ਦੇਸ਼ ਭਰ ’ਚ ਹੋਵੇਗਾ EVM ਦਾ ਵਿਰੋਧ, ਪੰਚਾਇਤਾਂ ਵੱਲੋਂ ਪਿੰਡ ਖੰਟ ਤੋਂ ਸ਼ੁਰੂਆਤ

Sunday, Apr 25, 2021 - 01:07 AM (IST)

ਖਮਾਣੋਂ, (ਜਟਾਣਾ)- ਪਿੰਡ ਖੰਟ ਵਿਖੇ ਸਰਪੰਚ ਗੁਰਮੀਤ ਸਿੰਘ ਗੁਣੀਆ ਮਾਜਰਾ (ਸੂਬਾ ਪ੍ਰਧਾਨ ਸਰਪੰਚ ਯੂਨੀਅਨ ਪੰਜਾਬ) ਦੀ ਪ੍ਰਧਾਨਗੀ ਹੇਠ ਇਕੱਤਰਤਾ ਹੋਈ, ਜਿਸ ਵਿਚ ਖੰਟ ਦੇ ਸਰਪੰਚ ਬਲਵੀਰ ਸਿੰਘ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਨੇ ਹਿੱਸਾ ਲਿਆ।
ਇਕੱਤਰਤਾ ਮੌਕੇ ਸਰਪੰਚ ਯੂਨੀਅਨ ਦੇ ਸੂਬਾ ਪ੍ਰਧਾਨ ਸਰਪੰਚ ਗੁਰਮੀਤ ਸਿੰਘ ਗੁਣੀਆਂ ਮਾਜਰਾ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਭਾਰਤ ਈ. ਵੀ. ਐੱਮਜ਼. ਕਾਰਣ ਖ਼ਤਮ ਹੁੰਦਾ ਜਾ ਰਿਹਾ ਹੈ ਕਿਉਂਕਿ ਵਿਦੇਸ਼ ਵਿਚ ਕਿਸੇ ਇਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ’ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਪਰ ਭਾਰਤ ਅੰਦਰ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸਾਢੇ ਤਿੰਨ ਸੌ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਿਰਫ ਇਲੈਕਟ੍ਰੋਨਿਕਸ ਵੋਟਿੰਗ ਮਸ਼ੀਨ (ਈ. ਵੀ. ਐੱਮਜ਼.) ਕਰ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਮੋਦੀ ਨੇ ਇਕ ਵਾਰ ਵੀ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ ਕਿਉਂਕਿ ਉਸ ਨੂੰ ਦੇਸ਼ ਦੇ ਨਾਗਰਿਕਾਂ ਨਾਲੋਂ ਈ. ਵੀ. ਐੱਮਜ਼. ’ਤੇ ਜ਼ਿਆਦਾ ਭਰੋਸਾ ਹੈ।

ਇੱਥੇ ਹੀ ਬੱਸ ਨਹੀਂ ਅਸਾਮ ’ਚ ਭਾਜਪਾ ਦੇ ਇਕ ਵਿਧਾਇਕ ਦੀ ਗੱਡੀ ਵਿਚੋਂ ਈ. ਵੀ. ਐੱਮਜ਼. ਦਾ ਬਰਾਮਦ ਹੋਣਾ ਵੀ ਇਨ੍ਹਾਂ ਗੱਲਾਂ ’ਤੇ ਮੋਹਰ ਲਾਉਂਦਾ ਹੈ ਕਿ ਲੋਕਤੰਤਰਿਕ ਦੇਸ਼ ਅੰਦਰ ਕੋਈ ਵੀ ਨਾਗਰਿਕ ਆਪਣੀ ਮਰਜ਼ੀ ਅਨੁਸਾਰ ਦੇਸ਼ ਦੀ ਵਾਗਡੋਰ ਸੰਭਾਲਣ ਵਾਲਾ ਨੇਤਾ ਨਹੀਂ ਚੁਣ ਸਕਦਾ।

ਸੂਬਾ ਪ੍ਰਧਾਨ ਗੁਣੀਆ ਮਾਜਰਾ ਨੇ ਦੱਸਿਆ ਕਿ ਅੱਜ ਪਿੰਡ ਖੰਟ, ਮਾਜਰੀ, ਨਾਨੋਵਾਲ, ਥਾਬਲਾਂ ਅਤੇ ਮਹਿਦੂਦਾਂ ਸਮੇਤ 5 ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਕਾਰਜ ਦੀ ਸ਼ੁਰੂਆਤ ਕਰ ਕੇ ਜ਼ਿਲੇ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮਤੇ ਪਾ ਕੇ ਦੇਸ਼ ਦੇ ਚੋਣ ਕਮਿਸ਼ਨਰ ਨੂੰ ਭੇਜੇ ਹਨ, ਤਾਂ ਜੋ ਈ. ਵੀ. ਐੱਮ. ਮਸ਼ੀਨਾਂ ਦਾ ਪੂਰੇ ਦੇਸ਼ ’ਚ ਵਿਰੋਧ ਹੋ ਸਕੇ ਅਤੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਈ. ਵੀ. ਐੱਮਜ਼. ਦੀ ਥਾਂ ਬੈਲਟ ਪੇਪਰਾਂ ਰਾਹੀਂ ਕਰਵਾਈਆਂ ਜਾਣ, ਤਾਂ ਜੋ ਲੋਕਤੰਤਰ ਦਾ ਰਾਜ ਬਹਾਲ ਹੋ ਸਕੇ।

ਇਸ ਮੌਕੇ ਸਰਪੰਚ ਰੋਹੀ ਰਾਮ (ਧਤੋਂਦਾਂ), ਸਰਪੰਚ ਚਮਕੌਰ ਸਿੰਘ (ਕਿਸ਼ਨਗੜ੍ਹ), ਸਰਪੰਚ ਬਲਵੀਰ ਸਿੰਘ ਖੰਟ, ਜਸਵਿੰਦਰ ਸਿੰਘ, ਸੁਖਦੇਵ ਸਿੰਘ, ਪਰਮਿੰਦਰ ਸਿੰਘ, ਕੁਲਵੀਰ ਕੌਰ, ਰਣਧੀਰ ਕੌਰ, ਬਿਮਲਾ ਕੌਰ (ਸਾਰੇ ਮੈਂਬਰ ਪੰਚਾਇਤ ਖੰਟ) ਅਤੇ ਨੰਬਰਦਾਰ ਗੁਰਮੇਲ ਸਿੰਘ ਆਦਿ ਹਾਜ਼ਰ ਸਨ।


Bharat Thapa

Content Editor

Related News