ਮੋਹਾਲੀ : ਪ੍ਰੀਖਿਆ ਕੇਂਦਰਾਂ ਨੇੜੇ ਇਕੱਠੇ ਹੋਣ ''ਤੇ ਰੋਕ
Saturday, Mar 03, 2018 - 11:37 AM (IST)

ਮੋਹਾਲੀ (ਨਿਆਮੀਆਂ) : ਜ਼ਿਲਾ ਮੈਜਿਸਟ੍ਰੇਟ ਮੋਹਾਲੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲਾ ਮੋਹਾਲੀ ਦੇ ਖੇਤਰ ਅਧੀਨ ਪ੍ਰੀਖਿਆਵਾਂ ਦੇ ਸਮੇਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਪ੍ਰੀਖਿਆਵਾਂ ਵਾਲੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਿਸ਼ਚਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਇਕੱਠ ਹੋਣ 'ਤੇ ਪਾਬੰਦੀ ਲਾਈ ਹੈ। ਇਹ ਹੁਕਮ ਪੈਰਾ ਮਿਲਟਰੀ ਫੋਰਸ, ਮਿਲਟਰੀ ਫੋਰਸ ਤੇ ਸਰਕਾਰੀ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ, ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗਾ। ਇਹ ਪਾਬੰਦੀ ਦੇ ਹੁਕਮ 12 ਮਾਰਚ 2018 ਤਕ ਲਾਗੂ ਰਹਿਣਗੇ। ਜ਼ਿਲਾ ਪੁਲਸ ਮੁਖੀ ਤੇ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ/ਪ੍ਰਾਇਮਰੀ) ਮੋਹਾਲੀ ਇਸ ਹੁਕਮ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਆਮ ਵੇਖਣ ਵਿਚ ਆਇਆ ਕਿ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਅਣਚਾਹੇ ਵਿਅਕਤੀ ਇਕੱਠੇ ਹੋ ਜਾਂਦੇ ਹਨ ਜੋ ਪ੍ਰੀਖਿਆ ਕੇਂਦਰਾਂ ਵਿਚ ਪਹੁੰਚ ਕੇ ਪ੍ਰੀਖਿਆ ਦੀ ਪਵਿੱਤਰਤਾ ਤੇ ਅਨੁਸ਼ਾਸਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।