ਫਿਰ ਹੜਤਾਲ ’ਤੇ ਗਏ DC ਦਫ਼ਤਰ ਦੇ ਕਰਮਚਾਰੀ, 6 ਦਿਨ ਤਕ ਬੰਦ ਰਹਿਣਗੇ ਵਿਭਾਗੀ ਕੰਮਕਾਜ
Thursday, Nov 09, 2023 - 11:52 AM (IST)
ਜਲੰਧਰ (ਚੋਪੜਾ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ (ਪੀ. ਐੱਸ. ਐੱਮ. ਐੱਸ. ਯੂ.) ਦੇ ਸੱਦੇ ’ਤੇ ਬੁੱਧਵਾਰ ਡੀ. ਸੀ. ਦਫ਼ਤਰ ਦੇ ਕਰਮਚਾਰੀਆਂ ਨੇ ਕਲਮਛੋੜ ਹੜਤਾਲ ਕਰ ਦਿੱਤੀ। ਹੁਣ ਅਗਲੇ 6 ਦਿਨਾਂ ਤੱਕ ਡੀ. ਸੀ. ਦਫ਼ਤਰ ਨਾਲ ਸਬੰਧਤ ਸਾਰੇ ਵਿਭਾਗਾਂ ’ਚ ਕੰਮਕਾਜ ਪ੍ਰਭਾਵਿਤ ਰਹੇਗਾ। ਮੁਲਾਜ਼ਮਾਂ ਨੇ ਕਮਲ ਛੱਡ ਕੇ 13 ਨਵੰਬਰ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਡੀ. ਸੀ. ਦਫ਼ਤਰ, ਏ. ਡੀ. ਸੀ. ਦਫ਼ਤਰ, ਐੱਸ. ਡੀ. ਐੱਮ., ਤਹਿਸੀਲਦਾਰ ਅਤੇ ਹੋਰ ਅਧਿਕਾਰੀਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਅਧਿਕਾਰੀ ਪਬਲਿਕ ਡੀਲਿੰਗ ਕਰ ਰਹੇ ਸਨ ਪਰ ਕਰਮਚਾਰੀਆਂ ਦੇ ਹੜਤਾਲ ’ਤੇ ਜਾਣ ਕਾਰਨ ਉਹ ਕੋਈ ਫਾਈਲ ਜਾਂ ਕੰਮ ਦਾ ਨਿਪਟਾਰਾ ਨਹੀਂ ਕਰ ਪਾ ਰਹੇ ਸਨ, ਜਿਸ ਕਾਰਨ ਦੂਰ-ਦੁਰਾਡੇ ਤੋਂ ਵੱਖ-ਵੱਖ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੀਤੀ ਸਵੇਰੇ ਜਿਉਂ ਹੀ ਦਫ਼ਤਰ ਖੁੱਲ੍ਹਿਆ ਤਾਂ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਤਹਿਤ ਪੀ. ਐੱਸ. ਐੱਮ. ਐੱਸ. ਯੂ. ਦੇ ਸੂਬਾ ਜਨਰਲ ਸਕੱਤਰ ਅਤੇ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ, ਜ਼ਿਲ੍ਹਾ ਪ੍ਰਧਾਨ ਨਰੇਸ਼ ਕੌਲ, ਜਨਰਲ ਸਕੱਤਰ ਜਗਦੀਸ਼ ਚੰਦਰ ਸਲੂਜਾ, ਅਸ਼ੋਕ ਕੁਮਾਰ, ਮਹੇਸ਼ ਕੁਮਾਰ,ਪ੍ਰੈੱਸ ਸਕੱਤਰ ਰਜਿੰਦਰ ਰਿੰਕੂ ਅਤੇ ਹੋਰ ਅਹੁਦੇਦਾਰਾਂ ਨੇ ਦਫ਼ਤਰ ’ਚ ਇਕੱਤਰ ਹੋ ਕੇ ਹੜਤਾਲ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ।
ਇਹ ਵੀ ਪੜ੍ਹੋ: PM ਮੋਦੀ ਤੇ ਭਾਜਪਾ ਨੇਤਾਵਾਂ ਨੇ ਦੇਸ਼ ਦੇ ਲੋਕਾਂ ਨਾਲ ਸਿਰਫ਼ ਜੁਮਲੇਬਾਜ਼ੀ ਕੀਤੀ: ਭਗਵੰਤ ਮਾਨ
ਇਸ ਉਪਰੰਤ ਸਮੂਹ ਕਰਮਚਾਰੀਆਂ ਨੇ ਕੰਪਲੈਕਸ ਦੇ ਵਿਭਾਗਾਂ ਦਾ ਦੌਰਾ ਕੀਤਾ ਅਤੇ ਸਕੱਤਰ ਆਰ. ਟੀ. ਏ. ਦੇ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਨੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਆਪਣਾ ਕੰਮ ਬੰਦ ਕਰਵਾ ਦਿੱਤਾ। ਇਸ ਦੌਰਾਨ ਤੇਜਿੰਦਰ ਨੰਗਲ, ਨਰੇਸ਼ ਕੌਲ, ਜਗਦੀਸ਼ ਚੰਦਰ ਸਲੂਜਾ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਹਰ ਵਾਰ ਸਰਕਾਰ ਵੱਲੋਂ ਉਨ੍ਹਾਂ ਨੂੰ ਖਾਲੀ ਭਰੋਸਾ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਮੁਲਾਜ਼ਮ ਪੁਰਾਣੀ ਪੈਨਸ਼ਨ ਨਾ ਮਿਲਣ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਕਰ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਸਮਾਂ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਸ ਮੌਕੇ ਹਰਮਿੰਦਰ ਸਿੰਘ, ਦਵਿੰਦਰਪਾਲ ਸਿੰਘ, ਇੰਦਰਪਾਲ, ਦੀਪਿਕਾ, ਜਸਦੀਪ, ਵਰੁਣ, ਰਮਨਦੀਪ, ਨਵਦੀਪ ਕੌਰ, ਜਤਿੰਦਰ ਕੁਮਾਰ, ਅਮਨ ਕੌਸ਼ਿਕ, ਅੰਮ੍ਰਿਤਪਾਲ ਸਿੰਘ ਆਦਿ ਵੀ ਹਾਜ਼ਰ ਸਨ।
ਸੇਵਾ ਕੇਂਦਰਾਂ ਤੇ ਸਬ-ਰਜਿਸਟਰਾਰ ਦਫ਼ਤਰਾਂ ’ਚ ਨਿਰਵਿਘਨ ਕੰਮ ਰਿਹਾ ਜਾਰੀ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਥਿਤ ਸੇਵਾ ਕੇਂਦਰ ਤੋਂ ਇਲਾਵਾ ਸਬ ਰਜਿਸਟਰਾਰ-1 ਤੇ ਸਬ ਰਜਿਸਟਰਾਰ-2 ਦੇ ਦਫ਼ਤਰਾਂ ’ਚ ਰਜਿਸਟਰੀ, ਵਸੀਅਤ, ਪਾਵਰ ਆਫ਼ ਅਟਾਰਨੀ, ਮਾਲਕੀ ਦੇ ਤਬਾਦਲੇ ਤੇ ਹੋਰ ਦਸਤਾਵੇਜ਼ਾਂ ਨੂੰ ਮਨਜ਼ੂਰੀ ਦੇਣ ਦਾ ਕੰਮ ਜਾਰੀ ਰਿਹਾ। ਸਬ ਰਜਿਸਟਰਾਰ-1 ਗੁਰਪ੍ਰੀਤ ਸਿੰਘ ਤੇ ਸਬ ਰਜਿਸਟਰਾਰ-2 ਜਸਕਰਨਜੀਤ ਸਿੰਘ ਆਪਣੇ-ਆਪਣੇ ਦਫ਼ਤਰਾਂ ’ਚ ਬੈਠ ਕੇ ਰੁਟੀਨ ਅਨੁਸਾਰ ਕੰਮ ਕਰਦੇ ਰਹੇ।
ਇਹ ਵੀ ਪੜ੍ਹੋ: ਹੱਥੀਂ ਉਜਾੜ ਲਿਆ ਘਰ, ਸ਼ਾਹਕੋਟ ਵਿਖੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਦਿੱਤੀ ਬੇਰਹਿਮ ਮੌਤ
ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਰਿਹਾ ਬੰਦ, ਸੈਂਕੜੇ ਬਿਨੈਕਾਰ ਹੋਏ ਪ੍ਰੇਸ਼ਾਨ
ਕਲਮਾਂ ਛੱਡ ਕੇ ਕੀਤੇ ਗਏ ਧਰਨੇ ਦਾ ਵਿਆਪਕ ਅਸਰ ਬੱਸ ਸਟੈਂਡ ਨੇੜੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਖੇ ਵੇਖਣ ਨੂੰ ਮਿਲਿਆ। ਸੈਂਟਰ ’ਚ ਤਾਇਨਾਤ ਮੁਲਾਜ਼ਮਾਂ ਨੇ ਰੁਟੀਨ ਅਨੁਸਾਰ ਆਪਣੀ ਡਿਊਟੀ ’ਤੇ ਪਹੁੰਚ ਕੇ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਕੇਂਦਰ ਦਾ ਕੰਮ ਬੰਦ ਕਰਵਾ ਦਿੱਤਾ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਕੇਂਦਰ ਦਾ ਮੁੱਖ ਗੇਟ ਬੰਦ ਕਰ ਦਿੱਤਾ ਅਤੇ ਬਾਹਰ ਕੰਮ ਬੰਦ ਕਰਨ ਦਾ ਨੋਟਿਸ ਚਿਪਕਾਇਆ।
ਇਹ ਵੀ ਪੜ੍ਹੋ: ਲਾਈਵ ਸਟ੍ਰੀਮਿੰਗ ਦੌਰਾਨ ਰੇਡੀਓ ਜਰਨਲਿਸਟ ਦਾ ਗੋਲ਼ੀ ਮਾਰ ਕੇ ਕਤਲ, ਗੋਲ਼ੀ ਬੁੱਲ੍ਹ ’ਤੇ ਲੱਗ ਸਿਰ ਤੋਂ ਹੋਈ ਪਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