ਨਹੀਂ ਕੰਮ ਆਈ ਚੀਮਾ ਦੀ ''ਕਲਾਸ'', ਅੰਗਰੇਜ਼ੀ ''ਚੋਂ ਫਿਰ ਫਾਡੀ ਰਹੇ ਵਿਦਿਆਰਥੀ

05/16/2017 7:30:24 PM

ਚੰਡੀਗੜ੍ਹ (ਭਾਰਤੀ) : ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵਲੋਂ ਬੀਤੇ ਸਾਲ 10ਵੀਂ ਅਤੇ 12ਵੀਂ ਦੇ ਮਾੜੇ ਨਤੀਜੇ ਆਉਣ ਤੋਂ ਬਾਅਦ ਸੂਬੇ ਭਰ ਦੇ ਅਧਿਆਪਕਾਂ ਦੀ ਲਗਾਈ ਗਈ ਕਲਾਸ ਬੇ-ਸਿੱਟਾ ਜਾਪਦੀ ਨਜ਼ਰ ਆ ਰਹੀ ਹੈ। 13 ਮਈ ਨੂੰ ਆਏ 12ਵੀਂ ਦੇ ਨਤੀਜਿਆਂ ਵਿਚ ਸੂਬੇ ਭਰ ''ਚੋਂ ਸਿਰਫ 75 ਫੀਸਦੀ ਬੱਚੇ ਹੀ ਅੰਗਰੇਜ਼ੀ ਦਾ ਇਮਤਿਹਾਨ ਪਾਸ ਕਰ ਸਕੇ ਜਦਕਿ 2016 ਵਿਚ ਇਹ ਫੀਸਦ 86.42 ਸੀ। 2016 ਦੇ ਇਮਤਿਹਾਨ ਵਿਚ ਕੁੱਲ 318453 ਵਿਦਿਆਰਥੀਆਂ ਨੇ ਅੰਗਰੇਜ਼ੀ ਦਾ ਇਮਤਿਹਾਨ ਦਿੱਤਾ ਸੀ ਜਿਨ੍ਹਾਂ ਵਿਚੋਂ 275207 ਵਿਦਿਆਰਥੀ ਪਾਸ ਰਹੇ ਹਨ। ਜਦਕਿ 2017 ''ਚ ਕੁੱਲ 314815 ਵਿਦਿਆਰਥੀ ਅੰਗਰੇਜ਼ੀ ਦੇ ਇਮਤਿਹਾਨ ਵਿਚ ਬੈਠੇ ਜਿਨ੍ਹਾਂ ਚੋਂ 237794 ਵਿਦਿਆਰਥੀ ਹੀ ਪਾਸ ਹੋ ਸਕੇ।
ਸਾਲ 2016 ਦੌਰਾਨ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵਲੋਂ 10ਵੀਂ ਅਤੇ 12ਵੀਂ ਜਮਾਤ ਦੇ ਮਾੜੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਨਿੱਜੀ ਤੌਰ ''ਤੇ ਬੁਲਾ ਕੇ ਮੀਟਿੰਗ ਲਈ ਗਈ। ਇਸ ਦੌਰਾਨ ਬਕਾਇਦਾ ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਦੀ ਕਲਾਸ ਲਗਾਈ ਗਈ ਸੀ। ਇੰਨਾ ਹੀ ਨਹੀਂ ਮਾੜੇ ਨਤੀਜਿਆਂ ਵਾਲੇ ਅਧਿਆਪਕਾਂ ਦਾ ਬਕਾਇਦਾ ਸਿੱਖਿਆ ਮੰਤਰੀ ਵਲੋਂ ਟੈਸਟ ਲਿਆ ਗਿਆ ਸੀ ਜਿਸ ਵਿਚ ਜ਼ਿਆਦਾਤਰ ਅਧਿਆਪਕ ਫੇਲ੍ਹ ਰਹੇ ਸਨ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਮਾੜੇ ਨਤੀਜੇ ਵਾਲੇ ਅਧਿਆਪਕਾਂ ਨੂੰ ਆਖਰੀ ਮੌਕਾ ਦੇ ਕੇ ਛੱਡ ਦਿੱਤਾ ਸੀ। ਹੁਣ ਜਦੋਂ ਇਸ ਸਾਲ ਬਾਰ੍ਹਵੀਂ ਦਾ ਨਤੀਜਾ ਪਹਿਲਾਂ ਦੇ ਮੁਕਾਬਲੇ ਮਾੜਾ ਰਿਹਾ ਹੈ ਅਤੇ ਹੁਣ ਸਿੱਖਿਆ ਮੰਤਰੀ ਵੀ ਅਰੁਣਾ ਚੌਧਰੀ ਹਨ ਤਾਂ ਦੇਖਣਾ ਹੋਵੇਗਾ ਕਿ ਮਾੜੇ ਨਤੀਜਿਆਂ ਵਾਲੇ ਅਧਿਆਪਕਾਂ ਖਿਲਾਫ ਸਿੱਖਿਆ ਵਿਭਾਗ ਦੀ ਕੀ ਕਾਰਵਾਈ ਰਹਿੰਦੀ ਹੈ।


Gurminder Singh

Content Editor

Related News