ਨਵੀਂ ਤਬਾਦਲਾ ਨੀਤੀ, ਵਰ੍ਹਿਆਂ ਤੋਂ ਆਪਣੇ ਪਿਤਰੀ ਜ਼ਿਲ੍ਹਿਆਂ 'ਚ ਤਾਇਨਾਤ ਮੁਲਾਜ਼ਮਾਂ ਦੀ ਹੁਣ ਹੋਵੇਗੀ ਬਦਲੀ

Tuesday, May 26, 2020 - 06:03 PM (IST)

ਮੋਗਾ (ਗੋਪੀ ਰਾਊਕੇ, ਆਜ਼ਾਦ): ਪੰਜਾਬ ਦੇ ਗ੍ਰਹਿ ਤੇ ਨਿਆ ਵਿਭਾਗ ਵੱਲੋਂ ਪੁਲਸ ਮੁਲਾਜ਼ਮਾਂ ਦੀਆਂ ਬਦਲੀਆਂ ਸਬੰਧੀ ਬਣਾਈ ਗਈ ਨਵੀਂ ਤਬਾਦਲਾ ਨੀਤੀ ਮਗਰੋਂ ਉਨ੍ਹਾਂ ਪੁਲਸ ਮੁਲਾਜ਼ਮਾਂ 'ਚ 'ਹੜਕੰਪ' ਮਚ ਗਿਆ ਹੈ ਜਿਨ੍ਹਾਂ ਦੀ ਵਰ੍ਹਿਆਂ ਤੋਂ ਆਪਣੇ ਪਿਤਰੀ ਜ਼ਿਲ੍ਹਿਆਂ ਦੇ ਥਾਣਿਆਂ 'ਚ ਹੀ ਤਾਇਨਾਤੀ ਹੈ। ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ਼ ਪੁਲਸ ਵਲੋਂ 22 ਮਈ ਨੂੰ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਇਹ ਆਦੇਸ਼ ਦਿੱਤੇ ਹਨ। ਇਨ੍ਹਾਂ ਹੁਕਮਾਂ ਦੀ 'ਇੰਨ- ਬਿੰਨ' ਪਾਲਣਾ ਕੀਤੀ ਜਾਵੇ।

ਦੂਜੇ ਪਾਸੇ ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਇਸ ਪੱਤਰ ਦੇ ਜਾਰੀ ਹੋਣ ਮਗਰੋਂ ਮੋਗਾ ਜ਼ਿਲ੍ਹੇ ਦੀਆਂ ਆਪਣੀਆਂ ਸਬ-ਡਵੀਜ਼ਨਾਂ 'ਚ ਤਾਇਨਾਤ ਥਾਣਾ ਮੁਖੀਆਂ ਦੇ ਬਦਲੇ ਜਾਣ ਦੀ ਸੰਭਾਵਨਾ ਵੀ ਬਣ ਗਈ ਹੈ, ਉਂਝ ਕਿਸੇ ਗੰਭੀਰ ਬੀਮਾਰੀ ਤੋਂ ਪੀੜ੍ਹਤ ਹੋਣ ਜਾ ਕਿਸੇ ਵਿਸ਼ੇਸ਼ ਸਥਿਤੀ 'ਚ ਪੁਲਸ ਮੁਲਾਜ਼ਮਾਂ ਨੂੰ ਇਸ 'ਚੋਂ ਛੋਟ ਵੀ ਦਿੱਤੀ ਜਾ ਸਕਦੀ ਹੈ।'ਜਗ ਬਾਣੀ' ਵਲੋਂ ਇਸ ਸਬੰਧ ਵਿਚ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿਛਲੇ 15 ਵਰ੍ਹਿਆਂ ਤੋਂ ਇਕੋ ਥਾਣੇ ਵਿਚ ਹੀ ਤਾਇਨਾਤ ਸਹਾਇਕ ਥਾਣੇਦਾਰ ਸਮੇਤ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਵੀ ਹੋਰਨਾ ਜ਼ਿਲਿਆਂ ਵਿਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਇੱਕੋ ਸੀਟ ਤੇ 3 ਸਾਲਾ ਤੋਂ ਕੰਮ ਕਰਕੇ ਮੁਲਾਜ਼ਮਾਂ 'ਤੇ 9 ਸਾਲਾ ਤੋਂ ਥਾਣੇ ਵਿਚ ਤਾਇਨਾਤੀ ਵਾਲੇ ਮੁਲਾਜਮਾਂ ਨੂੰ ਹੋਰਨਾ ਥਾਣਿਆਂ ਵਿਚ ਭੇਜਣ ਦੇ ਹੁਕਮ ਦਿੱਤੇ ਹਨ। ਸੂਤਰ ਦੱਸਦੇ ਹਨ ਕਿ ਲੰਮੇ ਸਮੇਂ ਤੋ ਆਪਣੇ ਪਿਤਰੀ ਜ਼ਿਲਿਆਂ ਤੇ ਸਬ ਡਵੀਜ਼ਨਾਂ ਵਿਚ ਤਾਇਨਾਤ ਥਾਣਾ ਮੁਖੀਆਂ ਨੇ ਹੁਣ ਆਪਣੇ ਸਿਆਸੀ ਅਕਾਵਾਂ ਰਾਹੀਂ ਆਪਣੇ ਗ੍ਰਹਿ ਜ਼ਿਲਿਆਂ ਦੇ ਨਾਲ ਲੱਗਦੇ ਹੋਰਨਾਂ ਜ਼ਿਲ੍ਹਿਆਂ ਦੇ ਥਾਣਿਆਂ 'ਚ ਬਦਲੀ ਕਰਵਾਉਣ ਲਈ ਜੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News