''ਪ੍ਰੀਖਿਆਵਾਂ ਦਾ ਜ਼ੋਰ, ਕੰਨ ਪਾੜਵੇਂ ਸਪੀਕਰਾਂ ਦਾ ਸ਼ੋਰ, ਪ੍ਰਸ਼ਾਸਨ ਨਹੀਂ ਕਰਦਾ ਗੌਰ''
Saturday, Mar 02, 2019 - 11:54 AM (IST)
ਬਾਘਾਪੁਰਾਣਾ (ਚਟਾਨੀ)—ਸਾਲ ਭਰ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਦੀ ਝੋਲੀ 'ਚ ਹੁਣ ਜਦ ਮਿਹਨਤ ਦਾ ਫਲ ਪੈਣ ਦਾ ਵੇਲਾ ਆਇਆ ਹੈ, ਹੁਣ ਉਹ ਸਪੀਕਰਾਂ ਦੀ ਉੱਚੀ ਆਵਾਜ਼ ਤੋਂ ਪ੍ਰੇਸ਼ਾਨ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਕੂਲਾਂ ਅੰਦਰ ਅਧਿਆਪਕਾਂ ਦੀ ਲਗਾਤਾਰ ਚੱਲੀ ਆ ਰਹੀ ਕਥਿਤ ਘਾਟ ਕਾਰਨ ਉਨ੍ਹਾਂ ਦਾ ਕਾਫੀ ਵਿਦਿਅਕ ਨੁਕਸਾਨ ਹੁੰਦਾ ਆ ਰਿਹਾ ਹੈ। ਜਿਸ ਦੀ ਪੂਰਤੀ ਲਈ ਉਹ ਟਿਊਸ਼ਨਾਂ ਆਦਿ ਦਾ ਸਹਾਰਾ ਲੈ ਕੇ ਆਪਣੀ ਬੇੜੀ ਪਾਰ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਭਾਵੇਂ ਸ਼ੋਰ ਪ੍ਰਦੂਸ਼ਣ ਸਬੰਧੀ ਸਰਕਾਰੀ ਨਿਯਮਾਂ ਤੋਂ ਇਲਾਵਾ ਮਾਣਯੋਗ ਸੁਪਰੀਮ ਕੋਰਟ ਦੀਆਂ ਵੀ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਹਨ ਪਰ ਆਵਾਜ਼ ਦਾ ਪ੍ਰਦੂਸ਼ਣ ਘਟਣ ਦੀ ਬਜਾਏ ਹਰ ਦਿਨ ਵੱਧਦਾ ਜਾ ਰਿਹਾ ਹੈ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਉਹ ਇਕਾਗਰ ਚਿੱਤ ਹੋ ਕੇ ਪੜ੍ਹਣਾ ਲੋਚਦੇ ਹਨ, ਪਰ ਸਪੀਕਰਾਂ ਦੀ ਉੱਚੀ ਆਵਾਜ਼ ਉਨ੍ਹਾਂ ਦੀ ਇਕਾਗਰਤਾ ਭੰਗ ਕਰ ਸੁੱਟਦੀ ਹੈ। 12ਵੀਂ ਜਮਾਤ ਦੇ ਵਿਦਿਆਰਥੀਆਂ ਗੁਰਸੇਵਕ ਸਿੰਘ, ਹਰਮਨਪ੍ਰੀਤ, ਬਲਕਾਰ ਸਿੰਘ, ਕਮਲ ਕੁਮਾਰ, ਵਿਨੋਦ, ਅਕਸੈ, ਨਰਿੰਦਰ ਸ਼ਰਮਾ, ਸੇਵਕ ਅਤੇ ਟੋਨੀ ਹੁਰਾਂ ਨੇ ਕਿਹਾ ਕਿ ਅਧਿਆਪਕਾਂ ਦੀ ਘਾਟ ਅਤੇ ਸਕੁਲ ਦੇ ਮੌਜੂਦ ਅਧਿਆਪਕਾਂ ਤੋਂ ਲਏ ਜਾਣ ਵਾਲੇ ਗੈਰ ਵਿਦਿਅਕ ਕੰਮਾਂ ਕਰ ਕੇ ਉਨ੍ਹਾਂ ਦਾ ਸਿਲੇਬਸ ਤਾਂ ਪਹਿਲਾਂ ਹੀ ਮੁਕੰਮਲ ਨਹੀਂ ਹੁੰਦਾ ਹੁਣ ਉਹ ਸ਼ੋਰ ਪ੍ਰਦੂਸ਼ਣ ਤੋਂ ਡਾਹਢੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਵਲੋਂ ਮਿਲੀਆਂ ਹਦਾਇਤਾਂ ਦੇ ਬਾਵਜੂਦ ਵੀ ਅਧਿਕਾਰੀਆਂ ਨੇ ਸ਼ੋਰ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਮਾਪਿਆਂ ਨੇ ਵੀ ਪ੍ਰਸ਼ਾਸਨ ਪ੍ਰਤੀ ਆਪਣਾ ਗੁੱਸਾ ਜਾਹਿਰ ਕਰਦਿਆਂ ਆਖਿਆ ਕਿ ਮੋਟੀਆਂ ਫੀਸਾਂ ਅਤੇ ਟਿਊਸ਼ਨਾਂ ਆਦਿ ਦੇ ਪ੍ਰਬੰਧਾਂ ਉਪਰ ਖਰਚ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਬੱਚਿਆਂ ਲਈ ਮੁਸ਼ਕਲਾਂ ਦਰਪੇਸ਼ ਹਨ। ਮਾਪਿਆਂ ਕਿਹਾ ਕਿ ਨਾ ਤਾਂ ਸਰਕਾਰ ਸਕੂਲਾਂ 'ਚ ਅਧਿਆਪਕਾਂ ਦੀ ਪੂਰਤੀ ਕਰਦੀ ਹੈ ਅਤੇ ਨਾ ਹੀ ਵਿਦਿਆਰਥੀ ਵਾਸਤੇ ਸ਼ਾਂਤ ਮਹੌਲ ਨੂੰ ਥਿਰਜਣ ਵਾਸਤੇ ਹੀ ਕੋਈ ਠੋਸ ਯਤਨ ਕਰਦੀ ਹੈ। ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਮੁਖੀਆਂ ਨੇ ਪ੍ਰਸ਼ਾਸਨ ਮੂਹਰੇ ਅਰਜੋਈ ਕੀਤੀ ਹੈ ਉਹ ਇਮਤਿਹਾਨਾਂ ਦੇ ਦਿਨਾਂ ਦੌਰਾਨ ਆਵਾਜ਼ ਪ੍ਰਦੂਸ਼ਣ ਨੂੰ ਤਾਂ ਇਹ ਸਕੂਲੀ ਵਿਦਿਆਰਥੀਆਂ ਲਈ ਕਾਫੀ ਰਾਹਤ ਵਾਲਾ ਕਦਮ ਹੋਵੇਗਾ। ਉਨ੍ਹਾਂ ਕਾਰੋਬਾਰੀ ਅਦਾਰਿਆਂ ਵਲੋਂ ਸਮਾਨ ਦੀ ਵਿੱਕਰੀ ਲਈ ਸਪੀਕਰਾਂ ਰਾਹੀਂ ਦਿੱਤੇ ਜਾਣ ਵਾਲੇ ਹੋਕਿਆਂ ਨੂੰ ਵੀ ਵਿਦਿਆਰਥੀਆਂ ਲੲੀ ਵੱਡੀ ਸਮੱਸਿਆ ਦੱਸਿਆ।