ਅਕਾਲੀ ਆਗੂ ਨੇ ਸੰਤ ਸੀਚੇਵਾਲ ਦੇ ਸੇਵਾਦਾਰਾਂ ''ਤੇ ਲਗਾਏ ਗੁੰਡਾਗਰਦੀ ਦੇ ਦੋਸ਼
Wednesday, Jun 16, 2021 - 04:58 PM (IST)
ਸੁਲਤਾਨਪੁਰ ਲੋਧੀ (ਸੋਢੀ)- ਸ਼੍ਰੋਮਣੀ ਯੂਥ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਸੀਨੀਅਰ ਆਗੂ ਜਥੇ. ਸੁਖਦੇਵ ਸਿੰਘ ਨਾਨਕਪੁਰ ਅਤੇ ਸੁਖਵਿੰਦਰ ਸਿੰਘ ਨਾਨਕਪੁਰ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ 'ਤੇ ਸ਼ਰੇਆਮ ਗੁੰਡਾਗਰਦੀ ਅਤੇ ਧੱਕੇਸ਼ਾਹੀ ਕਰਨ ਦੇ ਸੰਗੀਨ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ ਅਸੀਂ ਤਕਰੀਬਨ 4 ਸਾਲ ਤੋਂ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਬੇਰ ਸਾਹਿਬ ਰੋਡ 'ਤੇ ਹੋਟਲ ਗ੍ਰੈਂਡ ਕਿੰਗ 'ਤੇ ਦੋਆਬਾ ਸਵੀਟਸ ਚਲਾ ਰਹੇ ਹਾਂ, ਜਿਸ ਦੀ ਪਿਛਲੇ ਪਾਸੇ ਪਵਿੱਤਰ ਵੇਈਂ ਲੰਘਦੀ ਹੈ ਅਤੇ ਪਵਿੱਤਰ ਵੇਈਂ ਦੇ ਨਾਲ ਅਤੇ ਦੋਆਬਾ ਸਵੀਟਸ ਦੇ ਪਿਛਲੇ ਪਾਸੇ ਸਰਕਾਰੀ ਰਸਤਾ ਚੱਲ ਰਿਹਾ ਹੈ। ਇਸ ਦੇ ਨਾਲ ਹੀ ਅਸੀਂ ਆਪਣੀ ਮਾਲਕੀ ਥਾਂ ਵਿੱਚੋਂ 6 ਫੁੱਟ ਜਗ੍ਹਾ ਨਾਲ ਖਾਲੀ ਛੱਡੀ ਹੋਈ ਹੈ ਅਤੇ ਦੋਆਬਾ ਸਵੀਟਸ ਦੀ ਦੁਕਾਨ ਅੰਦਰ ਦੁੱਧ ਅਤੇ ਹੋਰ ਰਾਸ਼ਨ ਲੈ ਕੇ ਜਾਣ ਲਈ ਛੋਟਾ ਰਸਤਾ ਛੱਡ ਕੇ ਸਿੰਗਲ ਦਰਵਾਜ਼ੇ ਵਾਲਾ ਗੇਟ ਲਗਾਇਆ ਹੋਇਆ ਹੈ।
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਦੂਰ ਕੀਤੇ ਆਪਣੇ, ਮਰੀਜ਼ ਦੀ ਮੌਤ ਦੇ 10 ਦਿਨਾਂ ਬਾਅਦ ਵੀ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ
