ਲੰਬੀ ਹਲਕੇ ਦੇ ਨਾਂ ਬੋਲਦੈ ਇਹ ਰਿਕਾਰਡ, ਦਹਾਕਿਆਂ ਤੋਂ ਚੱਲ ਰਹੀ ਰਵਾਇਤ 'ਤੇ ਮੁੜ ਲੱਗੀ ਮੋਹਰ
Thursday, Jun 01, 2023 - 11:25 AM (IST)
ਮਲੋਟ (ਜੁਨੇਜਾ) : ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਚੁਣੇ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਕੈਬਨਿਟ ਵਿਚ ਥਾਂ ਮਿਲਣ ਤੋਂ ਬਾਅਦ ਇਹ ਧਾਰਨਾ ਪੱਕੀ ਹੋ ਗਈ ਹੈ ਕਿ ਪਿਛਲੇ ਸਾਢੇ ਚਾਰ ਦਹਾਕਿਆਂ ਵਿਚ ਸੂਬੇ ਵਿਚ ਬਣਨ ਵਾਲੀ ਸਰਕਾਰ ਦਾ ਵਿਧਾਇਕ ਜਿੱਤਿਆ ਹੋਵੇ ਤਾਂ ਉਸਨੂੰ ਮੰਤਰੀ ਮੰਡਲ ਵਿਚ ਥਾਂ ਮਿਲਨੀ ਯਕੀਨੀ ਹੈ। ਉਂਝ ਵੀ 1977 ਤੋਂ ਲੈ ਕੇ 2023 ਤੱਕ ਬਣੀਆਂ 10 ਸਰਕਾਰਾਂ ਵਿਚ ਸਿਰਫ਼ ਤਿੰਨ ਵਾਰ ਵੀ ਵਿਰੋਧੀ ਧਿਰ ਦਾ ਵਿਧਾਇਕ ਚੁਣਿਆ ਹੈ, ਜਿਸ ਕਰਕੇ ਕੈਬਨਿਟ ਦਾ ਹਿੱਸਾ ਨਹੀਂ ਬਣ ਸਕਿਆ। ਉਂਝ ਇਹ ਤਿੰਨੇ ਵਾਰ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਸੀ, ਨਹੀਂ ਤਾਂ ਹਰ ਵਾਰ ਲੰਬੀ ਤੋਂ ਚੁਣਿਆ ਵਿਧਾਇਕ ਕੈਬਨਿਟ ਨੂੰ ਭਾਗ ਲਾਉਂਦਾ ਰਿਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪਿਛਲੇ 12 ਸਾਲਾਂ ਦੌਰਾਨ 800 ਕੁੜੀਆਂ ਹੋਈਆਂ ਲਾਪਤਾ, ਹੈਰਾਨ ਕਰੇਗੀ ਇਹ ਰਿਪੋਰਟ
ਜ਼ਿਕਰਯੋਗ ਹੈ ਕਿ 1977 ਵਿਚ ਲੰਬੀ ਵਿਧਾਨ ਸਭਾ ਤੋਂ ਪ੍ਰਕਾਸ਼ ਸਿੰਘ ਬਾਦਲ ਚੋਣ ਜਿੱਤ ਕਿ ਦੂਸਰੀ ਵਾਰ ਮੁੱਖ ਮੰਤਰੀ ਬਣੇ। 1980 ਵਿਚ ਸ. ਦਰਬਾਰਾ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਵੀ ਅਕਾਲੀ ਦਲ ਦਾ ਹਰਦੀਪ ਇੰਦਰ ਸਿੰਘ ਲੰਬੀ ਤੋਂ ਵਿਧਾਇਕ ਚੁਣੇ ਗਏ, ਜਿਹੜੇ ਵਿਰੋਧੀ ਪਾਰਟੀ ਦਾ ਹੋਣ ਕਰਕੇ ਮੰਤਰੀ ਮੰਡਲ ਤੋਂ ਦੂਰ ਰਹੇ। 1985 ਵਿਚ ਸ. ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਵਿਚ ਲੰਬੀ ਤੋਂ ਵਿਧਾਇਕ ਜਿੱਤੇ ਹਰਦੀਪਇੰਦਰ ਸਿੰਘ ਬਾਦਲ ਟਰਾਂਸਪੋਰਟ ਮੰਤਰੀ ਬਣੇ। 1992 ਤੋਂ 1997 ਵਾਲੀ ਕਾਂਗਰਸ ਸਰਕਾਰ ਦੇ ਪਿਛਲੇ ਸਮੇਂ ਵਿਚ ਲੰਬੀ ਤੋਂ ਕਾਂਗਰਸ ਦੇ ਜਿੱਤ ਵਿਧਾਇਕ ਸ. ਗੁਰਨਾਮ ਸਿੰਘ ਅਬੁਲਖੁਰਾਣਾ ਸਿੰਚਾਈ ਰਾਜ ਮੰਤਰੀ ਬਣੇ।
