ਪੇਸ਼ੀ ’ਤੇ ਮੌਜੂਦ ਨਾ ਰਹਿਣ ’ਤੇ ਸਾਬਕਾ ਇੰਸਪੈਕਟਰ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ

Tuesday, Jul 24, 2018 - 06:53 AM (IST)

ਪੇਸ਼ੀ ’ਤੇ ਮੌਜੂਦ ਨਾ ਰਹਿਣ ’ਤੇ ਸਾਬਕਾ ਇੰਸਪੈਕਟਰ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ

ਚੰਡੀਗਡ਼੍ਹ, (ਸੰਦੀਪ)- ਮੋਹਾਲੀ ਦੇ ਕਾਰੋਬਾਰੀ ਨੂੰ ਸਾਜ਼ਿਸ਼ ਤਹਿਤ ਨਕਲੀ ਕਰੰਸੀ ਤੇ ਐੱਨ. ਡੀ. ਪੀ. ਐੱਸ. ਦੇ ਕੇਸ ’ਚ ਫਸਾਉਣ ਦੇ ਮਾਮਲੇ ’ਚ ਪੇਸ਼ੀ ’ਤੇ ਮੌਜੂਦ ਨਾ ਰਹਿਣ ’ਤੇ ਜ਼ਿਲਾ ਅਦਾਲਤ ਨੇ ਚੰਡੀਗਡ਼੍ਹ ਪੁਲਸ ਦੇ ਸਾਬਕਾ ਇੰਸਪੈਕਟਰ ਤਰਸੇਮ ਰਾਣਾ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। 
ਅਦਾਲਤ ਦੇ ਹੁਕਮ ਅਨੁਸਾਰ ਪੁਲਸ ਨੇ ਉਸਨੂੰ 14 ਅਗਸਤ ਨੂੰ ਗ੍ਰਿਫਤਾਰ ਕਰਕੇ ਪੇਸ਼ ਕਰਨਾ ਹੈ। ਸੋਮਵਾਰ ਨੂੰ ਕੇਸ ’ਚ ਟ੍ਰਾਇਲ ਤਹਿਤ ਸਰਕਾਰੀ ਗਵਾਹ ਦੇ ਬਿਆਨ ਹੋਣੇ ਸਨ।  ਨਿਯਮਾਂ ਤਹਿਤ ਸਾਰੇ ਮੁਲਜ਼ਮਾਂ  ਲਈ ਸੁਣਵਾਈ  ਸਮੇਂ ਪੇਸ਼ ਹੋਣਾ ਜ਼ਰੂਰੀ ਹੈ ਪਰ ਮੁਲਜ਼ਮਾਂ  ’ਚੋਂ ਤਰਸੇਮ ਰਾਣਾ ਅਦਾਲਤ ਨੂੰ ਕੋਈ ਜਾਣਕਾਰੀ ਦਿੱਤੇ ਬਿਨਾਂ ਹੀ ਪੇਸ਼ ਨਹੀਂ ਹੋਇਆ। ਏ. ਡੀ. ਜੇ. ਅਸ਼ਵਨੀ ਕੁਮਾਰ ਮਹਿਤਾ ਨੇ ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਹਿਲੀ ਹੀ ਵਾਰ ’ਚ ਉਸਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। 
ਉਥੇ ਹੀ ਇਸ ਗੱਲ ਦੀ ਜਾਣਕਾਰੀ ਮਿਲਦਿਅਾਂ ਹੀ ਤਰਸੇਮ ਰਾਣਾ ਕੁਝ ਹੀ ਸਮੇਂ ’ਚ ਅਦਾਲਤ ’ਚ ਪੇਸ਼ ਹੋ ਗਿਆ ਪਰ  ਉਦੋਂ ਤਕ ਸੁਣਵਾਈ ਲਈ ਅਗਲੀ ਤਰੀਕ ਤੈਅ ਕਰ ਦਿੱਤੀ ਗਈ ਸੀ ਤੇ ਨਾਲ ਹੀ ਉਸਦੇ ਗੈਰ-ਜ਼ਮਾਨਤੀ ਵਾਰੰਟ  ਜਾਰੀ ਹੋ ਚੁੱਕੇ ਸਨ, ਜਿਸ ’ਤੇ ਅਦਾਲਤ ਨੇ ਉਸਦੀ ਦਲੀਲ ਨੂੰ ਦਰਕਿਨਾਰ ਕਰ ਦਿੱਤਾ। 
