ਕੇਂਦਰ ਦਾ ਵੱਡਾ ਫ਼ੈਸਲਾ, ਅਗਲੇ ਸੈਸ਼ਨ ਤੋਂ ਪੰਜਾਬੀ 'ਚ ਹੋਵੇਗੀ ਇੰਜਨੀਅਰਿੰਗ ਦੀ ਪੜ੍ਹਾਈ

Thursday, Jul 27, 2023 - 06:05 PM (IST)

ਕੇਂਦਰ ਦਾ ਵੱਡਾ ਫ਼ੈਸਲਾ, ਅਗਲੇ ਸੈਸ਼ਨ ਤੋਂ ਪੰਜਾਬੀ 'ਚ ਹੋਵੇਗੀ ਇੰਜਨੀਅਰਿੰਗ ਦੀ ਪੜ੍ਹਾਈ

ਜਲੰਧਰ (ਨਰਿੰਦਰ ਮੋਹਨ)- ਅਗਲੇ ਸੈਸ਼ਨ ਤੋਂ ਪੰਜਾਬ ਦੇ ਇੰਜਨੀਅਰਿੰਗ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਇੰਜਨੀਅਰਿੰਗ ਦੀ ਪੜ੍ਹਾਈ ਸੂਬੇ ਦੀ ਮਾਂ ਬੋਲੀ ਪੰਜਾਬੀ ਵਿਚ ਸ਼ੁਰੂ ਹੋ ਜਾਵੇਗੀ। ਅਜਿਹਾ ਕੇਂਦਰ ਸਰਕਾਰ ਦੀ ਪਹਿਲਕਦਮੀ ’ਤੇ ਪੰਜਾਬੀ ਭਾਸ਼ਾ ਦੀ ਚੜ੍ਹਦੀ ਕਲਾ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਇੰਜਨੀਅਰਿੰਗ ਦੀਆਂ ਪੁਸਤਕਾਂ ਦਾ ਪੰਜਾਬੀ 'ਚ ਅਨੁਵਾਦ ਕਰਨ ਦਾ ਕੰਮ ਸਰਕਾਰੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੂੰ ਸੌਂਪਿਆ ਗਿਆ ਹੈ, ਜਿੱਥੇ ਅਨੁਵਾਦ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਜਾਰੀ ਹੋਇਆ 15 ਅਗਸਤ ਦਾ ਸ਼ਡਿਊਲ, ਜਾਣੋ CM Mann ਸਣੇ ਬਾਕੀ ਮੰਤਰੀ ਕਿੱਥੇ ਲਹਿਰਾਉਣਗੇ ਤਿਰੰਗਾ

