ਹਾਟ ਲਾਈਨ ਦੀ ਮੁਰੰਮਤ ਲਈ ਖੰਭੇ ’ਤੇ ਚੜ੍ਹਿਆ ਮੁਲਾਜ਼ਮ, ਪਿਛੋਂ ਅਚਾਨਕ ਆ ਗਿਆ ਕਰੰਟ
Saturday, Jul 06, 2024 - 11:26 AM (IST)
ਖਰੜ (ਗਗਨਦੀਪ ਅਮਰਦੀਪ) : ਸਿਵਲ ਹਸਪਤਾਲ ਰੋਡ ’ਤੇ 11 ਕੇ.ਵੀ. ਹਾਟ ਲਾਈਨ ਦੀ ਮੁਰੰਮਤ ਕਰਨ ਗਏ ਠੇਕਾ ਅਧਾਰਤ ਕਾਮੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਜਦਕਿ ਉਸ ਦੇ 2 ਸਾਥੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦੇ ਸਿਟੀ-2 ਅਧੀਨ ਪੈਂਦੇ ਖੇਤਰ ’ਚ ਰਣਜੀਤ ਨਗਰ ਫੀਡਰ ਦੀ ਸਪਲਾਈ ਸ਼ੁੱਕਰਵਾਰ ਸ਼ਾਮ ਨੂੰ ਬੰਦ ਹੋ ਗਈ। ਮੌਕੇ ’ਤੇ ਠੇਕਾ ਅਧਾਰਤ ਕਾਮੇ ਸਤਵਿੰਦਰ ਸਿੰਘ, ਇੰਦਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਪਹੁੰਚੇ। ਜਦੋਂ ਸਤਵਿੰਦਰ ਸਿੰਘ ਖੰਭੇ ’ਤੇ ਚੜ੍ਹਿਆ ਤਾਂ ਉਸ ਨੂੰ ਜ਼ੋਰਦਾਰ ਝਟਕਾ ਲੱਗਿਆ ਜਿਸ ਕਾਰਨ ਉਹ 11 ਕੇ.ਵੀ. ਲਾਈਨ ’ਚ ਫਸ ਗਿਆ। ਦੋਵੇਂ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਰੰਟ ਦੀ ਲਪੇਟ ’ਚ ਆ ਗਏ। ਇਸ ਤੋਂ ਬਾਅਦ ਮਿੱਟੀ ਦੇ ਭਰੇ ਟਿੱਪਰ ਨੂੰ ਖੰਭੇ ਕੋਲ ਖੜ੍ਹਾ ਕਰਕੇ ਤਾਰਾਂ ’ਚ ਫਸੇ ਸਤਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੂੰ ਥੱਲੇ ਉਤਾਰਿਆ। ਸਾਰੀਆਂ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਲੈ ਜਾਇਆ ਗਿਆ। ਡਾ. ਸੌਮਿਆ ਸੈਣੀ ਨੇ ਸਤਵਿੰਦਰ ਸਿੰਘ (28) ਪੁੱਤਰ ਮੋਹਨ ਸਿੰਘ ਵਾਸੀ ਪਿੰਡ ਮਹਿਤਾਬਗੜ੍ਹ ਨੇੜੇ ਚੁੰਨੀ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਨਿਹੰਗਾਂ ਨੇ ਭਰੇ ਬਾਜ਼ਾਰ 'ਚ ਸੜਕ ਵਿਚਾਲੇ ਵੱਢਿਆ ਸ਼ਿਵ ਸੈਨਾ ਆਗੂ
ਜ਼ਖਮੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ 11 ਕੇ.ਵੀ. ਰਣਜੀਤ ਨਗਰ ਫੀਡਰ ’ਤੇ ਹਾਟ ਲਾਈਨ ’ਚ ਸਮੱਸਿਆ ਆਈ ਸੀ। ਸਤਵਿੰਦਰ ਸਿੰਘ ਲੋਡ ਉਤਾਰ ਕੇ ਹੀ ਖੰਬੇ ’ਤੇ ਚੜ੍ਹਿਆ ਸੀ। ਇਸ ਦੌਰਾਨ ਉਸ ਨੂੰ ਜ਼ੋਰਦਾਰ ਝੱਟਕਾ ਲੱਗ ਗਿਆ। ਹਾਦਸੇ ਸਮੇਂ ਸਤਵਿੰਦਰ ਨੇ ਸੁਰੱਖਿਆ ਪੱਖੋਂ ਗਲਬਸ ਪਾਏ ਸਨ ਤੇ ਅਰਥ ਵੀ ਕੀਤਾ ਹੋਇਆ ਸੀ, ਨਾਲ ਹੀ ਲਾਈਨਾਂ ’ਤੇ ਲੋਹੇ ਦੀ ਚੈਨ ਸੁੱਟੀ ਹੋਈ ਸੀ ਪਰ ਅਚਾਨਕ ਸਪਲਾਈ ਆ ਗਈ। ਜਦੋਂ ਉਹ ਸਤਵਿੰਦਰ ਨੂੰ ਤਾਰਾਂ ਤੋਂ ਉਤਾਰਨ ਲਈ ਜੱਦੋਜਹਿਦ ਕਰ ਰਹੇ ਸਨ ਤਾਂ ਉਸ ਦੇ ਨਾਲ ਇੰਦਰਜੀਤ ਨੂੰ ਵੀ ਕਰੰਟ ਲੱਗਿਆ। ਦੂਜੇ ਪਾਸੇ ਬਿਜਲੀ ਵਿਭਾਗ ਦੇ ਸਬੰਧਤ ਅਫ਼ਸਰ ਹਾਦਸਾ ਹੋਣ ਤੋਂ ਕਾਫ਼ੀ ਦੇਰ ਬਾਅਦ ਸਿਵਲ ਹਸਪਤਾਲ ਪਹੁੰਚੇ। ਸਿਟੀ-2 ਦੇ ਜੇ.ਈ. ਹਰਕਮਲਜੀਤ ਸਿੰਘ ਨੇ ਦੱਸਿਆ ਕਿ ਲਾਈਨ ਦੀ ਮੁਰੰਮਤ ਕਰਨ ਤੋਂ ਪਹਿਲਾਂ ਪਰਮਿਟ ਲਿਆ ਸੀ। ਹੁਣ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਐੱਸ.ਡੀ.ਓ. ਸਤਿੰਦਰ ਸਿੰਘ ਨੇ ਕਿਹਾ ਕਿ ਪਤਾ ਹੀ ਨਹੀਂ ਸੀ ਕਿ ਇਹ ਕਾਮੇ ਲਾਈਨ ਠੀਕ ਕਰ ਰਹੇ ਹਨ। ਉੱਥੇ ਹੀ, ਟ੍ਰਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਪ੍ਰਧਾਨ ਬਲਿਹਾਰ ਸਿੰਘ, ਪ੍ਰਧਾਨ ਕੇਸਰ ਸਿੰਘ, ਗੁਰਪਾਲ ਸਿੰਘ, ਅਜੇ ਕੁਮਾਰ ਨੇ ਦੱਸਿਆ ਕਿ ਹਾਦਸਾ ਅਫ਼ਸਰਾਂ ਦੀ ਅਣਗਹਿਲੀ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਚਪਨ ’ਚ ਹੀ ਸਤਵਿੰਦਰ ਸਿੰਘ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਚਾਚਾ-ਚਾਚੀ ਨੇ ਉਸ ਨੂੰ ਪਾਲ ਕੇ ਵੱਡਾ ਕੀਤਾ ਸੀ। ਉਹ ਆਪਣੇ ਪਿੱਛੇ ਪਤਨੀ ਤੇ ਇਕ 7 ਸਾਲ ਦਾ ਬੱਚਾ ਛੱਡ ਗਿਆ। ਯੂਨੀਅਨ ਨੇ ਕਿਹਾ ਕਿ ਜਦੋਂ ਤੱਕ ਮ੍ਰਿਤਕ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਦੇਹ ਦਾ ਸਸਕਾਰ ਨਹੀਂ ਕਰਨਗੇ।
ਇਹ ਵੀ ਪੜ੍ਹੋ : ਨਿਹੰਗਾਂ ਵਲੋਂ ਸ਼ਿਵ ਸੈਨਾ ਆਗੂ ਨੂੰ ਵੱਢਣ ਦੀ CCTV ਵੀਡੀਓ ਆਈ ਸਾਹਮਣੇ, ਹੱਥ ਜੋੜਦਾ ਰਿਹਾ ਗੋਰਾ ਥਾਪਰ
ਸਰਕਾਰੀ ਦਫ਼ਤਰ ’ਚ ਜਨਰੇਟਰ ਚੱਲਣ ਦੀ ਚਰਚਾ
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਜਦੋਂ ਬਿਜਲੀ ਦੀ ਲਾਈਨ ਬੰਦ ਕੀਤੀ ਗਈ ਤਾਂ ਕਿਸੇ ਸਰਕਾਰੀ ਦਫ਼ਤਰ ਦਾ ਜਨਰੇਟਰ ਚਾਲੂ ਹੋ ਗਿਆ। ਇਸ ਕਾਰਨ ਜਨਰੇਟਰ ਨੇ ਬਿਜਲੀ ਬੈਕ ਮਾਰੀ ਤੇ ਵੱਡੀ ਲਾਈਨ ’ਚ ਕਰੰਟ ਆਉਣ ਕਾਰਨ ਲਾਈਨਮੈਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਖ਼ਬਰ! ਇਨ੍ਹਾਂ ਤਾਰੀਖ਼ਾਂ ਨੂੰ ਸਾਰੇ ਪੈਟਰੋਲ ਪੰਪ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8