ਇੰਗਲੈਂਡ ''ਚ ਵਾਪਰੇ ਭਿਆਨਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਸਣੇ 2 ਦੀ ਮੌਤ

01/06/2020 8:05:11 PM

ਗਲਾਸਗੋ/ਲੰਡਨ,(ਮਨਦੀਪ ਖੁਰਮੀ) : ਇੰਗਲੈਂਡ 'ਚ ਹੋਏ ਭਿਆਨਕ ਹਾਦਸੇ 'ਚ ਇਕ ਪੰਜਾਬੀ ਨੌਜਵਾਨ ਸਣੇ 2 ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੰਗਲੈਂਡ ਦੇ ਰਾਸ਼ਟਰੀ ਮਹਾਮਾਰਗ ਐੱਮ 1 'ਤੇ ਬੀਤੇ ਦਿਨ ਲੂਟਨ ਨੇੜੇ ਵਾਪਰੇ ਭਿਆਨਕ ਹਾਦਸੇ ਨੇ ਦੋ ਘਰਾਂ ਦੇ ਪਾਲਣਹਾਰ ਖੋਹ ਲਏ। ਨਵੇਂ ਸਾਲ ਦੇ ਚੌਥੇ ਦਿਨ ਵਾਪਰੀ ਇਸ ਘਟਨਾ ਕਾਰਣ ਮਹਾਮਾਰਗ ਲਗਭਗ ਸਾਰਾ ਦਿਨ ਹੀ ਬੰਦ ਰਿਹਾ। ਇਸ ਹਾਦਸੇ ਦੌਰਾਨ ਦੋ ਵੱਡੇ ਟਰੱਕਾਂ ਦੀ ਆਪਸ 'ਚ ਟੱਕਰ ਹੋਣ ਕਾਰਨ ਦੋਵੇਂ ਵਾਹਨਾਂ ਦੇ ਚਾਲਕਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਅੱਗੇ ਜਾ ਰਹੇ ਟਰੱਕ ਦਾ ਚਾਲਕ ਪੰਜਾਬੀ ਨੌਜਵਾਨ ਸੀ, ਜਦਕਿ ਪਿਛਲੇ ਵਾਹਨ ਦੇ ਚਾਲਕ ਦੀ ਪਛਾਣ ਅਧਿਕਾਰਤ ਤੌਰ 'ਤੇ ਪਤਾ ਨਹੀਂ ਲੱਗ ਸਕੀ ਹੈ। ਇਸ ਭਿਆਨਕ ਹਾਦਸੇ ਵਿਚ ਪਿਛਲਾ ਟਰੱਕ ਬਿਲਕੁਲ ਤਬਾਹ ਹੋ ਗਿਆ ਤੇ ਪਿੱਛੋਂ ਟੱਕਰ ਵੱਜਣ ਕਰ ਕੇ ਪੰਜਾਬੀ ਨੌਜਵਾਨ ਵਾਲਾ ਟਰੱਕ ਮਹਾਮਾਰਗ ਤੋਂ ਬਾਹਰ ਜਾ ਡਿੱਗਿਆ।
ਜ਼ਿਕਰਯੋਗ ਹੈ ਕਿ ਪੰਜਾਬੀ ਨੌਜਵਾਨ ਦਾ ਨਾਂ ਸੁਰਜੀਤ ਸਿੰਘ ਵਾਸੀ ਪਿੰਡ ਬੁੱਧੋ ਪੁੰਦਰ (ਅਠੌਲਾ) ਜਲੰਧਰ ਦੱਸਿਆ ਜਾ ਰਿਹਾ ਹੈ। ਸੁਰਜੀਤ ਸਿੰਘ ਮਹਿਜ 3 ਸਾਲ ਪਹਿਲਾਂ ਹੀ ਇਟਲੀ ਤੋਂ ਇੰਗਲੈਂਡ ਆਇਆ ਸੀ ਅਤੇ ਡਰਾਈਵਰ ਵਜੋਂ ਘਰ ਪਰਿਵਾਰ ਚਲਾ ਰਿਹਾ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਬਰਮਿੰਘਮ ਤੋਂ ਲੰਡਨ ਵੱਲ ਜਾ ਰਿਹਾ ਸੀ।


Related News