ਹਰ ਘਰ ਨੌਕਰੀ ਦਾ ਵਾਅਦਾ, ਮਿਲਿਆ ਬੇਰੋਜ਼ਗਾਰੀ ਭੱਤਾ ਵੀ ਨਹੀਂ
Thursday, Nov 16, 2017 - 07:57 AM (IST)
ਜਲੰਧਰ, (ਰਵਿੰਦਰ ਸ਼ਰਮਾ)- ਬੜੀਆਂ ਉਮੀਦਾਂ ਦੇ ਨਾਲ ਸੂਬੇ ਦੀ ਜਨਤਾ ਨੇ ਅਕਾਲੀ-ਭਾਜਪਾ ਸਰਕਾਰ ਨੂੰ ਖਦੇੜ ਕੇ ਇਕ ਵਾਰ ਫਿਰ ਤੋਂ ਕੈਪਟਨ ਸਰਕਾਰ 'ਤੇ ਵਿਸ਼ਵਾਸ ਜਤਾਇਆ ਸੀ। ਕੈਪਟਨ ਸਰਕਾਰ ਨੂੰ ਸੱਤਾ ਸੰਭਾਲੇ 8 ਮਹੀਨੇ ਬੀਤ ਚੁੱਕੇ ਹਨ ਪਰ ਸੂਬੇ ਦੀ ਜਨਤਾ ਲਈ ਕੁਝ ਵੀ ਚੰਗਾ ਨਹੀਂ ਹੋ ਰਿਹਾ। ਕੁਝ ਮਾਮਲਿਆਂ ਵਿਚ ਤਾਂ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਸਾਬਿਤ ਹੋ ਰਹੇ ਹਨ। ਕੈਪਟਨ ਸਰਕਾਰ ਜਨਤਾ ਨਾਲ ਕੀਤੇ ਇਕ ਵੀ ਵਾਅਦੇ ਨੂੰ ਅਮਲੀਜਾਮਾ ਨਹੀਂ ਪੁਆ ਸਕੀ ਹੈ ਤੇ ਇਨ੍ਹਾਂ ਵਾਅਦਿਆਂ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਇਨ੍ਹਾਂ ਵਿਚੋਂ ਇਕ ਵਾਅਦਾ ਸੀ ਬੇਰੋਜ਼ਗਾਰੀ ਖਤਮ ਕਰਨ ਦਾ। ਭਾਵ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਸੰਬੰਧੀ ਹਰੇਕ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਨੇ ਬਾਕਾਇਦਾ ਕੈਂਪ ਵੀ ਲਾਏ ਸਨ। ਕੈਂਪ ਵਿਚ ਲੋਕਾਂ ਦੇ ਫਾਰਮ ਤੱਕ ਭਰੇ ਗਏ ਸਨ। ਕਈ ਲੋਕ ਤਾਂ ਇਸ ਉਮੀਦ ਵਿਚ ਸਨ ਕਿ ਕਾਂਗਰਸ ਸਰਕਾਰ ਆਉਂਦਿਆਂ ਹੀ ਉਨ੍ਹਾਂ ਦੀ ਸਰਕਾਰੀ ਨੌਕਰੀ ਲੱਗ ਜਾਵੇਗੀ। ਲੋਕਾਂ ਨੇ ਧੜਾਧੜ ਨੌਕਰੀਆਂ ਦੇ ਫਾਰਮ ਭਰੇ ਤੇ ਧੜਾਧੜ ਕਾਂਗਰਸ ਦੇ ਖਾਤੇ ਵਿਚ ਵੋਟਾਂ ਪਾਈਆਂ। ਜਨਤਾ ਤੋਂ ਮਿਲੇ ਭਾਰੀ ਸਮਰਥਨ ਨਾਲ 10 ਸਾਲ ਬਾਅਦ ਸੂਬੇ ਵਿਚ ਕਾਂਗਰਸ ਦੀ ਵਾਪਸੀ ਹੋਈ ਪਰ ਪਿਛਲੇ 8 ਮਹੀਨਿਆਂ ਵਿਚ ਕੈਪਟਨ ਸਰਕਾਰ ਜਨਤਾ ਨਾਲ ਕੀਤਾ ਇਕ ਵੀ ਵਾਅਦਾ ਨਹੀਂ ਨਿਭਾਅ ਸਕੀ। ਨੌਕਰੀ ਦੇਣਾ ਤਾਂ ਦੂਰ ਪਹਿਲਾਂ ਤੋਂ ਮਿਲ ਰਿਹਾ ਬੇਰੋਜ਼ਗਾਰੀ ਭੱਤਾ ਵੀ ਬੰਦ ਕਰ ਦਿੱਤਾ। ਪਿਛਲੇ 5 ਮਹੀਨਿਆਂ ਤੋਂ ਕਿਸੇ ਵੀ ਬੇਰੋਜ਼ਗਾਰ ਨੂੰ ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ। ਲਗਾਤਾਰ ਬੇਰੋਜ਼ਗਾਰੀ ਵਧਣ ਕਾਰਨ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਹਾਇਰ ਸਟੱਡੀ ਲਈ ਵਿਦੇਸ਼ੀ ਧਰਤੀ 'ਤੇ ਭੇਜ ਰਹੇ ਹਨ ਤੇ ਵਿਦੇਸ਼ ਨਾ ਜਾ ਸਕਣ ਵਾਲੇ ਬੇਰੋਜ਼ਗਾਰ ਨੌਜਵਾਨ ਇਥੇ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਹਨ। ਇਕ ਅੰਕੜੇ ਮੁਤਾਬਕ ਸੂਬੇ ਵਿਚ 15 ਲੱਖ ਦੇ ਕਰੀਬ ਨੌਜਵਾਨਾਂ ਨੇ ਖੁਦ ਨੂੰ ਰੋਜ਼ਗਾਰ ਦਫਤਰ ਵਿਚ ਰਜਿਸਟਰਡ ਕਰਵਾਇਆ ਹੈ। ਰੋਜ਼ਗਾਰ ਨਾ ਮਿਲਣ ਦੀ ਹਾਲਤ ਵਿਚ ਇਨ੍ਹਾਂ ਨੌਜਵਾਨਾਂ ਨੂੰ ਹਰ ਮਹੀਨੇ ਬੇਰੋਜ਼ਗਾਰੀ ਭੱਤਾ ਦੇਣ ਦੀ ਵਿਵਸਥਾ ਹੈ। ਕੈਪਟਨ ਸਰਕਾਰ ਨੇ ਇਹ ਵੀ ਬੰਦ ਕਰ ਦਿੱਤਾ ਹੈ। ਲੋਕਾਂ ਕੋਲੋਂ ਹਰ ਘਰ ਨੌਕਰੀ ਦੇਣ ਦੇ ਵਾਅਦੇ ਦੇ ਫਾਰਮ ਹੁਣ ਕਿਸੇ ਕੋਨੇ ਵਿਚ ਟੋਕਰੀਆਂ ਵਿਚ ਪਏ ਮਿਲਣਗੇ ਜਾਂ ਫਿਰ ਕੂੜੇ ਦੇ ਢੇਰ 'ਤੇ।
ਸੱਤਾ ਵਿਚ ਆਉਣ ਤੋਂ ਬਾਅਦ ਨੌਕਰੀਆਂ ਲੈ ਕੇ ਕੋਈ ਸਰਵੇ ਨਹੀਂ ਕੀਤਾ ਗਿਆ ਤੇ ਨਾ ਹੀ ਸਰਕਾਰ ਨੇ ਰੋਜ਼ਗਾਰ ਪੈਦਾ ਕਰਨ ਦੀ ਕੋਈ ਕੋਸ਼ਿਸ਼ ਕੀਤੀ।
ਲੋਕਾਂ ਵਿਚ ਸਰਕਾਰ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ। ਖਾਸ ਕਰ ਕੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਨਤਾ ਨਾਲ ਝੂਠੇ ਵਾਅਦੇ ਕਰ ਕੇ ਸਰਕਾਰ ਸੱਤਾ ਵਿਚ ਆਈ ਹੈ ਤੇ ਜੇਕਰ ਸਰਕਾਰ ਨੇ ਹਰ ਘਰ ਨੌਕਰੀ ਦੇਣ ਦਾ ਵਾਅਦਾ ਨਾ ਨਿਭਾਇਆ ਤਾਂ ਮਜਬੂਰਨ ਨੌਜਵਾਨਾਂ ਨੂੰ ਸੜਕਾਂ 'ਤੇ ਉਤਰਨਾ ਪਵੇਗਾ।
ਕੀ ਕਹਿੰਦੇ ਹਨ ਸੂਬੇ ਦੇ ਵਿੱਤ ਮੰਤਰੀ
ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਹਿੰਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੀ ਆਰਥਿਕ ਸਥਿਤੀ ਨੂੰ ਪੂਰੀ ਤਰ੍ਹਾਂ ਕੰਗਾਲ ਕਰ ਦਿੱਤਾ ਹੈ। ਵਿਰਾਸਤ ਵਿਚ ਮਿਲੀ ਇਸ ਵਿਵਸਥਾ ਨੂੰ ਸੰਭਾਲਣ ਵਿਚ ਅਜੇ ਕੁਝ ਸਮਾਂ ਜ਼ਰੂਰ ਲੱਗੇਗਾ।
ਉਹ ਕਹਿੰਦੇ ਹਨ ਕਿ ਕਾਂਗਰਸ ਸਰਕਾਰ ਆਪਣੇ ਹਰ ਵਾਅਦੇ ਨੂੰ ਪੂਰਾ ਕਰੇਗੀ। ਜਲਦੀ ਹੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਲ ਵੀ ਕਦਮ ਵਧਾਏ ਜਾਣਗੇ।