ਜ਼ਿਕਰਯੋਗ ਹੈ ਕਿ 16 ਜੂਨ ਨੂੰ ਮਲੋਆ ਥਾਣਾ ਪੁਲਸ ਨੇ 15 ਲੱਖ ਰੁਪਏ ਨਕਲੀ ਕਰੰਸੀ ਤੇ 2.8 ਕਿਲੋ ਅਫੀਮ ਸਮੇਤ ਭਗਵਾਨ ਸਿੰਘ ਨਾਂ  ਦੇ ਵਿਅਕਤੀ  ਨੂੰ ਗ੍ਰਿਫਤਾਰ ਕੀਤਾ ਸੀ। ਉਸਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਮੋਹਾਲੀ ਨਿਵਾਸੀ ਸੁਖਬੀਰ ਸਿੰਘ ਸ਼ੇਰਗਿੱਲ ਦਾ ਅਕਾਉੂਂਟੈਂਟ ਹੈ ਤੇ ਉਨ੍ਹਾਂ ਨੇ ਹੀ ਉਸਨੂੰ ਕਾਰ ਦੇ ਕੇ ਪੰਚਕੂਲਾ ਤੋਂ ਕਿਸੇ ਤੋਂ ਫਾਈਲਾਂ ਲੈਣ ਭੇਜਿਆ ਸੀ। ਪੁਲਸ ਨੇ ਸ਼ੇਰਗਿੱਲ ਨੂੰ ਪੁੱਛਗਿੱਛ ਲਈ ਬੁਲਾਇਆ ਤਾਂ ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਨਿਵਾਸੀ ਨਰਿੰਦਰ ਸਿੰਘ ਨਾਲ ਉਨ੍ਹਾਂ ਦਾ ਵਿਵਾਦ ਚੱਲ ਰਿਹਾ ਹੈ, ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਇਕ ਨੰਬਰ ਤੋਂ ਕਾਲ ਤੇ ਮੈਸੇਜ ਆ ਰਹੇ ਸਨ ਕਿ ਉਨ੍ਹਾਂ ਕੋਲ ਨਰਿੰਦਰ ਨਾਲ ਜੁਡ਼ੇੇ ਇਕ ਵਿਅਕਤੀ  ਦੀ ਕੰਪਨੀ ’ਚ ਘਪਲੇ ਨਾਲ ਜੁਡ਼ੇੇ ਦਸਤਾਵੇਜ਼ ਹਨ। ਇਸਨੂੰ ਲੈਣ ਹੀ ਉਨ੍ਹਾਂ ਨੇ ਭਗਵਾਨ ਸਿੰਘ ਨੂੰ ਪੰਚਕੂਲਾ ਭੇਜਿਆ ਸੀ।  ਉਥੇ ਇਕ ਅੌਰਤ  ਨੇ ਉਨ੍ਹਾਂ ਨੂੰ ਬੰਦ ਲਿਫਾਫੇ ’ਚ ਕੁਝ ਫਾਈਲਾਂ ਦਿੱਤੀਆਂ ਸਨ। ਇਸ ’ਚੋਂ ਡਰੱਗਸ ਅਤੇ ਨਕਲੀ ਕਰੰਸੀ ਬਰਾਮਦ ਹੋਈ ਸੀ। 
ਪੁਲਸ ਨੇ ਜਾਂਚ ਕੀਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਪੁਲਸ ਨੇ ਚੰਡੀਗਡ਼੍ਹ ਪੁਲਸ ਦੇ ਸਾਬਕਾ ਇੰਸਪੈਕਟਰ ਤਰਸੇਮ ਰਾਣਾ, ਵਕੀਲ ਜਤਿਨ ਸਾਲਵਾਨ ਤੇ ਨਰਿੰਦਰ ਸਿੰਘ  ’ਤੇ ਮੋਹਾਲੀ ਨਿਵਾਸੀ ਸੁਖਬੀਰ ਸਿੰਘ ਸ਼ੇਰਗਿੱਲ ਨੂੰ ਐੱਨ. ਡੀ. ਪੀ. ਐੱਸ. ਐਕਟ ਤੇ ਨਕਲੀ ਕਰੰਸੀ ਦੇ ਮਾਮਲੇ ’ਚ ਫਸਾਉਣ ਲਈ ਸਾਜ਼ਿਸ਼ ਰਚਣ ਦਾ ਕੇਸ ਦਰਜ ਕੀਤਾ ਸੀ।


Related News