ਮੁਲਾਜ਼ਮ ਜਥੇਬੰਦੀਆਂ ਤੇ ਮਜ਼ਦੂਰਾਂ ਵੱਲੋਂ ਚੱਕਾ ਜਾਮ
Friday, Mar 09, 2018 - 02:22 AM (IST)
ਦਸੂਹਾ, (ਝਾਵਰ)- ਅੱਜ ਆਂਗਣਵਾੜੀ ਵਰਕਰਜ਼ ਯੂਨੀਅਨ ਵੱਲੋਂ ਮਹਿਲਾ ਦਿਵਸ 'ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਐੱਸ. ਡੀ. ਐੱਮ. ਚੌਕ ਵਿਖੇ ਕੈਪਟਨ ਅਮਰਿੰਦਰ ਸਿੰਘ ਤੇ ਸੋਨੀਆ ਗਾਂਧੀ ਦਾ ਪੁਤਲਾ ਫੂਕ ਕੇ ਪਿੱਟ-ਸਿਆਪਾ ਕੀਤਾ। ਆਂਗਣਵਾੜੀ ਵਰਕਰਾਂ ਨੇ ਕਾਲੀਆਂ ਚੁੰਨੀਆਂ ਤੇ ਕਾਲੇ ਝੰਡੇ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਆਂਗਣਵਾੜੀ ਵਰਕਰ ਜਸਵੀਰ ਕੌਰ ਨੇ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਇਸ ਮਾਮਲੇ 'ਚ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ ਕਿ ਮੰਗਾਂ ਨੇ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।
ਗੜ੍ਹਸ਼ੰਕਰ, (ਪਾਠਕ, ਸ਼ੋਰੀ, ਬੈਜਨਾਥ)-ਆਂਗਣਵਾੜੀ ਮੁਲਾਜ਼ਮ ਯੂਨੀਅਨ, ਭੱਠਾ ਮਜ਼ਦੂਰ, ਮਗਨਰੇਗਾ ਵਰਕਰਜ਼ ਅਤੇ ਕੰਸਟਰੱਕਸ਼ਨ ਯੂਨੀਅਨ ਵੱਲੋਂ ਸੀਟੂ ਦੇ ਜਨਰਲ ਸਕੱਤਰ ਮਹਿੰਦਰ ਕੁਮਾਰ, ਸੋਮ ਨਾਥ ਸਤਨੌਰ ਅਤੇ ਆਂਗਣਵਾੜੀ ਯੂਨੀਅਨ ਦੀ ਜ਼ਿਲਾ ਪ੍ਰਧਾਨ ਗੁਰਬਖਸ਼ ਕੌਰ ਚੱਕ ਗੁਰੂ ਦੀ ਅਗਵਾਈ ਹੇਠ ਮਹਾਨ ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਪਾਰਕ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਰੋਹ ਭਰਪੂਰ ਰੈਲੀ ਕਰਨ ਉਪਰੰਤ ਸ਼ਹਿਰ ਅੰਦਰ ਮਾਰਚ ਕਰਦਿਆਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ । ਇਸ ਦੌਰਾਨ ਪੁਲਸ ਥਾਣਾ ਗੜ੍ਹਸ਼ੰਕਰ ਦੇ ਮੁੱਖ ਗੇਟ ਅੱਗੇ ਪੌਣਾ ਘੰਟਾ ਚੱਕਾ ਜਾਮ ਕਰ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਹੱਕੀ ਮੰਗਾਂ ਲਈ ਨਾਅਰੇਬਾਜ਼ੀ ਕੀਤੀ ।
ਬੁਲਾਰਿਆਂ ਨੇ ਔਰਤਾਂ 'ਤੇ ਆਏ ਦਿਨ ਵੱਧ ਰਹੇ ਅੱਤਿਆਚਾਰਾਂ ਅਤੇ ਜਬਰ-ਜ਼ਨਾਹ ਦੀਆਂ ਘਟਨਾਵਾਂ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਆਂਗਣਵਾੜੀ ਮੁਲਾਜ਼ਮਾਂ, ਵਰਕਰਾਂ, ਹੈਲਪਰਾਂ ਤੇ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ, ਪੀਣ ਵਾਲੇ ਪਾਣੀ ਦੇ ਬਿੱਲ ਮੁਆਫ ਕੀਤੇ ਜਾਣ, ਜੇਕਰ ਨਾ ਕੀਤੇ ਤਾਂ ਜਥੇਬੰਦੀਆਂ ਇਸਦਾ ਡਟਵਾਂ ਵਿਰੋਧ ਕਰਨਗੀਆਂ । ਕੰਢੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਮੱਟੂ, ਮਹਿੰਦਰ ਕੁਮਾਰ ਬੱਢੋਆਣ ਅਤੇ ਗੁਰਨੇਕ ਸਿੰਘ ਭੱਜਲ ਨੇ ਤ੍ਰਿਪੁਰਾ 'ਚ ਸੀ. ਪੀ. ਐੱਮ. ਦਫਤਰਾਂ ਅਤੇ ਵਰਕਰਾਂ ਦੇ ਘਰਾਂ 'ਤੇ ਭਾਜਪਾ ਅਤੇ ਆਰ. ਐੱਸ. ਐੱਸ. ਵੱਲੋਂ ਕੀਤੇ ਗਏ ਹਮਲਿਆਂ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਦਰਸ਼ਨ ਸਿੰਘ ਮੱਟੂ, ਮਹਿੰਦਰ ਕੁਮਾਰ ਬੱਢੋਆਣ, ਗੁਰਨੇਕ ਸਿੰਘ, ਜਸਵਿੰਦਰ ਕੌਰ, ਜਨਵਾਦੀ ਇਸਤਰੀ ਸਭਾ ਦੇ ਸੂਬਾ ਪ੍ਰਧਾਨ ਸੁਭਾਸ਼ ਮੱਟੂ, ਕਮਲਜੀਤ ਰਾਜਪੁਰ ਭਾਈਆਂ, ਸੁਖਵਿੰਦਰ ਕੌਰ, ਸ਼ੇਰ ਜੰਗ, ਸੀਮਾ ਅਤੇ ਬਲਦੇਵ ਰਾਜ ਆਦਿ ਨੇ ਸੰਬੋਧਨ ਕੀਤਾ।
ਭੂੰਗਾ/ਗੜ੍ਹਦੀਵਾਲਾ/ਹਰਿਆਣਾ, (ਭਟੋਆ, ਰਾਜਪੂਤ)- ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਕੌਮਾਂਤਰੀ ਇਸਤਰੀ ਦਿਵਸ ਨੂੰ ਰੋਸ ਦਿਵਸ ਵਜੋਂ ਮਨਾਉਂਦੇ ਹੋਏ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਬੱਸ ਅੱਡਾ ਭੂੰਗਾ ਵਿਚ ਪੁਤਲੇ ਫੂਕੇ ਗਏ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਿਰ 'ਤੇ ਕਾਲੀਆਂ ਚੁੰਨੀਆਂ ਲੈ ਕੇ ਅਤੇ ਹੱਥਾਂ ਵਿਚ ਕਾਲੀਆਂ ਝੰਡੀਆਂ ਫੜ ਕੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਂਗਣਵਾੜੀ ਸੈਂਟਰ ਭੂੰਗਾ ਤੋਂ ਰੋਸ ਮਾਰਚ ਕੱਢਿਆ।
ਆਂਗਣਵਾੜੀ ਆਗੂਆਂ ਨੇ ਕਿਹਾ ਕਿ ਸਵਾ ਮਹੀਨੇ ਤੋਂ ਜਥੇਬੰਦੀ ਵੱਲੋਂ ਵਿੱਤ ਮੰਤਰੀ ਬਠਿੰਡਾ ਦੇ ਦਫਤਰ ਅੱਗੇ ਰੋਸ ਧਰਨਾ ਲਾਇਆ ਗਿਆ ਹੈ ਤੇ ਪੂਰੇ ਪੰਜਾਬ ਵਿਚ ਸੰਘਰਸ਼ ਆਰੰਭਿਆ ਹੋਇਆ ਹੈ ਪਰ ਸੂਬਾ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਆਂਗਣਵਾੜੀ ਜਥੇਬੰਦੀ ਦੀ ਮੰਗ ਹੈ ਕਿ ਵਰਕਰਾਂ/ਹੈਲਪਰਾਂ ਨੂੰ ਹਰਿਆਣਾ ਅਤੇ ਦਿੱਲੀ ਪੈਟਰਨ 'ਤੇ ਮਾਣ-ਭੱਤਾ ਦਿੱਤਾ ਜਾਵੇ, ਸਰਕਾਰੀ ਸਕੂਲਾਂ ਵਿਚ ਦਾਖਲ ਕੀਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਵਾਪਸ ਭੇਜਿਆ ਜਾਵੇ, ਰੋਕੇ ਹੋਏ ਬਿੱਲਾਂ ਨੂੰ ਪਾਸ ਕੀਤਾ ਜਾਵੇ। ਇਸ ਮੌਕੇ ਮੀਤ ਪ੍ਰਧਾਨ ਬਲਾਕ ਭੂੰਗਾ ਕੁਸਮ ਲਤਾ, ਸ਼ੀਲਾ ਦੇਵੀ, ਗੁਰਮੀਤ, ਜਤਿੰਦਰ ਕੌਰ, ਅਨੀਤਾ ਠਾਕੁਰ, ਸੁਖਵਰਸ਼ਾ, ਰੇਨੂੰ ਬਾਲਾ, ਪੂਨਮ, ਕਮਲਜੀਤ, ਸੁਨੀਤਾ ਰਾਣੀ ਅਤੇ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਹਾਜ਼ਰ ਸਨ।
ਮੁਕੇਰੀਆਂ, (ਜੱਜ)-ਆਪਣੀਆਂ ਮੰਗਾਂ ਤੇ ਪ੍ਰੀ-ਨਰਸਰੀ ਕਲਾਸਾਂ ਨੂੰ ਐਲੀਮੈਂਟਰੀ 'ਚ ਸ਼ਿਫ਼ਟ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਵਿਰੁੱਧ ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਮੁਕੇਰੀਆਂ ਸੀਟੂ ਵੱਲੋਂ ਪ੍ਰਧਾਨ ਸਰਵਜੀਤ ਕੌਰ ਦੀ ਅਗਵਾਈ ਹੇਠ ਐੱਸ. ਡੀ. ਐੱਮ. ਕੰਪਲੈਕਸ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਆਸ਼ਾ ਨੰਦ, ਜ਼ਿਲਾ ਉਪ ਪ੍ਰਧਾਨ ਅਸ਼ੋਕ ਮਹਾਜਨ, ਸੀ. ਪੀ. ਆਈ. ਐੱਮ. ਸਕੱਤਰ ਗੁਰਦਿਆਲ ਸਿੰਘ ਨੇ ਵੀ ਰੈਲੀ 'ਚ ਸ਼ਾਮਲ ਹੋ ਕੇ ਸਰਕਾਰ ਦੀ ਨਿੰਦਾ ਕੀਤੀ। ਇਸ ਮੌਕੇ ਸ਼ੋਭਾ ਰਾਣੀ, ਪਦਮਾ ਦੇਵੀ, ਸੁਖਜਿੰਦਰ ਕੌਰ, ਅਨੀਤਾ, ਨੀਲਮ ਕੁਮਾਰੀ, ਕੁਸਮ, ਨਿਮਰਤਾ ਦੇਵੀ, ਕਮਲੇਸ਼, ਮਹਿੰਦਰ ਕੌਰ, ਨਿਰਮਲਾ ਦੇਵੀ, ਕਮਲਜੀਤ ਕੌਰ, ਗੁਰਪ੍ਰੀਤ ਕੌਰ, ਸੁਖਵੰਤ ਕੌਰ, ਬਿਮਲਾ ਦੇਵੀ, ਰਾਜ ਕੁਮਾਰੀ, ਪੁਸ਼ਪਾ ਦੇਵੀ, ਸੀਮਾ ਰਾਣੀ, ਵਿਜੇ ਸਿੰਘ, ਓਂਕਾਰ ਸਿੰਘ, ਸਮਿੰਦਰ ਸਿੰਘ, ਸ਼ਮਸ਼ੇਰ ਸਿੰਘ, ਰਾਜਿੰਦਰ ਸਿੰਘ, ਸਰਵਜੀਤ ਸਿੰਘ ਆਦਿ ਹਾਜ਼ਰ ਸਨ।
ਕੀ ਹਨ ਮੰਗਾਂ : 3 ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰਾਂ 'ਚ ਯਕੀਨੀ ਬਣਾਉਣਾ, ਆਈ. ਸੀ. ਡੀ. ਐੱਸ. ਸਕੀਮ ਨੂੰ ਵਿਭਾਗ ਬਣਾ ਕੇ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਮੰਨਦੇ ਹੋਏ ਦਰਜਾ ਤਿੰਨ ਤੇ ਚਾਰ ਦਰਜਾ ਦਿੱਤਾ ਜਾਵੇ, ਕਰਮਚਾਰੀ ਬਣਨ ਤੱਕ 18 ਹਜ਼ਾਰ ਤੇ 15 ਹਜ਼ਾਰ ਹੈਲਪਰ ਨੂੰ ਉਜਰਤ ਦਿੱਤੀ ਜਾਵੇ, ਮਾਣ-ਭੱਤਾ ਮਹੀਨਾਵਾਰ ਯਕੀਨੀ ਬਣਾਇਆ ਜਾਵੇ, ਵਰਕਰਾਂ ਤੇ ਹੈਲਪਰਾਂ ਨੂੰ 3 ਹਜ਼ਾਰ ਪੈਨਸ਼ਨ ਦੇਣਾ, ਵਰਕਰਾਂ ਤੇ ਸੁਪਰਵਾਈਜ਼ਰਾਂ ਦੀ ਪ੍ਰਮੋਸ਼ਨ ਲਈ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਕੀਤਾ ਜਾਵੇ।
