ਮੁਲਾਜ਼ਮਾਂ ਨੂੰ ਧਰਨਾ ਪ੍ਰਦਰਸ਼ਨ ਪਵੇਗਾ ਮਹਿੰਗਾ, ਪਾਵਰਕਾਮ ਕੱਟੇਗਾ ਤਨਖਾਹ
Monday, Jun 24, 2019 - 01:06 AM (IST)

ਪਟਿਆਲਾ, (ਪਰਮੀਤ)-ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੀ ਮੈਨੇਜਮੈਂਟ ਨੇ ਧਰਨਾਕਾਰੀ ਮੁਲਾਜ਼ਮਾਂ ਖਿਲਾਫ ਸਖ਼ਤ ਰੁਖ ਅਖਤਿਆਰ ਕਰਦਿਆਂ 19 ਜੂਨ ਨੂੰ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਧਰਨਾ ਲਾਉਣ ਵਾਲੇ ਮੁਲਾਜ਼ਮਾਂ ਦੀ ਇਕ ਦਿਨ ਦੀ ਤਨਖਾਹ ਵੀ ਕੱਟਣ ਅਤੇ ਬਰੇਕ ਇਨ ਸਰਵਿਸ ਪਾਉਣ ਦੇ ਹੁਕਮ ਜਾਰੀ ਕੀਤੇ ਹਨ।
ਪਾਵਰਕਾਮ ਦੇ ਉੱਪ-ਸਕੱਤਰ ਆਈ. ਆਰ. ਵੱਲੋਂ ਜਾਰੀ ਕੀਤੇ ਗਏ ਪੱਤਰ ਮੁਤਾਬਕ ਧਰਨੇ ਅਤੇ ਰੈਲੀਆਂ ਵਿਚ ਭਾਗ ਲੈਣ ਵਾਲੇ ਮੁਲਾਜ਼ਮਾਂ ਨੂੰ ‘ਕੰਮ ਨਹੀਂ ਤਨਖਾਹ ਨਹੀਂ’ ਦੇ ਸਿਧਾਂਤ ਅਨੁਸਾਰ ਲਿਆ ਜਾਵੇਗਾ। ਪੱਤਰ ਮੁਤਾਬਕ 19 ਜੂਨ ਨੂੰ ਜੋ ਧਰਨਾ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਲੱਗਾ ਸੀ, ਉਸ ਦੀ ਵੀਡੀਓ ਵੀ ਬਣਾਈ ਗਈ ਹੈ। ਫੋਟੋਗ੍ਰਾਫੀ ਵੀ ਕਰਵਾਈ ਗਈ ਹੈ। ਇਸ ਤੋਂ ਇਲਾਵਾ ਇੰਟੈਲੀਜੈਂਸ ਵਿਭਾਗ ਦੀਆਂ ਰਿਪੋਰਟਾਂ ਵੀ ਪ੍ਰਾਪਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਧਰਨੇ ਵਿਚ ਸ਼ਾਮਲ ਮੁਲਾਜ਼ਮਾਂ ਦੀ ਸ਼ਨਾਖਤ ਕੀਤੀ ਗਈ ਹੈ।
ਪੱਤਰ ਮੁਤਾਬਕ 28 ਆਗੂਆਂ ਦੀਆਂ ਦੀ ਸ਼ਨਾਖਤ ਤਾਂ ਸਿੱਧੇ ਤੌਰ ’ਤੇ ਹੋਈ ਹੈ ਜਦ ਕਿ ਧਰਨੇ ਵਾਲੇ ਦਿਨ 319 ਮੁਲਾਜ਼ਮ ਛੁੱਟੀ ’ਤੇ ਸਨ। 408 ਮੈਡੀਕਲ ਛੁੱਟੀ ’ਤੇ ਸਨ। 69 ਆਗੂ ਗੈਰ-ਹਾਜ਼ਰ ਜਾਂ ਧਰਨੇ ਵਿਚ ਸ਼ਾਮਲ ਸਨ। ਜਿਹਡ਼ੇ ਕਰਮਚਾਰੀ ਅਚਨਚੇਤ ਛੁੱਟੀ ’ਤੇ ਸਨ, ਉਨ੍ਹਾਂ ਦੀ ਵੀ ਇਕ ਦਿਨ ਦੀ ਤਨਖਾਹ ਕੱਟੀ ਜਾਵੇਗੀ ਅਤੇ ਬਰੇਕ ਇਨ ਸਰਵਿਸ ਪਾਈ ਜਾਵੇਗੀ।