''ਨਸ਼ਾ ਛੁਡਾਊ ਕੇਂਦਰ'' ਦੇ ਕਰਮਚਾਰੀਆਂ ਦੀ ਗੁਹਾਰ, ਸੁਣੋ ਸਰਕਾਰ

Tuesday, Jul 10, 2018 - 12:51 PM (IST)

''ਨਸ਼ਾ ਛੁਡਾਊ ਕੇਂਦਰ'' ਦੇ ਕਰਮਚਾਰੀਆਂ ਦੀ ਗੁਹਾਰ, ਸੁਣੋ ਸਰਕਾਰ

ਚੰਡੀਗੜ੍ਹ (ਰਾਣਾ, ਮਨਮੋਹਨ) : ਪੰਜਾਬ ਸਰਕਾਰ ਜਿੱਥੇ ਇਕ ਪਾਸੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਅਪੀਲ ਕਰ ਰਹੀ ਹੈ ਅਤੇ 'ਨਸ਼ਾ ਛੁਡਾਊ ਮੁਹਿੰਮ' ਚਲਾ ਰਹੀ ਹੈ, ਉੱਥੇ ਹੀ 'ਨਸ਼ਾ ਛੁਡਾਊ ਕੇਂਦਰਾਂ' ਦੇ ਕਰਮਚਾਰੀ ਤਨਖਾਹਾਂ ਨਾ ਵਧਾਏ ਜਾਣ ਕਾਰਨ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਅਜਿਹਾ ਹੀ ਪ੍ਰਦਰਸ਼ਨ ਸ਼ਹਿਰ ਦੇ ਸੈਕਟਰ-3 ਸਥਿਤ ਪੰਜਾਬ ਭਵਨ 'ਚ ਕਰਮਚਾਰੀਆਂ ਵਲੋਂ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਪਿਛਲੇ ਕਈ ਸਾਲਾਂ ਤੋਂ ਰੁਕੀਆਂ ਹੋਈਆਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। 
ਇਸ ਮੌਕੇ ਨਸ਼ਾ ਮੁਕਤੀ ਕੇਂਦਰ ਪਟਿਆਲਾ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ 'ਨਸ਼ਾ ਛੁਡਾਊ ਕੇਂਦਰਾਂ' ਦੇ ਕਰਮਚਾਰੀਆਂ ਦੀ ਹਾਲਤ ਬੇਹੱਦ ਖਰਾਬ ਹੈ। ਇਕ ਤਾਂ ਸਰਕਾਰ ਨੇ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਅਤੇ ਨਾ ਹੀ ਸਰਕਾਰ ਉਨ੍ਹਾਂ ਦੀਆਂ ਤਨਖਾਹਾਂ 'ਚ ਵਾਧਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਕਰੀਬ 22 ਸਰਕਾਰੀ 'ਨਸ਼ਾ ਛੁਡਾਊ ਕੇਂਦਰ' ਹਨ, ਜਿਨ੍ਹਾਂ 'ਚ 200 ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹਨ। 4 ਸਾਲ ਪਹਿਲਾਂ ਇਕ ਇਸ਼ਤਿਹਾਰ ਕੱਢਿਆ ਗਿਆ ਸੀ ਅਤੇ ਜੋ ਭਰਤੀਆਂ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਰੈਗੂਲਰ ਕਰਨ ਦੇ ਨਾਲ 35,000 ਪ੍ਰਤੀ ਮੀਹਨਾ ਤਨਖਾਹ ਦੀ ਗੱਲ ਕਹੀ ਗਈ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਸਿਰਫ 15,000 ਰੁਪਏ ਹੀ ਦਿੱਤੇ ਜਾ ਰਹੇ ਹਨ।

ਪਰਮਿੰਦਰ ਸਿੰਘ ਨੇ ਕਿਹਾ ਕਿ ਇਹ ਕਰਮਚਾਰੀ ਨਸ਼ਾ ਛੱਡਣ ਵਾਲੇ ਲੋਕਾਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਦਾ ਪੁਨਰਵਾਸ ਕਰਦੇ ਹਨ, ਜੋ ਕਿ ਸੌਖਾ ਨਹੀਂ ਹੈ ਪਰ ਉਨ੍ਹਾਂ ਨੂੰ ਸਿਰਫ 15,000 ਰੁਪਏ ਦਿੱਤੇ ਜਾਂਦੇ ਹਨ ਅਤੇ ਪੱਕਾ ਵੀ ਨਹੀਂ ਕੀਤਾ ਜਾ ਰਿਹਾ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਕਾਫੀ ਮੁਸ਼ਕਿਲ ਚੱਲਦਾ ਹੈ। ਪਰਮਿੰਦਰ ਸਿੰਘ ਨੇ ਕਿਹਾ ਕਿ  ਇਸ ਬਾਰੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਪਰ ਉਨ੍ਹਾਂ ਨੇ ਵੀ ਭਰੋਸੇ ਤੋਂ ਸਿਵਾਏ ਕੁਝ ਨਹੀਂ ਦਿੱਤਾ ਅਤੇ ਉਨ੍ਹਾਂ ਦੀਆਂ ਮੰਗਾਂ 'ਤੇ ਕੋਈ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਅੱਜ ਦਾ ਇਹ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਪਰ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ।


Related News