ਜਲੰਧਰ: ਸਾਬਕਾ ਸੈਨਿਕ ਸਾਂਝਾ ਮੋਰਚਾ ਨੇ ਪੀ. ਏ. ਪੀ. ਚੌਂਕ 'ਤੇ ਲਾਇਆ ਧਰਨਾ, ਹਾਈਵੇਅ ਕੀਤਾ ਜਾਮ
Saturday, Jul 23, 2022 - 06:14 PM (IST)
ਜਲੰਧਰ (ਰਾਹੁਲ. ਸੋਨੂੰ, ਰਮਨ )- ਜਲੰਧਰ ਦੇ ਪੀ. ਏ. ਪੀ. ਚੌਂਕ ਨੇੜੇ ਸਾਬਕਾ ਸੈਨਿਕ ਸਾਂਝਾ ਮੋਰਚਾ ਪੰਜਾਬ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਚੱਕਾ ਜਾਮ ਕੀਤਾ ਗਿਆ। ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਗਿਆ। ਰਾਮਾ ਮੰਡੀ ਪੀ. ਏ. ਪੀ. ਚੌਂਕ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਜੌਹਲ ਹਸਪਤਾਲ ਵਿਚ ਹੋਏ ਝਗੜੇ ਵਿਚ ਪੁਲਸ ਵੱਲੋਂ ਕੀਤੀ ਗਈ ਇਕਤਰਫ਼ਾ ਕਾਰਵਾਈ ਦੇ ਵਿਰੋਧ ਵਿਚ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਨੇ ਜੌਹਲ ਹਸਪਤਾਲ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਧਰਨਾ-ਪ੍ਰਦਰਸ਼ਨ ਕੀਤਾ ਅਤੇ ਦੋਵੇਂ ਪਾਸੇ ਸੜਕਾਂ ਨੂੰ ਬੰਦ ਕਰ ਦਿੱਤਾ, ਜਿਸ ਕਾਰਨ ਸੜਕਾਂ ’ਤੇ ਲੰਮਾ ਜਾਮ ਲੱਗ ਗਿਆ। ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗਣ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਾਮ ਵਿਚ ਫਸੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ’ਤੇ ਗੁੱਸਾ ਕੱਢਿਆ।
ਇਹ ਵੀ ਪੜ੍ਹੋ: ਜਲੰਧਰ ਤੋਂ ਲਾਪਤਾ ਔਰਤ ਦੀ ਲਾਸ਼ ਲਸਾੜਾ ਦੇ ਖੂਹ ’ਚੋਂ ਹੋਈ ਬਰਾਮਦ, ਮਿਲੇ ਫੋਨ ਤੋਂ ਖੁੱਲ੍ਹਣਗੇ ਕਈ ਰਾਜ਼
ਵਰਣਨਯੋਗ ਹੈ ਕਿ 5 ਜੁਲਾਈ ਨੂੰ ਆਦਮਪੁਰ ਨੇੜੇ ਇਕ ਸੜਕ ਹਾਦਸੇ ਵਿਚ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਦੀ ਇਲਾਜ ਦੌਰਾਨ ਜੌਹਲ ਹਸਪਤਾਲ ਵਿਚ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਆਦਮਪੁਰ ਭੇਜਿਆ ਗਿਆ। ਇਸ ਦੌਰਾਨ ਕਾਹਲੀ-ਕਾਹਲੀ ਵਿਚ ਸਾਬਕਾ ਸੈਨਿਕ ਬਲਵਿੰਦਰ ਸਿੰਘ ਨੇ ਆਪਣਾ ਮੋਟਰਸਾਈਕਲ ਪਾਰਕਿੰਗ ਨੇੜੇ ਖੜ੍ਹਾ ਕਰ ਦਿੱਤਾ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੀ ਹਵਾ ਨਿਕਲੀ ਹੋਈ ਸੀ, ਜਦੋਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਜੌਹਲ ਹਸਪਤਾਲ ਵਿਚ ਕੰਮ ਕਰਦੇ ਬਾਊਂਸਰ ਅਤੇ ਸਟਾਫ਼ ਦੇ ਕਰਮਚਾਰੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੂੰ ਸੱਟਾਂ ਵੀ ਲੱਗੀਆਂ। ਮੌਕੇ ’ਤੇ ਆਈ ਪੁਲਸ ਉਨ੍ਹਾਂ ਦਾ ਮੋਟਰਸਾਈਕਲ ਸੂਰਿਆ ਐਨਕਲੇਵ ਥਾਣੇ ਲੈ ਗਈ। 17 ਜੁਲਾਈ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਪੁਲਸ ਨੇ ਉਨ੍ਹਾਂ ’ਤੇ ਇਕਤਰਫ਼ਾ ਕਾਰਵਾਈ ਕਰਦਿਆਂ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਦਿੱਤਾ, ਜਿਹੜਾ ਕਿ ਪੁਲਸ ਦੀ ਸ਼ਰੇਆਮ ਧੱਕੇਸ਼ਾਹੀ ਹੈ। ਉਨ੍ਹਾਂ ਪੁਲਸ ਦੀ ਕਾਰਵਾਈ ਨੂੰ ਗਲਤ ਠਹਿਰਾਉਂਦਿਆਂ ਦੱਸਿਆ ਕਿ ਸਾਰੇ ਮਾਮਲੇ ਸਬੰਧੀ ਇਨਕੁਆਰੀ ਲੁਆਈ ਸੀ ਪਰ ਫਿਰ ਵੀ ਉੱਚ ਅਧਿਕਾਰੀਆਂ ਨੇ ਇਸ ਦੀ ਜਾਂਚ ਨਹੀਂ ਕਰਵਾਈ ਅਤੇ ਇਨਕੁਆਰੀ ’ਤੇ ਸਾਈਨ ਤੱਕ ਨਹੀਂ ਕੀਤੇ। ਇਨਸਾਫ਼ ਨਾ ਮਿਲਣ ’ਤੇ ਅੱਜ ਉਨ੍ਹਾਂ ਵੱਲੋਂ ਪੀ. ਏ. ਪੀ. ਚੌਂਕ ਵਿਚ ਜਾਮ ਲਾ ਕੇ ਧਰਨਾ-ਪ੍ਰਦਰਸ਼ਨ ਕੀਤਾ ਗਿਆ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ’ਤੇ ਦਰਜ ਮਾਮਲਾ ਰੱਦ ਕਰ ਦਿੱਤਾ ਜਾਵੇਗਾ ਪਰ ਉਨ੍ਹਾਂ ਕਿਹਾ ਕਿ ਇਹ ਮਾਮਲਾ ਰੱਦ ਨਹੀਂ, ਸਗੋਂ ਉਨ੍ਹਾਂ ਪੁਲਸ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਇਕਤਰਫ਼ਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਅਤੇ ਜੌਹਲ ਹਸਪਤਾਲ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ।
ਉਕਤ ਮਾਮਲੇ ਸਬੰਧੀ ਥਾਣਾ ਰਾਮਾ ਮੰਡੀ ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤ ਪੁਲਸ ਨੇ ਕਰਾਸ ਪਰਚਾ ਦਰਜ ਕੀਤਾ ਹੈ। ਸਾਬਕਾ ਸੈਨਿਕਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਝਗੜਾ ਕਰਨ ਵਾਲੇ ਹਸਪਤਾਲ ਦੇ ਸਟਾਫ਼ ਮੈਂਬਰਾਂ ਖ਼ਿਲਾਫ਼ ਵੀ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ: ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