ਸਾਬਕਾ ‘ਆਪ’ ਵਿਧਾਇਕ ਦੇ ਭਾਣਜੇ ਨੇ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਦੇ ਪੁੱਤ ’ਤੇ ਤਾਣਿਆ ਰਿਵਾਲਵਰ

Saturday, Nov 19, 2022 - 10:01 PM (IST)

ਸਾਬਕਾ ‘ਆਪ’ ਵਿਧਾਇਕ ਦੇ ਭਾਣਜੇ ਨੇ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਦੇ ਪੁੱਤ ’ਤੇ ਤਾਣਿਆ ਰਿਵਾਲਵਰ

ਨੂਰਪੁਰਬੇਦੀ (ਭੰਡਾਰੀ, ਕੁਲਦੀਪ)-ਬੀਤੀ ਰਾਤ ਚੰਡੀਗੜ੍ਹ ਤੋਂ ਨੂਰਪੁਰਬੇਦੀ ਨੇੜੇ ਪੈਂਦੇ ਆਪਣੇ ਕਲਵਾਂ ਫਾਰਮ ਨੂੰ ਜਾ ਰਹੇ ਸਰਗਰਮ ਨੌਜਵਾਨ ਭਾਜਪਾ ਆਗੂ ਤੇ ਸਮਾਜਸੇਵੀ ਸੰਸਥਾ ‘ਇਨਸਾਨੀਅਤ ਪਹਿਲਾਂ’ ਦੇ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਦੀ ਗੱਡੀ ਨੂੰ ਪਿੱਛਾ ਕਰ ਰਹੀ ਇਕ ਕਾਰ ’ਚ ਸਵਾਰ 2 ਨੌਜਵਾਨਾਂ ’ਚੋਂ ਇਕ ਵੱਲੋਂ ਰਿਵਾਲਵਰ ਦੀ ਨੋਕ ’ਤੇ ਘੇਰਨ ਉਪਰੰਤ ਅਜੇਵੀਰ ਤੇ ਉਸਦੇ ਸਾਥੀ ਨੂੰ ਹਥਿਆਰ ਤਾਣ ਕੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਰਮਿਆਨ ਗਸ਼ਤ ਕਰ ਰਹੀ ਪੁਲਸ ਪਾਰਟੀ ਦੇ ਪਹੁੰਚਣ ਕਾਰਨ ਉਕਤ ਹਮਲਾਵਰ ਫਰਾਰ ਹੋਣ ’ਚ ਕਾਮਯਾਬ ਹੋ ਗਏ। ਦੱਸਣਯੋਗ ਹੈ ਕਿ ਨੌਜਵਾਨ ਅਜੇਵੀਰ ਸਿੰਘ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਤੇ ਕੇਂਦਰੀ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਦੇ ਪੁੱਤ ਹਨ। ਜਿਸ ਸਬੰਧੀ ਪਤਾ ਚੱਲਣ ’ਤੇ ਪੁਲਸ ਤੁਰੰਤ ਹਰਕਤ ’ਚ ਆ ਗਈ ਤੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਪੁਲਸ ਤੇ ਇੰਟੈਲੀਜੈਂਸ ਦੀ ਨਾਬਾਲਗਾਂ ’ਤੇ ਨਜ਼ਰ, ਹਿੰਦੂ ਆਗੂਆਂ ਵੱਲੋਂ ਸਕਿਓਰਿਟੀ ਵਾਪਸ, ਪੜ੍ਹੋ Top 10

