ਵਿਜੀਲੈਂਸ ਦੀ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਪੰਜਾਬ ਜੰਗਲਾਤ ਨਿਗਮ ਦਾ ਕਰਮਚਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Tuesday, Dec 20, 2022 - 07:48 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਪੰਜਾਬ ਜੰਗਲਾਤ ਨਿਗਮ, ਐੱਸ. ਏ. ਐੱਸ. ਨਗਰ ਦੇ ਦਫ਼ਤਰ ’ਚ ਬਤੌਰ ਆਫਿਸ ਅਸਿਸਟੈਂਟ (ਡਾਟਾ ਐਂਟਰੀ ਆਪ੍ਰੇਟਰ) ਕੰਮ ਕਰਦੇ ਗੁਰਦਰਸ਼ਨ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪ੍ਰਿੰਸ ਵਰਮਾ, ਵਾਸੀ ਸੈਕਟਰ-39, ਚੰਡੀਗੜ੍ਹ ਰੋਡ, ਲੁਧਿਆਣਾ ਸ਼ਹਿਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਹੈਦਰਾਬਾਦ ਵਿਖੇ ਵੱਡੇ ਉਦਯੋਗਪਤੀਆਂ ਨੂੰ ਪੰਜਾਬ ’ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ, ਆਖੀ ਇਹ ਗੱਲ
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸ ਦੀ ਫਰਮ ‘ਪੰਜਾਬ ਟਿੰਬਰ’ ਨੂੰ ਗਣੇਸ਼ ਬਿਲਡਰਜ਼, ਸ਼੍ਰੀਗੰਗਾਨਗਰ, ਰਾਜਸਥਾਨ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਮਹਿਤਾ ਚੌਕ ਤੋਂ ਲੈ ਕੇ ਗੁਰਦਾਸਪੁਰ ਜ਼ਿਲ੍ਹੇ ’ਚ ਡੇਰਾ ਬਾਬਾ ਨਾਨਕ ਕੋਰੀਡੋਰ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਲੱਗੇ ਦਰੱਖਤਾਂ ਦੀ ਕਟਾਈ ਦਾ ਕੰਮ ਸੌਂਪਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਭਾਰਤ ’ਚ ਹੋਇਆ ਬੰਦ
ਸ਼ਿਕਾਇਤਕਰਤਾ ਨੇ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਉਕਤ ਮਾਮਲੇ ’ਚ ਰਾਜ ਜੰਗਲਾਤ ਨਿਗਮ ਤੋਂ ਲੋੜੀਂਦੀ ਪ੍ਰਵਾਨਗੀ ਲੈਣ ਲਈ ਉਕਤ ਆਫਿਸ ਅਸਿਸਟੈਂਟ ਗੁਰਦਰਸ਼ਨ ਸਿੰਘ ਨੇ ਉਸ (ਸ਼ਿਕਾਇਤਕਰਤਾ) ਕੋਲੋਂ ਉਸ ਦੀ ਫਰਮ ਨੂੰ ਅਲਾਟ ਕੀਤੇ ਗਏ ਕੰਮ ਦੇ 1.5 ਫੀਸਦੀ ਕਮਿਸ਼ਨ (ਕੁੱਲ 6,00,000 ਰੁਪਏ) ਦੀ ਮੰਗ ਕਰ ਰਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ ਉਕਤ ਮੁਲਜ਼ਮ ਪਹਿਲਾਂ ਵੀ ਇਸ ਸਬੰਧ ’ਚ ਉਸ ਕੋਲੋਂ 10,000 ਰੁਪਏ ਰਿਸ਼ਵਤ ਵਜੋਂ ਲੈ ਚੁੱਕਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਸ਼ਿਕਾਇਤ ’ਚ ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਆਰਥਿਕ ਅਪਰਾਧ ਵਿੰਗ ਪੰਜਾਬ ਦੀ ਇਕ ਵਿਜੀਲੈਂਸ ਟੀਮ ਨੇ ਮੁਲਜ਼ਮ ਕਰਮਚਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਦੋਸ਼ੀ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਮੁਕੱਦਮਾ ਨੰਬਰ 26 ਮਿਤੀ 19-12-2022 ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਭੇਤਭਰੇ ਹਾਲਾਤ ’ਚ ਘਰੋਂ ਗਾਇਬ ਹੋਏ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼, ਪਰਿਵਾਰ ਦਾ ਸੀ ਇਕਲੌਤਾ ਸਹਾਰਾ