ਪੰਜਾਬ ਨੇ ਇਕ ਦਰਜਨ ਦੇ ਕਰੀਬ ਇੰਜਨੀਅਰਿੰਗ ਸਿੱਖਿਆ ਸੰਸਥਾਵਾਂ ਬੰਦ ਕਰ ਦਿੱਤੀਆਂ ਹਨ। ਇਸ ਦਾ ਮੁੱਖ ਕਾਰਨ ਇੰਜਨੀਅਰਿੰਗ ਸਿੱਖਿਆ ਵਿੱਚ ਸਖ਼ਤ ਅੰਗਰੇਜ਼ੀ ਦੀ ਮੌਜੂਦਗੀ ਰਹੀ ਹੈ। ਉੱਚ ਸਿੱਖਿਆ ਦੇ ਪੱਧਰ 'ਤੇ ਅੰਗਰੇਜ਼ੀ ਭਾਸ਼ਾ ਦੇ ਸਾਹਮਣੇ ਆਉਣ ਦਾ ਡਰ ਬਹੁਤ ਸਾਰੇ ਵਿਦਿਆਰਥੀਆਂ ਲਈ ਪੇਸ਼ੇਵਰ ਖੇਤਰ ਵਿਚ ਦਾਖ਼ਲ ਹੋਣ ਲਈ ਰੁਕਾਵਟਾਂ ਪੈਦਾ ਕਰ ਰਿਹਾ ਹੈ। ਕੇਂਦਰ ਸਰਕਾਰ ਨੇ ਰਾਜਾਂ 'ਚ ਭਾਸ਼ਾਈ ਸਿੱਖਿਆ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਨੂੰ ਆਧਾਰ ਬਣਾਇਆ ਸੀ, ਜਿਸ ਅਨੁਸਾਰ ਦੁਨੀਆ ਵਿਚ ਇਕ ਭਾਸ਼ਾ ਹਰ ਦੋ ਹਫ਼ਤਿਆਂ ਬਾਅਦ ਅਲੋਪ ਹੋ ਜਾਂਦੀ ਹੈ। ਭਾਰਤ 'ਚ 196 ਭਾਰਤੀ ਭਾਸ਼ਾਵਾਂ ਖ਼ਤਰੇ ਵਿੱਚ ਹਨ। ਅਜਿਹੀ ਸਥਿਤੀ 'ਚ ਇੱਕ ਅਧਿਐਨ ਇਹ ਵੀ ਕੀਤਾ ਗਿਆ ਸੀ ਕਿ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਦੇ ਵਿਦਿਆਰਥੀ ਮੁੱਢਲੀ ਸਿੱਖਿਆ ਤੋਂ ਲੈ ਕੇ ਡਾਕਟਰੇਟ ਤੱਕ ਦੀ ਪੜ੍ਹਾਈ ਆਪਣੀ ਮਾਤ ਭਾਸ਼ਾ 'ਚ ਕਰਦੇ ਹਨ। ਅਜਿਹੀ ਸਥਿਤੀ ਵਿੱਚ ਕੁਝ ਹੋਰ ਭਾਸ਼ਾਵਾਂ ਦੇ ਨਾਲ-ਨਾਲ ਕੇਂਦਰ ਸਰਕਾਰ ਨੇ ਪੰਜਾਬੀ ਨੂੰ ਵੀ ਸ਼ਾਮਲ ਕੀਤਾ ਸੀ। 

ਇਹ ਵੀ ਪੜ੍ਹੋ- ਅਮਰੀਕਾ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼, 18 ਕਿਲੋ ਹੈਰੋਇਨ ਸਣੇ 3 ਗ੍ਰਿਫ਼ਤਾਰ

ਇੰਜੀਨੀਅਰਿੰਗ ਸਿੱਖਿਆ ਨੂੰ ਸੰਭਾਲਣ ਵਾਲੀ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਕੇਂਦਰ ਸਰਕਾਰ ਦੀ ਰਾਸ਼ਟਰੀ ਸਿੱਖਿਆ ਨੀਤੀ ਦੇ ਆਧਾਰ 'ਤੇ ਇੰਜੀਨੀਅਰਿੰਗ ਦੀ ਸਿੱਖਿਆ ਪੰਜਾਬੀ 'ਚ ਪੜ੍ਹਾਉਣ ਲਈ ਸਹਿਮਤੀ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਬੂਟਾ ਸਿੰਘ ਸਿੱਧੂ ਨੇ ਦੱਸਿਆ ਕਿ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਦਾ ਕੰਮ ਜ਼ੋਰਾਂ ’ਤੇ ਹੈ ਅਤੇ ਇਸ ਲਈ ਇਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਨੁਵਾਦ ਤੋਂ ਬਾਅਦ ਪੁਸਤਕਾਂ ਰਾਜ ਤਕਨੀਕੀ ਸਿੱਖਿਆ ਬੋਰਡ ਨੂੰ ਦਿੱਤੀਆਂ ਜਾਣਗੀਆਂ ਅਤੇ ਸੰਭਵ ਤੌਰ ’ਤੇ ਆਉਣ ਵਾਲੇ ਸੈਸ਼ਨ ਵਿੱਚ ਪੰਜਾਬੀ ਦੀਆਂ ਪੁਸਤਕਾਂ ਲਾਗੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਅਨੁਵਾਦ ਹੋਣ ਵਾਲੀਆਂ ਕਿਤਾਬਾਂ ਦੀ ਗਿਣਤੀ 2400 ਦੇ ਕਰੀਬ ਹੈ, ਜਿਨ੍ਹਾਂ ਦਾ ਹਰੇਕ ਕੋਰਸ ਦੇ ਹਿਸਾਬ ਨਾਲ ਅਨੁਵਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਜੇਕਰ ਇੰਜਨੀਅਰਿੰਗ ਦੀ ਪੜ੍ਹਾਈ ਪੰਜਾਬੀ ਵਿੱਚ ਕੀਤੀ ਜਾਵੇ ਤਾਂ ਵਿਦਿਆਰਥੀਆਂ ਦੀ ਗਿਣਤੀ ਵਧੇਗੀ।