ਹਮਲਾਵਰਾਂ ਦੀ ਪਛਾਣ ਰੂਪਨਗਰ ਹਲਕੇ ਦੇ ‘ਆਪ’ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਭਾਣਜੇ ਤੇ ਉਸ ਦੇ ਸਾਥੀ ਵਜੋਂ ਹੋਈ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਸੁਰਿੰਦਰਪਾਲ ਪੁੱਤਰ ਭਜਨ ਲਾਲ ਨਿਵਾਸੀ ਪਿੰਡ ਰੂੜੇਮਾਜਰਾ, ਥਾਣਾ ਨੂਰਪੁਰਬੇਦੀ ਨੇ ਦੱਸਿਆ ਕਿ ਉਹ 3 ਸਾਲਾਂ ਤੋਂ ਅਜੇਵੀਰ ਸਿੰਘ ਨਾਲ ਰਹਿੰਦਾ ਹੈ। ਰਾਤ ਉਹ ਅਜੇਵੀਰ ਸਿੰਘ ਲਾਲਪੁਰਾ ਨਾਲ ਚੰਡੀਗੜ੍ਹ ਤੋਂ ਕਲਵਾਂ ਫਾਰਮ ਨੂੰ ਰੇਂਜ ਰੋਵਰ ’ਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਹ ਬੈਂਸਾ ਅੱਡੇ ਲਾਗੇ ਪੁੱਜੇ ਤਾਂ ਉਨ੍ਹਾਂ ਦੀ ਗੱਡੀ ਦੇ ਪਿੱਛੇ ਇਕ ਸਵਿਫਟ ਗੱਡੀ ਡੀ.ਐੱਲ. 8ਸੀ.ਐੱਨ.ਬੀ. 8262 ਆ ਰਹੀ ਸੀ ਤੇ ਜਿਸ ਦਾ ਡਰਾਈਵਰ ਆਪਣੀ ਗੱਡੀ ਨੂੰ ਉਨ੍ਹਾਂ ਦੀ ਗੱਡੀ ਦੇ ਸੱਜੇ-ਖੱਬੇ ਪਾਸੇ ਘੁਮਾ ਰਿਹਾ ਸੀ। ਜਦੋਂ ਉਹ ਆਜ਼ਮਪੁਰ ਬਾਈਪਾਸ ਲੰਘੇ ਤਾਂ ਰਾਤ ਤਕਰੀਬਨ ਸਾਢੇ 11 ਵਜੇ ਉਕਤ ਗੱਡੀ ਦੇ ਡਰਾਈਵਰ ਨੇ ਆਪਣੀ ਗੱਡੀ ਨੂੰ ਉਨ੍ਹਾਂ ਦੀ ਗੱਡੀ ਦੇ ਅੱਗੇ ਲਗਾ ਕੇ ਘੇਰ ਲਿਆ। ਗੱਡੀ ’ਚੋਂ ਉਤਰ ਕੇ ਆਏ 2 ਨੌਜਵਾਨਾਂ ’ਚੋਂ ਇਕ ਕੋਲ ਰਿਵਾਲਵਰ ਸੀ, ਜਿਸ ਨੇ ਆਪਣਾ ਰਿਵਾਲਵਰ ਉਨ੍ਹਾਂ ’ਤੇ ਤਾਣ ਲਿਆ ਤੇ ਗੱਡੀ ’ਚੋਂ ਬਾਹਰ ਆਉਣ ਲਈ ਕਿਹਾ। ਜਦੋਂ ਉਸ ਨੇ ਦੱਸਿਆ ਕਿ ਗੱਡੀ ’ਚ ਅਜੇਵੀਰ ਸਿੰਘ ਲਾਲਪੁਰਾ ਹਨ ਤਾਂ ਦੋਵੇਂ ਨੌਜਵਾਨਾਂ ਨੇ ਕਿਹਾ ਕਿ ਅਜਿਹੇ ਬਥੇਰੇ ਘੁੰਮਦੇ ਹਨ। ਉਨਾਂ ਦੱਸਿਆ ਕਿ ਜਸਪ੍ਰੀਤ ਸਿੰਘ ਪੁੱਤਰ ਚੰਨਣ ਸਿੰਘ ਨੇ ਮਾਰਨ ਦੀ ਨੀਅਤ ਨਾਲ ਉਨ੍ਹਾਂ ’ਤੇ ਰਿਵਾਲਵਰ ਤਾਣ ਕੇ ਰੱਖਿਆ। ਇਸ ਦੌਰਾਨ ਜਦੋਂ ਉਕਤ ਨੌਜਵਾਨ ਤੁਸੀਂ ਜੋ ਕਰਨਾ ਹੈ ਕਰ ਲਵੋ, ਦੀਆਂ ਧਮਕੀਆਂ ਦਿੰਦੇ ਰਹੇ ਤੇ ਮੇਰੇ ਵੱਲੋਂ ਪੁਲਸ ਨੂੰ ਫੋਨ ਕਰਨ ਤੋਂ ਪਹਿਲਾਂ ਹੀ ਮੌਕੇ ’ਤੇ ਗਸ਼ਤ ਕਰ ਰਹੀ ਪੁਲਸ ਪਾਰਟੀ ਪਹੁੰਚ ਗਈ, ਜਿਸ ਨੂੰ ਦੇਖ ਕੇ ਉਕਤ ਨੌਜਵਾਨ ਫਿਰ ਦੇਖਣ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਗ੍ਰਿਫ਼ਤਾਰ, ਸ੍ਰੀ ਦਰਬਾਰ ਸਾਹਿਬ ਸਬੰਧੀ ਕੀਤੀ ਸੀ ਇਤਰਾਜ਼ਯੋਗ ਬਿਆਨਬਾਜ਼ੀ

