ਲਾਭਪਾਤਰੀਆਂ ਦਾ ਪੰਜਾਬ ਸਰਕਾਰ ਵਿਰੁੱਧ ਭੜਕਿਆ ਗੁੱਸਾ

Tuesday, Mar 06, 2018 - 01:14 AM (IST)

ਲਾਭਪਾਤਰੀਆਂ ਦਾ ਪੰਜਾਬ ਸਰਕਾਰ ਵਿਰੁੱਧ ਭੜਕਿਆ ਗੁੱਸਾ

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਪਿੰਡ ਉਮਰੀਆਣਾ ਵਿਖੇ 43 ਕੱਟੇ ਗਏ ਨੀਲੇ ਕਾਰਡਾਂ ਕਰ ਕੇ ਲਾਭਪਾਤਰੀਆਂ ਦਾ ਗੁੱਸਾ 7ਵੇਂ ਆਸਮਾਨ 'ਤੇ ਪੁੱਜ ਗਿਆ ਹੈ। ਅੱਜ ਉਨ੍ਹਾਂ ਨੇ ਪਿੰਡ ਦੀ ਪੰਚਾਇਤ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨਵੀਆਂ ਸਹੂਲਤਾਂ ਤਾਂ ਲੋੜਵੰਦਾਂ ਨੂੰ ਕੀ ਦੇਣੀਆਂ ਹਨ, ਸਗੋਂ ਪਹਿਲਾਂ ਚੱਲਦੀਆਂ ਭਲਾਈ ਸਕੀਮਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ, ਜੋ ਲਾਭਪਾਤਰੀਆਂ ਨਾਲ ਸਰਾਸਰ ਧੱਕਾ ਹੈ।  ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀ ਤੇ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਮੇਲ ਸਿੰਘ ਉਮਰੀਆਣਾ, ਗੁਰਸੇਵਕ ਸਿੰਘ, ਕਰਤਾਰ ਸਿੰਘ, ਠਾਣਾ ਸਿੰਘ (ਸਾਰੇ ਪੰਚ) ਡਾ. ਇਕਬਾਲ ਸਿੰਘ ਆਦਿ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਪੜਤਾਲ ਕਰਵਾ ਕੇ ਪ੍ਰਸ਼ਾਸਨ ਨੂੰ ਕਥਿਤ ਤੌਰ 'ਤੇ ਸਿਆਸੀ ਸ਼ਹਿ 'ਤੇ ਕੱਟੇ ਗਏ ਨੀਲੇ ਕਾਰਡਾਂ ਦਾ ਲਾਭ ਮੁੜ ਲਾਭਪਾਤਰੀਆਂ ਨੂੰ ਦਿਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਤੌਰ 'ਤੇ ਲੋੜਵੰਦਾਂ ਨਾਲ ਇਸ ਤਰ੍ਹਾਂ ਦੀ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਲਾਭਪਾਤਰੀਆਂ ਨੂੰ ਇਸ ਸਹੂਲਤ ਦਾ ਲਾਭ ਮੁੜ ਬਹਾਲ ਨਾ ਹੋਇਆ ਤਾਂ ਉਹ ਮਜਬੂਰੀਵੱਸ ਸੰਘਰਸ਼ ਦਾ ਰੁਖ ਅਖਤਿਆਰ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਲਾਭਪਾਤਰੀ ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।


Related News