ਇਹ ਵੀ ਪੜ੍ਹੋ- ਸਾਬਕਾ CM ਚੰਨੀ ਦੀ ਪ੍ਰੈੱਸ ਕਾਨਫਰੰਸ, ਮੁੱਖ ਮੰਤਰੀ ਮਾਨ ਦੇ ਸਵਾਲਾਂ ਦਾ ਦਿੱਤਾ ਜਵਾਬ
1997 ਤੋਂ ਲੈ ਕੇ 2002 ਅਤੇ 2007 ਤੋਂ ਲੈ ਕੇ 2012 ਤੋਂ ਲੈਕੇ 2017 ਵਿਚ ਲੰਬੀ ਦੇ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ। 2002 ਅਤੇ 2017 ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਲੰਬੀ ਤੋਂ ਵਿਰੋਧੀ ਧਿਰ ਪ੍ਰਕਾਸ਼ ਸਿੰਘ ਬਾਦਲ ਵਿਧਾਇਕ ਚੁਣੇ ਜਾਣ ਕਰਕੇ ਕੈਬਨਿਟ ਦਾ ਹਿੱਸਾ ਨਹੀਂ ਬਣ ਸਕੇ। 2022 ਵਿਚ ਬਣੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਗੁਰਮੀਤ ਸਿੰਘ ਖੁੱਡੀਆਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਇਤਿਹਾਸ ਰਚਿਆ ਸੀ।
ਇਹ ਵੀ ਪੜ੍ਹੋ- ਮਾਨਸਾ 'ਚ ਵਾਪਰੀ ਰੂਹ ਕੰਬਾਊ ਘਟਨਾ, ਸਹੁਰਿਆਂ ਨੇ ਜ਼ਿੰਦਾ ਸਾੜੀ ਨੂੰਹ ਤੇ 10 ਮਹੀਨਿਆਂ ਦਾ ਮਾਸੂਮ ਪੁੱਤ
ਹੁਣ ਉਨ੍ਹਾਂ ਨੂੰ ਸਰਕਾਰ ਨੇ ਕੈਬਨਿਟ ਵਿਚ ਸਥਾਨ ਦੇਣ 'ਤੇ ਇਸ ਧਾਰਨਾ 'ਤੇ ਮੋਹਰ ਲੱਗ ਗਈ ਹੈ ਕਿ ਸਰਕਾਰ ਬਣਨ 'ਤੇ ਲੰਬੀ ਤੋਂ ਜਿੱਤੇ ਸਬੰਧਤ ਪਾਰਟੀ ਦੇ ਵਿਧਾਇਕ ਨੂੰ ਕੈਬਨਿਟ ਵਿਚ ਥਾਂ ਮਿਲਨੀ ਯਕੀਨੀ ਹੈ। ਇਹ ਵੀ ਜ਼ਿਕਰਯੋਗ ਹੈ ਕਿ 1977 ਤੋਂ ਬਾਅਦ ਬਣੀਆਂ 10 ਸਰਕਾਰਾਂ ਵਿਚੋਂ 5 ਵਾਰ ਅਕਾਲੀ ਦਲ, 4 ਵਾਰ ਕਾਂਗਰਸ ਤੇ 1 ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਹੈ ਪਰ ਕਾਂਗਰਸ ਦਾ ਵਿਧਾਇਕ ਸਿਰਫ਼ ਇਕ ਵਾਰ 1992 ਵਿਚ ਅਕਾਲੀ ਦਲ ਦੇ ਬਾਈਕਾਟ ਕਰਕੇ ਚੁਣਿਆ ਗਿਆ ਹੈ ਜਦਕਿ 7 ਵਾਰ ਅਕਾਲੀ ਦਲ ਅਤੇ ਇਕ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਮ 'ਤੇ ਲੋਕਾਂ ਨੇ ਮੋਹਰ ਲਾਈ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।