ਨਾਨਕਪੁਰ ਨੇ ਦੋਸ਼ ਲਾਇਆ ਕਿ ਸੰਤ ਸੀਚੇਵਾਲ ਦੀ ਸ਼ਹਿ ਉਤੇ ਉਨ੍ਹਾਂ ਦੇ ਸੇਵਾਦਾਰਾਂ ਵੱਲੋਂ ਦੋ ਮਹੀਨੇ ਪਹਿਲਾਂ ਸਾਡਾ ਪਿਛਲੇ ਪਾਸੇ ਲਗਾਇਆ ਗੇਟ ਬੰਦ ਕਰਨ ਦੀ ਧਮਕੀ ਦਿੱਤੀ ਗਈ ਅਤੇ ਗਾਲੀ ਗਲੋਚ ਕੀਤੀ ਗਈ। ਸਾਡੀ ਪਿਛਲੇ ਪਾਸੇ ਮਾਲਕੀ ਜਗ੍ਹਾ ਵਿੱਚ ਲਗਾਈ ਇੰਟਰਲਾਕ ਟਾਇਲ ਤੋੜ ਦਿੱਤੀ ਗਈ। ਸਾਡੇ ਗਰੈਂਡ ਹੋਟਲ ਦੇ ਪਿਛਲੇ ਪਾਸੇ ਲਗਾਇਆ ਕੈਮਰਾ ਵੀ ਤੋੜ ਕੇ ਨਾਲ ਲੈ ਗਏ ਅਤੇ ਕੂਲਰ ਵੀ ਤੋੜ ਦਿੱਤਾ। ਉਨ੍ਹਾਂ ਹੋਰ ਦੋਸ਼ ਲਾਇਆ ਕਿ 10 ਦਿਨ ਬਾਅਦ ਫਿਰ ਆਏ ਅਤੇ ਸਾਡੇ ਹੋਟਲ ਦੇ ਪਿਛਲੇ ਪਾਸੇ ਲੋਹੇ ਦੀ ਗਰਿੱਲ ਲਗਾ ਕੇ ਸਰਕਾਰੀ ਰਸਤੇ ਵੱਲ ਨੂੰ ਜਾਂਦਾ ਸਾਡਾ ਰਸਤਾ ਬੰਦ ਕਰ ਦਿੱਤਾ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਸਾਡੇ ਕਰਮਚਾਰੀਆਂ ਨੇ ਦੁੱਧ ਆਦਿ ਸਾਮਾਨ ਲੰਘਾਉਣ ਲਈ ਰਸਤਾ ਫਿਰ ਚਾਲੂ ਕਰ ਦਿੱਤਾ। ਜਿਸ ਤੋਂ ਬਾਅਦ ਕੱਲ੍ਹ ਫਿਰ ਸੰਤ ਸੀਚੇਵਾਲ ਨੇ ਆਪਣੇ 15-20 ਸੇਵਾਦਾਰ ਭੇਜ ਦਿੱਤੇ, ਜਿਨ੍ਹਾਂ ਸਾਡੇ ਕਰਮਚਾਰੀਆਂ ਨੂੰ ਗੰਦੀਆਂ ਗਾਲਾਂ ਦਿੱਤੀਆਂ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਵੈਲਡਿੰਗ ਸੈੱਟ ਲਿਆ ਕੇ ਸਾਡਾ ਪਿਛਲੇ ਪਾਸੇ ਵਾਲਾ ਲੋਹੇ ਦਾ ਗੇਟ ਪੱਕਾ ਵੈਲਡਿੰਗ ਕਰਕੇ ਬੰਦ ਕਰ ਦਿੱਤਾ ਅਤੇ ਹੋਰ ਤੋੜਭੰਨ ਕਰਕੇ ਲਲਕਾਰੇ ਮਾਰੇ।
ਇਹ ਵੀ ਪੜ੍ਹੋ: ਜੱਦੀ ਪਿੰਡ ਪਹੁੰਚੀ ਸੈਨਿਕ ਦੀ ਮ੍ਰਿਤਕ ਦੇਹ, 7 ਸਾਲਾ ਪੁੱਤ ਨੇ ਮੁੱਖ ਅਗਨੀ ਦੇ ਕੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ
ਉਨ੍ਹਾਂ ਦੋਸ਼ ਲਾਇਆ ਕਿ ਇਸ ਸਮੇਂ ਕੁਝ ਸੇਵਾਦਾਰਾਂ ਵੱਲੋਂ ਕੋਈ ਨਸ਼ੀਲਾ ਪਦਾਰਥ ਖਾਧਾ ਹੋਇਆ ਜਾਪਦਾ ਸੀ , ਜੋ ਮੌਕੇ ਉਤੇ ਪੁੱਜੇ ਕੁਝ ਮੀਡੀਆ ਕਰਮਚਾਰੀਆਂ ਨਾਲ ਵੀ ਬਦਸਲੂਕੀ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਸਾਰੇ ਮਾਮਲੇ ਦੀ ਵੀਡੀਓ ਸਾਡੇ ਡਰਾਈਵਰ ਵੱਲੋਂ ਆਪਣੇ ਮੋਬਾਇਲ ਵਿੱਚ ਬਣਾਈ ਜਾ ਰਹੀ ਸੀ, ਜਿਸ ਕੋਲੋਂ ਉਸ ਦਾ ਮੋਬਾਇਲ ਵੀ ਧੱਕੇ ਨਾਲ ਸੇਵਾਦਾਰਾਂ ਖੋਹ ਲਿਆ ਅਤੇ ਵੀਡੀਓ ਡਿਲੀਟ ਕਰਕੇ ਮੋਬਾਇਲ ਵਾਪਸ ਕਰ ਦਿੱਤਾ।
