ਐਮਰਜੈਂਸੀ ਛੁੱਟੀ ਲਈ ਪੁਲਸ ਮੁਲਾਜ਼ਮਾਂ ਨੂੰ ਕਰਨੀ ਪਏਗੀ Email, ਨਹੀਂ ਤਾਂ ਕੱਟੇਗੀ ਤਨਖਾਹ
Tuesday, Dec 10, 2019 - 12:39 AM (IST)
ਲੁਧਿਆਣਾ, (ਰਿਸ਼ੀ)— ਐਮਰਜੈਂਸੀ ਪੈਣ 'ਤੇ ਪੁਲਸ ਮੁਲਾਜ਼ਮਾਂ ਨੂੰ ਛੁੱਟੀ ਲੈਣ ਲਈ ਉੱਚ ਅਧਿਕਾਰੀਆਂ ਦੇ ਦਫਤਰ 'ਚ ਆ ਕੇ ਸੀਟ 'ਤੇ ਬੈਠਣ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਤੇ ਨਾ ਹੀ ਇਧਰ-ਉਧਰ ਭਟਕਣਾ ਪਵੇਗਾ। ਮੁਲਾਜ਼ਮ ਵਲੋਂ ਹੁਣ ਸਿਰਫ ਈਮੇਲ ਤੇ ਫੈਕਸ ਕਰ ਕੇ ਐਮਰਜੈਂਸੀ 'ਚ ਛੁੱਟੀ ਲਈ ਜਾ ਸਕਦਾ ਹੈ ਪਰ ਉਨ੍ਹਾਂ ਨੂੰ ਵਾਪਸ ਜੁਆਇਨ ਕਰਨ ਤੋਂ ਪਹਿਲਾਂ ਛੁੱਟੀ 'ਤੇ ਜਾਣ ਦੇ ਕਾਰਣ ਦੀ ਪੂਰੀ ਡਿਟੇਲ ਨਾਲ ਲਿਆਉਣੀ ਜ਼ਰੂਰੀ ਹੋਵੇਗੀ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ 'ਤੇ ਵਿਭਾਗ ਵੱਲੋਂ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਸੀ. ਪੀ. ਨੇ ਸਾਰੇ ਐੱਸ. ਐੱਚ. ਓਜ਼ ਨੂੰ ਦਿੱਤੇ ਲਿਖਤੀ ਆਰਡਰ, ਛੁੱਟੀ 'ਤੇ ਚੱਲ ਰਹੇ ਮੁਲਾਜ਼ਮਾਂ ਦੀ ਰਹੇਗੀ ਖਬਰ
ਸੀ. ਪੀ. ਰਾਕੇਸ਼ ਅਗਰਵਾਲ ਵੱਲੋਂ ਕਮਿਸ਼ਨਰੇਟ 'ਚ ਪੈਂਦੇ ਸਾਰੇ ਥਾÎਣੇ, ਚੌਕੀਆਂ ਤੇ ਯੂਨਿਟਾਂ ਦੇ ਮੁਖੀਆਂ ਨੂੰ ਲਿਖਤੀ ਆਰਡਰ ਕਰ ਕੇ ਇਸ ਸਹੂਲਤ ਨੂੰ ਲੈਣ ਸਬੰਧੀ ਕਿਹਾ ਗਿਆ ਹੈ। ਇਸ ਕਾਰਣ ਹੁਣ ਸੜਕ ਦੁਰਘਟਨਾ ਹੋਣ 'ਤੇ, ਪਰਿਵਾਰਕ ਮੈਂਬਰਾਂ ਦੀ ਮੌਤ ਹੋਣ ਜਾਂ ਫਿਰ ਕਿਸੇ ਹੋਰ ਜ਼ਰੂਰੀ ਕੰਮ ਲਈ ਛੁੱਟੀ 'ਤੇ ਤੁਰੰਤ ਜਾਣ ਤੋਂ ਪਹਿਲਾਂ ਮੁਲਾਜ਼ਮ ਨੂੰ ਸਿਰਫ ਪੁਲਸ ਵਿਭਾਗ ਦੇ ਫੈਕਸ ਨੰ.016124-14943 ਜਾਂ ਫਿਰ ਈਮੇਲ ਆਈ. ਡੀ. cpo.ldh.police0punjab.gov.in 'ਤੇ ਮੇਲ ਕਰ ਸਕਦੇ ਹਨ। ਉਸੇ 'ਤੇ ਮੁਲਾਜ਼ਮ ਨੂੰ ਤੁਰੰਤ ਜਵਾਬ ਦਿੱਤਾ ਜਾਵੇਗਾ। ਇਸ ਨਵੀਂ ਸਕੀਮ ਨਾਲ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਛੁੱਟੀ 'ਤੇ ਚੱਲ ਰਹੇ ਮੁਲਾਜ਼ਮਾਂ ਦੀ ਆਨਲਾਈਨ ਗਿਣਤੀ ਪਤਾ ਲੱਗੇਗੀ ਤੇ ਉਨ੍ਹਾਂ 'ਤੇ ਨਜ਼ਰ ਵੀ ਰਹੇਗੀ। ਨਾਲ ਹੀ ਛੁੱਟੀ ਕਾਰਣ ਜਿਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਕੱਟ ਦਿੱਤੀ ਜਾਂਦੀ ਹੈ, ਉਸ ਨੁਕਸਾਨ ਤੋਂ ਮੁਲਾਜ਼ਮ ਬਚ ਸਕੇਗਾ। ਨਾਲ ਹੀ ਟਰੈਫਿਕ, ਪੀ. ਸੀ. ਆਰ. ਮੁਲਾਜ਼ਮ ਵੀ ਐਮਰਜੈਂਸੀ 'ਚ ਇਸੇ ਰਾਹੀਂ ਛੁੱਟੀ 'ਤੇ ਜਾ ਸਕਦੇ ਹਨ। ਪੁਲਸ ਦੇ ਮੁਤਾਬਕ ਕਈ ਵਾਰ ਵਰਕਲੋਡ ਜ਼ਿਆਦਾ ਹੋਣ ਕਾਰਣ ਅਫਸਰਾਂ ਦੇ ਦਫਤਰਾਂ 'ਚ ਛੁੱਟੀ ਦੇ ਪੇਪਰ ਫਾਈਲਾਂ ਦੇ ਥੱਲੇ ਦੱਬ ਜਾਂਦੇ ਹਨ ਅਤੇ ਮੁਲਾਜ਼ਮ ਛੁੱਟੀ ਹੋਣ ਦੀ ਉਡੀਕ ਕਰਦਾ ਹੈ ਪਰ ਹੁਣ ਸਾਰੇ ਆਸਾਨੀ ਨਾਲ ਛੁੱਟੀ 'ਤੇ ਜਾ ਸਕਣਗੇ।
ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਸਹੂਲਤ ਸ਼ੁਰੂ ਕੀਤੀ ਗਈ ਹੈ। ਕਈ ਵਾਰ ਐਮਰਜੈਂਸੀ ਪੈਣ 'ਤੇ ਮੁਲਾਜ਼ਮ ਉੱਚ ਅਧਿਕਾਰੀਆਂ ਦੇ ਦਫਤਰਾਂ 'ਚ ਆਉਣ ਦੀ ਉਡੀਕ ਕਰਦੇ ਦੇਖੇ ਗਏ ਹਨ ਪਰ ਹੁਣ ਉਹ ਈਮੇਲ ਅਤੇ ਫੈਕਸ ਰਾਹੀਂ ਬਿਨਾਂ ਕਿਸੇ ਟੈਂਸ਼ਨ ਦੇ ਜਾ ਸਕਦੇ ਹਨ।
—ਰਾਕੇਸ਼ ਅਗਰਵਾਲ, ਪੁਲਸ ਕਮਿਸ਼ਨਰ