ਅਕਾਲੀ ਦਲ ’ਚ ਸ਼ਾਮਲ ਹੋਣ ’ਤੇ ਬਿਨਾਂ ਮਨਜ਼ੂਰੀ ਘਰ ’ਚ ਕਰਵਾਇਆ ਸਮਾਗਮ, ਚੋਣ ਅਫ਼ਸਰ ਨੇ ਭੇਜਿਆ ਨੋਟਿਸ

Friday, Jan 21, 2022 - 01:47 PM (IST)

ਅਕਾਲੀ ਦਲ ’ਚ ਸ਼ਾਮਲ ਹੋਣ ’ਤੇ ਬਿਨਾਂ ਮਨਜ਼ੂਰੀ ਘਰ ’ਚ ਕਰਵਾਇਆ ਸਮਾਗਮ, ਚੋਣ ਅਫ਼ਸਰ ਨੇ ਭੇਜਿਆ ਨੋਟਿਸ

ਤਰਨਤਾਰਨ (ਰਮਨ) - ਵਿਧਾਨ ਸਭਾ ਚੋਣਾਂ ਦੌਰਾਨ ਬੀਤੇ ਦਿਨੀਂ ਅਕਾਲੀ ਦਲ ’ਚ ਸ਼ਾਮਲ ਹੋਏ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਮਿੰਦਰ ਸਿੰਘ ਰਟੌਲ ਨੂੰ ਸਮਾਗਮ ’ਚ ਕੀਤੇ ਭਾਰੀ ਇਕੱਠ ਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਚੋਣ ਅਧਿਕਾਰੀ ਨੇ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਨੋਟਿਸ ਦਾ ਜਵਾਬ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਦੇਣਾ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਕਰਵਾਏ ਗਏ ਸਿਆਸੀ ਸਮਾਗਮ ਦੌਰਾਨ ਰਟੌਲ ਵਲੋਂ ਕੀਤੇ ਗਏ ਖ਼ਰਚ ਨੂੰ ਲੈ ਵੱਖ-ਵੱਖ ਸਰਵੀਲੈਂਸ ਟੀਮਾਂ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਮਿੰਦਰ ਰਟੌਲ ਨੇ ਕਾਂਗਰਸ ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਇਕ ਸਮਾਗਮ ਆਪਣੇ ਘਰ ’ਚ ਕਰਵਾਇਆ। ਇਸ ਵਿਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰ ਵਰਕਰਾਂ ਸਮੇਤ ਉਚੇਚੇ ਤੌਰ ’ਤੇ ਪੁੱਜੇ। ਇਸ ਦੌਰਾਨ ਸਮਾਗਮ ਵਿਚ ਕਰੀਬ 200 ਤੋਂ ਵੱਧ ਲੋਕ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਵੇਖੇ ਗਏ। ਜਿਸ ਨੂੰ ਲੈ ਚੋਣ ਅਧਿਕਾਰੀ ਰਜਨੀਸ਼ ਅਰੋੜਾ ਵਲੋਂ ਸਮਾਗਮ ਦੀਆਂ ਵੀਡੀਓ ਰਿਕਾਡਿੰਗ ਕਬਜ਼ੇ ’ਚ ਲੈਂਦੇ ਹੋਏ ਰਟੌਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦੋ ਦਿਨਾਂ ਅੰਦਰ ਜਵਾਬ ਦੇਣ ਲਈ ਕਿਹਾ। 

ਸਮਾਗਮ ਵਿਚ ਵੀਡੀਓ ਸਰਵੀਲੈਂਸ ਟੀਮਾਂ ਨੇ ਵੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਜੋ ਸਮਾਗਮ ’ਚ ਹੋਏ ਖ਼ਰਚ, ਜਿਸ ਵਿਚ ਕੁਰਸੀ, ਟੇਬਲ, ਪੋਸਟਰ ਹੋਰਡਿੰਗ, ਪੁੱਜੀਆਂ ਗੱਡੀਆਂ, ਲਾਉਡ ਸਪੀਕਰ, ਟੈਂਟ ਅਤੇ ਚਾਹ ਆਦਿ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਟੀਮ ਕੀਤੇ ਗਏ ਖ਼ਰਚ ਦੀ ਸਾਰੀ ਰਿਪੋਰਟ ਤਿਆਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਖਾਤੇ ਵਿਚ ਪਾਉਣ ਸਬੰਧੀ ਕਾਰਵਾਈ ਕਰੇਗੀ।

ਜਾਣਕਾਰੀ ਦਿੰਦੇ ਹੋਏ ਚੋਣ ਅਧਿਕਾਰੀ ਰਜਨੀਸ਼ ਅਰੋੜਾ ਨੇ ਦੱਸਿਆ ਕਿ ਗੁਰਮਿੰਦਰ ਰਟੌਲ ਵਲੋਂ ਕਰਵਾਏ ਗਏ ਸਿਆਸੀ ਸਮਾਗਮ ਨੂੰ ਬਿਨਾਂ ਮਨਜੂਰੀ ਕੋਵਿਡ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਰਵਾਇਆ ਗਿਆ। ਇਸ ’ਚ 200 ਦੇ ਕਰੀਬ ਵਿਅਕਤੀ ਮੌਜੂਦ ਸਨ। ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਬਾਬਤ ਗੁਰਮਿੰਦਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਜਵਾਬ ਮੰਗਿਆ ਗਿਆ ਹੈ। ਚੋਣ ਅਧਿਕਾਰੀ ਅਰੋੜਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਰਵੀਲੈਂਸ ਟੀਮ ਵਲੋਂ ਸਾਰੀ ਵੀਡੀਓ ਰਿਕਾਰਡਿੰਗ ਕਰਦੇ ਹੋਏ ਸਮਾਗਮ ਵਿਚ ਹੋਏ ਖ਼ਰਚ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ, ਜੋ ਪਾਰਟੀ ਦੇ ਖਾਤੇ ਵਿਚ ਪਾਈ ਜਾਵੇਗੀ। 

ਉਨ੍ਹਾਂ ਦੱਸਿਆ ਕਿ ਪਾਰਟੀ ਦਾ ਕੋਈ ਵੀ ਉਮੀਦਵਾਰ ਵਿਧਾਨ ਸਭਾ ਚੋਣਾਂ ਦੌਰਾਨ 38 ਲੱਖ ਰੁਪਏ ਤੋਂ ਵੱਧ ਰਾਸ਼ੀ ਨਹੀਂ ਖ਼ਰਚ ਕਰ ਸਕਦਾ। ਪਾਰਟੀ ਵਲੋਂ ਜ਼ਿਲ੍ਹੇ ਭਰ ’ਚ 80 ਲੱਖ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਨਡੋਰ ਸਮਾਗਮ ’ਚ 50 ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ’ਤੇ ਮਨਾਹੀ ਹੈ।


author

rajwinder kaur

Content Editor

Related News