ਦੋ ਸਾਲ ਪਹਿਲਾਂ ਵੀ ਸੇਵਾਦਾਰਾਂ ਵੱਲੋਂ ਕੀਤੀ ਗਈ ਸੀ ਗੁੰਡਾਗਰਦੀ
ਜਥੇ ਨਾਨਕਪੁਰ ਨੇ ਦੋਸ਼ ਲਾਇਆ ਕਿ 2 ਸਾਲ ਪਹਿਲਾਂ ਵੀ ਬਾਬਾ ਸੀਚੇਵਾਲ ਦੇ ਸੇਵਾਦਾਰਾਂ ਵੱਲੋਂ ਗੁੰਡਾਗਰਦੀ ਕਰਦਿਆਂ ਗਾਲੀ ਗਲੋਚ ਕੀਤਾ ਗਿਆ ਅਤੇ ਤੋੜਭੰਨ ਕੀਤੀ ਸੀ ਪਰ ਅਸੀਂ ਬਾਬਾ ਜੀ ਦੇ ਸਤਿਕਾਰ ਕਾਰਨ ਚੁੱਪ ਰਹੇ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਸੰਤ ਸੀਚੇਵਾਲ ਨੂੰ ਵੀ ਅਸੀਂ ਸ਼ਿਕਾਇਤ ਕੀਤੀ ਪਰ ਉਨ੍ਹਾਂ ਆਪਣੇ ਸੇਵਾਦਾਰਾਂ ਦਾ ਪੱਖ ਪੂਰਿਆ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਦਿਨ ਪਹਿਲਾਂ ਸੰਤ ਸੀਚੇਵਾਲ ਦੇ ਸੇਵਾਦਾਰਾਂ ਵੱਲੋਂ ਪਿੰਡ ਸ਼ੇਖਮਾਂਗਾ ਦੇ ਗਰੀਬ ਵਿਅਕਤੀਆਂ ਦੀ ਸਿਰਫ਼ ਡੇਰੇ ਤੋਂ ਪਾਣੀ ਪੀਣ 'ਤੇ ਬੇਇੱਜ਼ਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਦੁਖੀ ਹੋਏ ਪਿੰਡ ਦੇ ਲੋਕਾਂ ਬਾਬਾ ਸੀਚੇਵਾਲ ਦੇ ਕਾਰਨਾਮਿਆਂ ਤੋਂ ਪਰਦਾ ਚੁੱਕਦੇ ਹੋਏ ਸ਼ੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕੀਤੀ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਵਿੱਤਰ ਵੇਈਂ ਦੀ ਸਫ਼ਾਈ ਦੇ ਨਾਮ ਉਤੇ ਬਾਬੇ ਦੇ ਸੇਵਾਦਾਰਾਂ ਵੱਲੋਂ ਕਈ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬਾਬੇ ਦੇ ਸੇਵਾਦਾਰਾਂ ਵੱਲੋਂ ਕੀਤੀ ਧੱਕੇਸ਼ਾਹੀ ਦੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ ਤੇ ਨਿਆਂ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ: ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਨੂੰ ਵੱਢ ਦਿੱਤੀ ਸੀ ਭਿਆਨਕ ਮੌਤ, ਪੁਲਸ ਨੇ ਲੋੜੀਂਦਾ ਮੁਲਜ਼ਮ ਕੀਤਾ ਗ੍ਰਿਫ਼ਤਾਰ
ਹੋਟਲ ਮਾਲਕਾਂ ਦੇ ਦੋਸ਼ ਬੇਬੁਨਿਆਦ, ਉਕਤ ਜਗ੍ਹਾ ਦੇ ਕੋਈ ਮਾਲਕੀ ਨਹੀਂ: ਸੰਤ ਸੀਚੇਵਾਲ
ਇਸ ਸਬੰਧ ਵਿੱਚ ਜਦ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਥੇ. ਨਾਨਕਪੁਰ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਸੰਤ ਸੀਚੇਵਾਲ ਨੇ ਸਪੱਸ਼ਟ ਕੀਤਾ ਕਿ ਹੋਟਲ ਦੇ ਪਿਛਲੇ ਪਾਸੇ ਉਕਤ ਜਗ੍ਹਾ ਸਬੰਧੀ ਦੀ ਕੋਈ ਮਾਲਕੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਵਿੱਤਰ ਵੇਈਂ ਨੂੰ ਸੁੰਦਰ ਬਣਾਉਣ ਲਈ ਕਿਨਾਰੇ ਉਤੇ ਪੱਥਰ ਲਗਾਏ ਗਏ ਸਨ ਜਦਕਿ ਉਕਤ ਹੋਟਲ ਮਾਲਕਾਂ ਨੇ ਕੁਝ ਅਰਸਾ ਪਹਿਲਾਂ ਪਿਛਲੇ ਪਾਸੇ ਆਪਣਾ ਦਰਵਾਜਾ ਕੱਢ ਲਿਆ ਅਤੇ ਜਿਸ ਰਾਹੀਂ ਹੋਟਲ ਦਾ ਕੂੜਾ-ਕਰਕਟ ਆਦਿ ਗੱਡੀਆਂ ਰਾਹੀਂ ਲੱਦ ਕੇ ਉਹ ਲਿਜਾਂਦੇ ਸਨ।
ਬਾਬਾ ਸੀਚੇਵਾਲ ਨੇ ਦੋਸ਼ ਲਾਇਆ ਕਿ ਉਸ ਰੂਟ ਉਤੇ ਜ਼ਿਆਦਾਤਰ ਨਸ਼ੇ ਦਾ ਧੰਦਾ ਚੱਲਦਾ ਹੈ ਅਤੇ ਬਿਨ੍ਹਾਂ ਨੰਬਰ ਗੱਡੀਆਂ ਅਕਸਰ ਉੱਥੇ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸੇਵਾਦਾਰਾਂ ਵੱਲੋਂ ਉਕਤ ਹੋਟਲ ਵਾਲਿਆਂ ਵੱਲੋਂ ਕੱਢੇ ਦਰਵਾਜੇ ਅੱਗੇ ਗਰਿੱਲ ਲਗਾ ਕੇ ਕਰੀਬ ਡੇਢ ਮਹੀਨਾ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਹੋਟਲ ਮਾਲਕਾਂ ਫਿਰ ਸਾਡੀ ਲਗਾਈ ਗਰਿੱਲ ਤੋੜ ਕੇ ਰਸਤਾ ਬਣਾ ਲਿਆ ਸੀ। ਜਿਸ ਤੋਂ ਬਾਅਦ ਸਾਡੇ ਸੇਵਾਦਾਰਾਂ ਨੇ ਹੁਣ ਫਿਰ ਇਸ ਦਰਵਾਜੇ ਨੂੰ ਹੀ ਪੱਕਾ ਬੰਦ ਕਰ ਦਿੱਤਾ ਗਿਆ ਹੈ ।
ਕੀ ਕਹਿੰਦੇ ਹਨ ਡੀ. ਐੱਸ. ਪੀ.
ਇਸ ਮਾਮਲੇ ਸਬੰਧੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਇਸ ਸਬੰਧੀ ਮਿਲੀ ਸ਼ਿਕਾਇਤ ਦੀ ਪੁਲਸ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