ਐਲੀਮੈਂਟਰੀ ਟੀਚਰਾਂ ਦੇ ਬ੍ਰਿਜ ਕੋਰਸ ਦੇ ਮਸਲੇ ਲਈ ਸੂਬਾ ਸਰਕਾਰ ਜ਼ਿੰਮੇਵਾਰ : ਪ੍ਰਿੰ. ਬੁੱਧ ਰਾਮ

Tuesday, Mar 19, 2019 - 11:57 AM (IST)

ਐਲੀਮੈਂਟਰੀ ਟੀਚਰਾਂ ਦੇ ਬ੍ਰਿਜ ਕੋਰਸ ਦੇ ਮਸਲੇ ਲਈ ਸੂਬਾ ਸਰਕਾਰ ਜ਼ਿੰਮੇਵਾਰ : ਪ੍ਰਿੰ. ਬੁੱਧ ਰਾਮ

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਹਜ਼ਾਰਾਂ ਐਲੀਮੈਂਟਰੀ ਟੀਚਰਾਂ ਨੇ 6 ਮਹੀਨੇ ਦਾ ਜ਼ਰੂਰੀ ਬ੍ਰਿਜ ਕੋਰਸ ਪੂਰਾ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਦੀਆਂ ਨੌਕਰੀਆਂ 'ਤੇ ਮੰਡਰਾ ਰਹੇ ਖ਼ਤਰੇ ਦਾ ਆਮ ਆਦਮੀ ਪਾਰਟੀ ਨੇ ਗੰਭੀਰ ਨੋਟਿਸ ਲਿਆ ਹੈ।  ਪਾਰਟੀ ਨੇ ਇਸ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਧਿਆਪਕਾਂ ਦੇ ਜੀਵਨ ਨਾਲ ਖਿਲਵਾੜ ਕਰਨ ਦਾ ਦੋਸ਼ ਲਾਇਆ ਹੈ। ਇਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਫ਼ਰਮਾਨ ਨੂੰ ਗੈਰ-ਸੰਵਿਧਾਨਿਕ ਅਤੇ ਅਣਮਨੁੱਖੀ ਕਰਾਰ ਦਿੰਦਿਆਂ  ਪਾਰਟੀ ਦੇ ਵਿਧਾਇਕ ਅਤੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰ. ਬੁੱਧਰਾਮ ਨੇ ਕਿਹਾ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪਹਿਲਾਂ ਅਧਿਆਪਕਾਂ ਨੂੰ ਕੋਰਸ ਨਹੀਂ ਕਰਵਾਇਆ ਅਤੇ ਹੁਣ ਉਨ੍ਹਾਂ ਦੀ ਨੌਕਰੀ ਖੋਹਣ 'ਤੇ ਤੁਲੀਆਂ ਹਨ।

ਦੋਵਾਂ ਸਰਕਾਰਾਂ  ਵਲੋਂ ਪਹਿਲਾਂ ਅਧਿਆਪਕਾਂ ਲਈ ਇਸ ਕੋਰਸ ਦੀ ਮਹੱਤਤਾ ਅਤੇ ਉਸ ਦੀ ਅੰਤਿਮ ਤਰੀਕ ਬਾਰੇ ਕੋਈ ਜਾਣਕਾਰੀ ਨਾ ਦੇਣ ਕਾਰਨ ਅਧਿਆਪਕ ਇਸ ਕੋਰਸ ਨੂੰ ਕਰਨ ਤੋਂ ਵਾਂਝੇ ਰਹਿ ਗਏ ਸਨ।  ਉਨ੍ਹਾਂ ਕਿਹਾ ਕਿ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਇਸ ਕੋਰਸ ਨੂੰ ਅਪ੍ਰੈਲ 2019 ਤੱਕ ਪੂਰਾ ਕਰਨ ਦੇ ਲਏ ਫ਼ੈਸਲੇ ਕਾਰਨ ਹਜ਼ਾਰਾਂ ਅਧਿਆਪਕਾਂ, ਜਿਨ੍ਹਾਂ ਵਿੱਚੋਂ ਮੁੱਖ ਤੌਰ 'ਤੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਹੁਸ਼ਿਆਰਪੁਰ ਜਿਲਿਆਂ ਨਾਲ ਸਬੰਧਿਤ ਹਨ, ਦੀ ਨੌਕਰੀ ਉੱਤੇ ਖ਼ਤਰਾ ਮੰਡਰਾ ਰਿਹਾ ਹੈ। ਸਿੱਖਿਆ ਵਿਭਾਗ ਨੂੰ ਅਜਿਹੇ ਕਾਰਜ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ  ਬੁੱਧ ਰਾਮ ਨੇ ਕਿਹਾ ਕਿ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਇਸ ਦਾ ਠੀਕਰਾ ਅਧਿਆਪਕਾਂ 'ਤੇ ਭੰਨਣ ਦੀ ਥਾਂ ਸਰਕਾਰ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਹੱਲ ਦੀ ਕੋਸ਼ਿਸ਼ ਕਰੇ।


author

Babita

Content Editor

Related News