ਇਹ ਵੀ ਪੜ੍ਹੋ- ਡਰੋਨ ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਇੰਜਨੀਅਰਿੰਗ ਦੀਆਂ ਕਿਤਾਬਾਂ 'ਤੇ ਚਰਚਾ ਵਿਚ ਸ਼ਾਮਲ ਕੀਤੇ ਜਾਣ ਵਾਲੇ ਪਹਿਲੇ ਸਾਲ ਦੀਆਂ ਕਿਤਾਬਾਂ ਵਿਚ ਗਣਿਤ 1 ਅਤੇ 2, ਅਪਲਾਈਡ ਫਿਜ਼ਿਕਸ-1, ਅਪਲਾਈਡ ਕੈਮਿਸਟਰੀ, ਇੰਜੀਨੀਅਰਿੰਗ ਗ੍ਰਾਫਿਕਸ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ ਇੰਜੀਨੀਅਰਿੰਗ ਅਤੇ ਵਾਤਾਵਰਣ ਵਿਗਿਆਨ ਸ਼ਾਮਲ ਹਨ। ਇਹ ਸਾਰੀਆਂ ਕਿਤਾਬਾਂ ਡਿਪਲੋਮਾ ਪੱਧਰ ਦੀਆਂ ਹਨ। ਬੀ.ਟੈੱਕ ਅਤੇ ਡਿਪਲੋਮਾ ਦੇ ਕੁੱਲ 62 ਕੋਰਸ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਏ ਜਾਣਗੇ। ਇਨ੍ਹਾਂ ਵਿੱਚ ਕੰਪਿਊਟਰ ਇੰਜਨੀਅਰਿੰਗ, ਸਿਵਲ ਇੰਜਨੀਅਰਿੰਗ ਅਤੇ ਮਕੈਨੀਕਲ ਇੰਜਨੀਅਰਿੰਗ ਤੋਂ ਲੈ ਕੇ ਸੂਚਨਾ ਤਕਨਾਲੋਜੀ ਤੱਕ ਦੀ ਸਿੱਖਿਆ ਅਤੇ ਇਸ ਤਰ੍ਹਾਂ ਦੇ ਹੋਰ ਕਈ ਕੋਰਸ ਖੇਤਰੀ ਭਾਸ਼ਾਵਾਂ ਵਿੱਚ ਦਿੱਤੇ ਜਾਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿੱਚ 174 ਇੰਜਨੀਅਰਿੰਗ ਕਾਲਜ ਹਨ।

ਇਹ ਵੀ ਪੜ੍ਹੋ- 35 ਸਾਲ ਦਾ ਵਿਛੋੜਾ, ਪੁੱਤ ਨੇ ਜ਼ਿੰਦਗੀ 'ਚ ਪਹਿਲੀ ਵਾਰ ਕਿਹਾ 'ਮਾਂ', ਅੱਖਾਂ ਨਮ ਕਰੇਗੀ ਇਹ ਕਹਾਣੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News