾਮਾਰੀ ਕੀਤੀ ਤਾਂ ਉਸ ਵੇਲੇ ਘਰ 'ਚ ਮੌਜੂਦ ਲੋਕ ਮੌਕੇ ਤੋਂ ਫਰਾਰ ਹੋ ਗਏ।
ਇਸ ਦੌਰਾਨ ਛਾਪਾਮਾਰੀ ਟੀਮਾਂ ਨੇ ਘਰ ਦੀਆਂ ਬੇਸਮੈਂਟਾਂ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ 'ਚ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ। ਬਰਾਮਦ ਸ਼ਰਾਬ ਅਰੁਣਾਚਲ ਪ੍ਰਦੇਸ਼ ਤੇ ਚੰਡੀਗੜ੍ਹ ਨਾਲ ਸਬੰਧਤ ਦੱਸੀ ਜਾਂਦੀ ਹੈ, ਜਿਸ ਨੂੰ ਇਨ੍ਹਾਂ ਸੂਬਿਆਂ ਤੋਂ ਸਸਤੇ ਰੇਟ 'ਤੇ ਲਿਆ ਕੇ ਮਹਿੰਗੇ ਰੇਟ 'ਤੇ ਵੇਚਿਆ ਜਾਂਦਾ ਸੀ, ਜਿਸ ਨਾਲ ਸਰਕਾਰੀ ਠੇਕੇਦਾਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ, ਜਿਸ ਨੂੰ ਲੈ ਕੇ ਆਬਕਾਰੀ ਵਿਭਾਗ ਅਤੇ ਪੁਲਸ ਨੂੰ ਇਸ ਖੇਤਰ 'ਚ ਹੋ ਰਹੀ ਸ਼ਰਾਬ ਸਮੱਗਲਿੰਗ ਦੀ ਲਗਾਤਾਰ ਸੂਚਨਾ ਮਿਲ ਰਹੀ ਸੀ। ਉੱਥੇ ਹੀ ਜਾਂਚ 'ਚ ਜੁਟੀਆਂ ਟੀਮਾਂ ਦਾ ਮੰਨਣਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਜਿੱਥੇ ਸ਼ਰਾਬ ਸਮੱਗਲਿੰਗ ਦੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ ਹੈ ਉੱਥੇ ਹੀ ਇਸ 'ਚ ਕਈ ਨਾਮ ਸਾਹਮਣੇ ਆ ਸਕਦੇ ਹਨ, ਜਿਸ ਨੂੰ ਲੈ ਕੇ ਆਖਰੀ ਸਮਾਚਾਰ ਮਿਲਣ ਤੱਕ ਪੁਲਸ ਜਾਂਚ ਦਾ ਦੌਰ ਜਾਰੀ ਸੀ।