PunjabKesari

ਨਾਮਜ਼ਦ ਨੌਜਵਾਨਾਂ ’ਚ ਸਾਬਕਾ ਵਿਧਾਇਕ ਸੰਦੋਆ ਦਾ ਭਾਣਜਾ ਸ਼ਾਮਲ

ਥਾਣਾ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਕਤ ਬਿਆਨਾਂ ’ਤੇ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਚੰਨਣ ਅਤੇ ਜਸਕਰਨ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੋਵੇਂ ਨਿਵਾਸੀ ਪਿੰਡ ਤਖਤਗੜ੍ਹ, ਥਾਣਾ ਨੂਰਪੁਰਬੇਦੀ ਦੇ ਖ਼ਿਲਾਫ਼ ਧਾਰਾ 341, 283, 506 ਅਤੇ ਆਰਮਜ਼ ਐਕਟ 25, 27,30 ਅਤੇ 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ’ਚ ਨਾਮਜ਼ਦ ਜਸਪ੍ਰੀਤ ਸਿੰਘ, ਜਿਸ ਨੇ ਰਿਵਾਲਵਰ ਤਾਣਿਆ ਸੀ, ਰੂਪਨਗਰ ਹਲਕੇ ਦੇ ਸਾਬਕਾ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਭਾਣਜਾ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਪਰ ਪੁਲਸ ਨੇ ਅਜੇ ਤਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

ਟਾਰਗੈੱਟ ਅਟੈਕ ਸੀ, ਜਿਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ : ਅਜੇਵੀਰ

ਇਸ ਸਬੰਧੀ ਅਜੇਵੀਰ ਸਿੰਘ ਲਾਲਪੁਰਾ ਨੇ ਆਖਿਆ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਇਹ ਟਾਰਗੈੱਟ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸਦਾ ਪੁਲਸ ਗੰਭੀਰਤਾ ਨਾਲ ਪਤਾ ਲਗਾ ਕੇ ਕਾਰਵਾਈ ਅਮਲ ’ਚ ਲਿਆਵੇ। ਉਨ੍ਹਾਂ ਕਿਹਾ ਕਿ ਰਾਹਗੀਰਾਂ ਨੂੰ ਰੋਕ ਕੇ ਹਥਿਆਰ ਦਿਖਾਉਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਅਜੇਵੀਰ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਤੇ ਜਿਨ੍ਹਾਂ ਤੋਂ ਅਸਲਾ ਵੀ ਬਰਾਮਦ ਹੋ ਚੁੱਕਾ ਹੈ। ਅਜੇਵੀਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਇਕਬਾਲ ਸਿੰਘ ਲਾਲਪੁਰਾ ਵੱਲੋਂ ਜਿੱਥੇ ਲਗਾਤਾਰ ਪੰਜਾਬ ਨਾਲ ਸਬੰਧਿਤ ਮਸਲੇ ਉਠਾਏ ਜਾ ਰਹੇ ਹਨ, ਉੱਥੇ ਹੀ ਉਨ੍ਹਾਂ ਵੱਲੋਂ ਖੇਤਰ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਵਿਰੁੱਧ ਸੰਘਰਸ਼ ਕਰ ਰਹੀ ਕਮੇਟੀ ਦੇ ਆਗੂਆਂ ਨਾਲ ਕੱਲ ਮੁਲਾਕਾਤ ਕੀਤੀ ਗਈ ਸੀ, ਜਿਸ ਕਰਕੇ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਡੀ. ਐੱਸ. ਪੀ. ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਨੇ ਦੱਸਿਆ ਕਿ ਕਥਿਤ ਦੋਵਾਂ ਦੋਸ਼ੀਆਂ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ, ਜਦਕਿ ਉਕਤ ਵਿਅਕਤੀਆਂ ਦੀ ਸਵਿਫਟ ਗੱਡੀ ਨੂੰ ਵੀ ਪੁਲਸ ਨੇ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ ਅਤੇ ਦੋਸ਼ੀਆਂ ਨੂੰ 20 ਨਵੰਬਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
 


author

Manoj

Content Editor

Related News